For the best experience, open
https://m.punjabitribuneonline.com
on your mobile browser.
Advertisement

ਕੁਦਰਤੀ ਆਫ਼ਤਾਂ ਲਈ ਏਕੜ ਨੂੰ ਇਕਾਈ ਮੰਨ ਕੇ ਮੁਆਵਜ਼ਾ ਦੇਣ ’ਤੇ ਜ਼ੋਰ

11:28 AM Apr 07, 2024 IST
ਕੁਦਰਤੀ ਆਫ਼ਤਾਂ ਲਈ ਏਕੜ ਨੂੰ ਇਕਾਈ ਮੰਨ ਕੇ ਮੁਆਵਜ਼ਾ ਦੇਣ ’ਤੇ ਜ਼ੋਰ
ਕਿਰਤੀ ਕਿਸਾਨ ਯੂਨੀਅਨ ਦੇ ਇਜਲਾਸ ਮੌਕੇ ਹਰਦੇਵ ਸਿੰਘ ਸੰਧੂ ਤੇ ਹੋਰ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਅਪਰੈਲ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਕਮੇਟੀ ਲੁਧਿਆਣਾ ਦੀ ਅਗਵਾਈ ’ਚ ਕਸਬਾ ਹਠੂਰ ਵਿੱਚ ਇਲਾਕਾ ਪੱਧਰੀ ਡੈਲੀਗੇਟ ਇਜਲਾਸ ਹੋਇਆ। ਇਸ ’ਚ ਥਾਣਾ ਹਠੂਰ ਨਾਲ ਸਬੰਧਤ ਪਿੰਡਾਂ ਦੀਆਂ ਕਮੇਟੀਆਂ ਵੱਲੋਂ ਚੁਣੇ ਹੋਏ ਡੈਲੀਗੇਟ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਦੀ ਚੋਣ ਉਪਰੰਤ ਸ਼ਹੀਦਾਂ ਨੂੰ ਸ਼ਰਧਂਜਲੀ ਭੇਟ ਕੀਤੀ ਗਈ।
ਇਜਲਾਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਅੱਜ ਦੀ ਰਾਜਨੀਤਕ ਸਥਿਤੀ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੱਜ ਦਾ ਮਾਹੌਲ ਦਰਸਾਉਂਦਾ ਹੈ ਕਿ ਨਿਰਸਵਾਰਥ ਸੇਵਾ ਭਾਵ ਵਾਲੇ ਆਗੂਆਂ ਦੀ ਅਗਵਾਈ ’ਚ ਚੱਲ ਰਹੀ ਕਿਸਾਨ ਜਥੇਬੰਦੀ ਹੀ ਲੋਕਾਂ ਦਾ ਸਹਾਰਾ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੂੰ ਮਾਣ ਹੈ ਕਿ ਜਦੋਂ ਤੋਂ ਇਹ ਹੋਂਦ ’ਚ ਆਈ ਹੈ ਇਹ ਹਮੇਸ਼ਾ ਲੋਕਾਂ ਦੇ ਅੰਗ ਸੰਗ ਰਹੀ ਹੈ। ਇਸ ਜਥੇਬੰਦੀ ਉੱਪਰ ਕਦੇ ਵੀ ਘਪਲੇ ਦਾ ਦੋਸ਼ ਨਹੀਂ ਲੱਗਿਆ, ਜਿਸ ਦਾ 50 ਸਾਲਾਂ ਦਾ ਇਤਿਹਾਸ ਗਵਾਹ ਹੈ। ਅੱਜ ਜ਼ਰੂਰੀ ਹੈ ਕਿ ਹਰ ਪਿੰਡ ਦੇ ਕਿਸਾਨ ਔਰਤਾਂ ਮਰਦ ਇਸ ਜਥੇਬੰਦੀ ਦਾ ਹਿੱਸਾ ਬਣਨ। ਅਜੋਕੀ ਸਿਆਸਤ ਅਤੇ ਆਗੂਆਂ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਰਾਤ ਨੂੰ ਸੌਣ ਲੱਗੇ ਜਿਸ ਪਾਰਟੀ ਨੂੰ ਬੁਰਾ ਭਲਾ ਬੋਲਦੇ ਹਨ ਸਵੇਰੇ ਉੱਠਣ ’ਤੇ ਉਸੇ ਪਾਰਟੀ ’ਚ ਸ਼ਾਮਲ ਹੋ ਜਾਂਦੇ ਹਨ। ਇਸ ਮੌਕੇ 21 ਮਈ ਦੀ ਜਗਰਾਉਂ ਮੰਡੀ ’ਚ ਹੋਣ ਵਾਲੀ ਕਿਸਾਨ ਮਹਾ ਪੰਚਾਇਤ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦਾ ਫ਼ੈਸਲਾ ਹੋਇਆ। ਇਸ ਮੌਕੇ ਪਾਸ ਮਤਿਆਂ ’ਚ ਮੰਗ ਕੀਤੀ ਗਈ ਕਿ ਸਾਰੀਆਂ ਕਿਸਾਨੀ ਜਿਣਸਾਂ ਦੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਖਰੀਦ ਹੋਵੇ, ਫ਼ਸਲਾਂ ’ਤੇ ਐੱਮਐੱਸਪੀ ’ਤੇ ਖਰੀਦ ਦੀ ਗਾਰੰਟੀ, ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ, ਕੁਦਰਤੀ ਆਫਤਾਂ ਸਮੇਂ ਏਕੜ ਨੂੰ ਇਕਾਈ ਮੰਨ ਕੇ ਪੂਰਾ ਮੁਆਵਜ਼ਾ ਦੇਣ ਲਈ ਕਾਨੂੰਨ ਬਣਾਇਆ ਜਾਵੇ, ਹਰੇਕ ਕਿਸਾਨ ਮਜ਼ਦੂਰ ਔਰਤ ਮਰਦ ਨੂੰ ਦਸ ਹਜ਼ਾਰ ਰੁਪਏ ਬੁਢਾਪਾ ਪੈਨਸ਼ਨ ਦਿੱਤੀ ਜਾਵੇ, ਦਿੱਲੀ ਮੋਰਚੇ ਸਮੇਂ ਕੀਤੇ ਲਿਖਤੀ ਵਾਅਦੇ ਅਨੁਸਾਰ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾਣ। ਇਜਲਾਸ ’ਚ ਸ਼ਾਮਲ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਪ੍ਰਧਾਨ ਜਗਸੀਰ ਸਿੰਘ ਚੱਕ ਭਾਈਕੇ, ਸਕੱਤਰ ਦਲਜੀਤ ਸਿੰਘ ਰਾਜੂ, ਖਜ਼ਾਨਚੀ ਪਰਮਜੀਤ ਸਿੰਘ ਮੱਲ੍ਹਾ ਸਮੇਤ 13 ਮੈਂਬਰੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ।

Advertisement

Advertisement
Author Image

sukhwinder singh

View all posts

Advertisement
Advertisement
×