ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਅਪਣਾਉਣ ’ਤੇ ਜ਼ੋਰ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 17 ਅਕਤੂਬਰ
ਮਹਾਰਿਸ਼ੀ ਵਾਲਮੀਕ ਦਾ ਜਨਮ ਦਿਵਸ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਮੌਕੇਵੱਖ-ਵੱਖ ਥਾਈਂ ਸ਼ੋਭਾ ਯਾਤਰਾ ਕੱਢੀਆਂ ਗਈਆਂ। ਇਸ ਮੌਕੇ ਬੁਲਾਰਿਆਂ ਨੇ ਆਖਿਆ ਕਿ ਸਮਾਜ ਦੀ ਬਿਹਤਰੀ ਲਈ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ ਹੈ। ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਸਮਾਜ ਲਈ ਚਾਨਣ ਮੁਨਾਰਾ ਹਨ ਤੇ ਇਹ ਹਮੇਸ਼ਾ ਦੁਨੀਆਂ ਨੂੰ ਰਾਹ ਵਿਖਾਉਂਦੀਆਂ ਰਹਿਣਗੀਆਂ। ਉਨ੍ਹਾਂ ਨੇ ਅੱਜ ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸੈਕਟਰ 71 (ਪਿੰਡ ਮਟੌਰ), ਸੋਹਾਣਾ ਅਤੇ ਮੌਲੀ ਬੈਦਵਾਣ ਵਿੱਚ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਮਹਾਂਰਿਸ਼ੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਸਾਰੀਆਂ ਥਾਵਾਂ ’ਤੇ ਲੰਗਰ ਵੀ ਲਾਏ ਗਏ।
ਲਾਲੜੂ (ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਲੜੂ ਵਿੱਚ ਸਮਾਗਮ ਮੌਕੇ ਹਾਜ਼ਰੀ ਲਵਾਈੇ। ਇਸ ਮੌਕੇ ਉਨ੍ਹਾਂ ਨੇ ਨਵੇਂ ਬਣੇ ਵਾਲਮੀਕਿ ਭਵਨ ਦਾ ਉਦਘਾਟਨ ਵੀ ਕੀਤਾ ਗਿਆ। ਰੰਧਾਵਾ ਨੇ ਆਪਣੇ ਸੰਬੋਧਨ ‘ਚ ਮਹਾਰਿਸ਼ੀ ਭਗਵਾਨ ਵਾਲਮੀਕਿ ਦੀ ਰਚਨਾ ਰਾਮਾਇਣ ਦੇ ਮਾਰਗ ‘ਤੇ ਚੱਲਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਦੇ ਜਨਮ ਦਿਹਾੜੇ ਮੌਕੇ ਭਗਵਾਨ ਸ੍ਰੀ ਵਾਲਮੀਕਿ ਮੰਦਰ ਕਮੇਟੀ ਗਊਸ਼ਾਲਾ ਰੋਡ ਵੱਲੋਂ ਪ੍ਰਧਾਨ ਡੈਨੀ ਪਾਰਚਾ ਅਤੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਦੀ ਅਗਵਾਈ ਹੇਠ ਰਹਿਨਮਾਈ ਹੇਠ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ’ਚ ਲਵ ਕੁਸ਼ ਅਤੇ ਭਗਵਾਨ ਵਾਲਮੀਕਿ ਦੀ ਝਾਕੀ ਸਜਾਈ ਗਈ, ਜਿਸ ਦਾ ਲੋਕਾਂ ਨੇ ਸ਼ਹਿਰ ਦੇ ਬਜ਼ਾਰਾਂ ਵਿੱਚ ਸਵਾਗਤ ਕੀਤਾ
ਖਰੜ (ਪੱਤਰ ਪ੍ਰੇਰਕ): ਖਰੜ ਦੇ ਵਾਲਮੀਕ ਭਾਈਚਾਰੇ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਰਿਸ਼ੀ ਵਾਲਮੀਕ ਦੇ ਜਨਮ ਦਿਵਸ ਮੌਕੇ ਸਜਾਈ ਸ਼ੋਭਾ ਯਾਤਰਾ ਨੂੰ ਵਿਧਾਇਕ ਅਨਮੋਲ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ ਤੇ ਨਗਰ ਕੌਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੇ ਰਵਾਨਾ ਕੀਤਾ। ਇਹ ਸ਼ੋਭਾ ਯਾਤਰਾ ਖਰੜ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਵਾਪਸ ਪਰਤੀ। ਇਸ ਤੋਂ ਪਹਿਲਾਂ ਜੋਧਾ ਸਿੰਘ ਤੇ ਪ੍ਰਧਾਨ ਲੌਂਗੀਆ ਨੇ ਵਾਲਮੀਕ ਧਰਮਸ਼ਾਲਾ ਦੀ ਪਹਿਲੀ ਮੰਜ਼ਿਲ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਗਿਆ।
ਮੋਰਿੰਡਾ (ਪੱਤਰ ਪ੍ਰੇਰਕ): ਮਹਾਂਰਿਸ਼ੀ ਵਾਲਮੀਕਿ ਸਭਾ ਮੋਰਿੰਡਾ ਵੱਲੋਂ ਕਰਵਾਏ ਸਮਾਗਮ ਮੌਕੇ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਸਮੂਹ ਸੰਗਤ ਨੂੰ ਵਾਲਮੀਕਿ ਜਯੰਤੀ ਦੀ ਵਧਾਈ ਦਿੱਤੀ। ਇਸ ਮੌਕੇ ਸਭਾ ਦੇ ਪ੍ਰਧਾਨ ਹਰੀਪਾਲ ਤੇ ਕੌਂਸਲਰ ਰਿੰਪੀ ਕੁਮਾਰ ਤੇ ਸ਼ਹਿਰ ਵਾਸੀ ਹਾਜ਼ਰ ਸਨ।
ਮੁੱਲਾਂਪੁਰ ਗਰੀਬਦਾਸ (ਪੱਤਰ ਪੇ੍ਰਕ): ਵਾਲਮੀਕ ਪ੍ਰਗਟ ਦਿਵਸ ਮੌਕੇ ਅੱਜ ਪਿੰਡ ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ ਵਿੱਚ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਸ਼ੋਭਾ ਯਾਤਰਾਵਾਂ ਦਾ ਪਿੰਡਾਂ ਦੇ ਲੋਕਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਨਵਾਂ ਗਰਾਉਂ ਦੀਆਂ ਵੱਖ-ਵੱਖ ਕਲੋਨੀਆਂ, ਪੈਂਤਪੁਰ, ਕੰਸਾਲਾ, ਮੁੱਲਾਂਪੁਰ ਗਰੀਬਦਾਸ ਆਦਿ ਵਿੱਚ ਵਾਲਮੀਕ ਭਾਈਚਾਰੇ ਵੱਲੋਂ ਲੰਗਰ ਲਗਾਏ ਗਏ। ਬੱਚਿਆਂ ਨੇ ਆਪਣੇ ਘਰਾਂ ਵਿੱਚ ਜੋਤਾਂ ਬਾਲ ਕੇ ਖੁਸ਼ੀ ਦਾ ਇਜ਼ਹਾਰ ਕੀਤਾ।