ਨੌਜਵਾਨਾਂ ਨੂੰ ਸਿੱਖ ਵਿਰਾਸਤ ਨਾਲ ਜੋੜਨ ’ਤੇ ਜ਼ੋਰ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਤਿਸਰ, 9 ਨਵੰਬਰ
ਸਿੱਖ ਫੋਰਮ ਅਤੇ ਹਵਾਰਾ ਕਮੇਟੀ ਵਲੋਂ ਨੌਜਵਾਨ ਵਿਦਿਆਰਥੀਆਂ ਨੂੰ ਸਿੱਖ ਵਿਰਾਸਤ ਨਾਲ ਜੋੜਨ ਲਈ ਸਾਹਿਬਜ਼ਾਦਿਆਂ ਦੀ ਸ਼ਹਾਦਤ ’ਤੇ ਸੈਮੀਨਾਰ ਕਰਵਾਇਆ ਗਿਆ। ਮਾਈ ਭਾਗੋ ਪੋਲੀਟੈਕਨਿਕ ਸਰਕਾਰੀ ਕਾਲਜ ਵਿਖੇ ਕਰਵਾਏ ਗਏ ਸੈਮੀਨਾਰ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਕੁੰਵਰ ਵਜਿੈ ਪ੍ਰਤਾਪ ਸਿੰਘ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਧਰਮ ਅਤੇ ਲੋਕ ਭਲਾਈ ਕਾਰਜਾਂ ਨਾਲ ਜੋੜਨਾ ਜ਼ਰੂਰੀ ਹੈ। ਨੌਜਵਾਨਾਂ ਨੂੰ ਕੌਮ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਨਵੇਂ ਸਮਾਜ ਦੀ ਸਿਰਜਣਾ ਕਰਨ ਵਿੱਚ ਅੱਗੇ ਆਉਣਾ ਚਾਹੀਦਾ ਹੈ। ਸਿੱਖ ਫੋਰਮ ਦੇ ਮੁਖੀ ਪ੍ਰੋ.ਹਰੀ ਸਿੰਘ ਨੇ ਵਿੱਦਿਆ ਦੇ ਨਾਲ ਨਾਲ ਧਾਰਮਿਕ ਗਿਆਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ.ਬਲਜਿੰਦਰ ਸਿੰਘ ਨੇ ਕਿਹਾ ਕਿ ਸਰਹੰਦ ਦੀ ਦੀਵਾਰ ਬੋਲਦੀ ਅਤੇ ਸੁਣਦੀ ਵੀ ਹੈ। ਇਹ ਦੀਵਾਰ ਜ਼ੁਲਮ ਅੱਗੇ ਨਾ ਝੁਕਣ, ਧਰਮ ਦੇ ਨਿਆਰੇਪਨ, ਸੱਚ, ਲਾਲਚ ਵਿੱਚ ਨਾ ਆਉਣ ਆਦਿ ਦਾ ਸੁਨੇਹਾ ਦਿੰਦੀ ਹੈ। ਕਾਲਜ ਦੇ ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ ਨੇ ਮਹਿਮਾਨਾਂ ਨੂੰ ਸਨਮਾਨਤਿ ਕੀਤਾ।