ਨੌਜਵਾਨਾਂ ਦੇ ਹੁਨਰ ਵਿਕਾਸ ’ਤੇ ਦਿੱਤਾ ਜਾ ਰਿਹਾ ਹੈ ਜ਼ੋਰ: ਸੌਂਦ
ਗਗਨਦੀਪ ਅਰੋੜਾ
ਲੁਧਿਆਣਾ, 2 ਨਵੰਬਰ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਭਗਵਾਨ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ ਭਗਵਾਨ ਵਿਸ਼ਵਕਰਮਾ ਦੇ ਮੰਦਰ ਵਿੱਚ ਮੱਥਾ ਟੇਕਿਆ। ਇੱਥੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਧਰਤੀ ’ਤੇ ਸ਼ਿਲਪਕਾਰੀ, ਦਸਤਕਾਰੀ ਤੇ ਭਵਨ ਨਿਰਮਾਣ ਦੀ ਸਿਰਜਣਾ ਦਾ ਸਿਹਰਾ ਭਗਵਾਨ ਵਿਸ਼ਵਕਰਮਾ ਨੂੰ ਜਾਂਦਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਸੂਬੇ ਭਰ ਦੇ ਨੌਜਵਾਨਾਂ ਲਈ ਹੁਨਰ ਵਿਕਾਸ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਭਗਵਾਨ ਵਿਸ਼ਵਕਰਮਾ ਦੇ ਸਿਧਾਂਤਾਂ ਅਤੇ ਸਿੱਖਿਆਵਾਂ ਅਨੁਸਾਰ ਮਾਣ ਤੇ ਸਵੈ-ਮਾਣ ਵਾਲਾ ਜੀਵਨ ਜਿਊਣ ਦੇ ਸਮਰੱਥ ਬਣਾਉਣਾ ਹੈ। ਕੈਬਨਿਟ ਮੰਤਰੀ ਸ੍ਰੀ ਸੌਂਦ ਨੇ ਮੰਦਰ ਲਈ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਅਤੇ ਲੰਬਿਤ ਕੰਮਾਂ ਨੂੰ ਪੂਰਾ ਕਰਨ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਉਨ੍ਹਾਂ ਉੱਘੇ ਉਦਯੋਗਪਤੀਆਂ ਦਾ ਸਨਮਾਨ ਵੀ ਕੀਤਾ। ਲੋਕਾਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਸੌਂਦ ਨੇ ਕਿਹਾ ਕਿ ਸੂਬੇ ਵਿੱਚ ਹੁਨਰ ਵਿਕਾਸ ਨੂੰ ਸਮਰਥਨ ਦੇਣਾ ਭਗਵਾਨ ਵਿਸ਼ਵਕਰਮਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਪੰਜਾਬੀ ਨੌਜਵਾਨਾਂ ਨੂੰ ਨੌਕਰੀਆਂ ਦੇ ਨਵੇਂ ਮੌਕੇ ਹਾਸਲ ਕਰਨ ਲਈ ਆਪਣੀ ਕਾਬਲੀਅਤ ਅਤੇ ਪੇਸ਼ੇਵਰ ਹੁਨਰ ਨੂੰ ਨਿਖਾਰਨ ਦੀ ਅਪੀਲ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੀ ਮੰਦਰ ਵਿੱਚ ਨਤਮਸਤਕ ਹੋਏ। ਇਸ ਮੌਕੇ ਕੈਬਨਿਟ ਮੰਤਰੀ ਨੇ ਅਵਤਾਰ ਸਿੰਘ ਵਿਰਦੀ, ਰਘਬੀਰ ਸਿੰਘ ਸੈਂਭੀ, ਜਗੀਰ ਸਿੰਘ, ਪਰਮਜੀਤ ਸਿੰਘ, ਸੰਦੀਪ ਸਿੰਘ, ਗੁਰਮੁੱਖ ਸਿੰਘ, ਹਰਸ਼ਰਨ ਸਿੰਘ, ਹਰਵਿੰਦਰ ਸਿੰਘ ਹੁੰਜਣ, ਜਤਿੰਦਰ ਸਿੰਘ ਵਿਰਦੀ, ਹਰਨੇਕ ਸਿੰਘ ਸੌਂਦ, ਤਲਵਿੰਦਰ ਸਿੰਘ ਸਮੇਤ ਕਈ ਉੱਘੇ ਉਦਯੋਗਪਤੀਆਂ ਨੂੰ ਸਨਮਾਨਿਤ ਵੀ ਕੀਤਾ। ਭੁਪਿੰਦਰ ਸਿੰਘ ਸੈਂਭੀ ਨੂੰ ਵਿਸ਼ਵਕਰਮਾ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਰਣਜੀਤ ਕੁਮਾਰ ਸੱਲ੍ਹ, ਜਨਰਲ ਸਕੱਤਰ ਅਸ਼ੀਸ਼ ਧੀਮਾਨ ਸੱਲ੍ਹ ਆਦਿ ਹਾਜ਼ਰ ਸਨ।
ਮੰਤਰੀ ਵੱਲੋਂ ਬਾਬਾ ਵਿਸ਼ਵਕਰਮਾ ਦੇ ਬੁੱਤ ਦਾ ਉਦਘਾਟਨ
ਲੁਧਿਆਣਾ (ਗੁਰਿੰਦਰ ਸਿੰਘ): ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਕਿਰਤੀਆਂ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਗਿੱਲ ਰੋਡ ਸਥਿਤ ਵਿਸ਼ਵਕਰਮਾ ਪਾਰਕ ’ਚ ਸੂਬਾ ਪੱਧਰੀ ਸਮਾਗਮ ਕਰ ਕੇ ਮਨਾਇਆ ਗਿਆ, ਜਿਸ ਵਿੱਚ ਵੱਖ ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਇਸ ਮੌਕੇ ਬਾਬਾ ਵਿਸ਼ਵਕਰਮਾ ਦਾ ਬੁੱਤ ਵੀ ਸਥਾਪਤ ਕੀਤਾ। ਇਹ ਸਮਾਗਮ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਰਣਜੀਤ ਸਿੰਘ ਮਠਾੜੂ ਅਤੇ ਮੁੱਖ ਪ੍ਰਬੰਧਕ ਸਕੱਤਰ ਜਨਰਲ ਰੇਸ਼ਮ ਸਿੰਘ ਸੱਗੂ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਸੀ। ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਅਮਰੀਕ ਸਿੰਘ ਘੜਿਆਲ, ਚਰਨਜੀਤ ਸਿੰਘ ਵਿਸ਼ਵਕਰਮਾ, ਇੰਦਰਜੀਤ ਸਿੰਘ ਨਵਯੁਗ, ਗੁਰਚਰਨ ਸਿੰਘ ਜੈਮਕੋ, ਅਮਰਜੀਤ ਸਿੰਘ ਸਿਆਣ, ਅਮਰੀਕ ਸਿੰਘ ਜੈਮਲ, ਪ੍ਰਿਤਪਾਲ ਸਿੰਘ ਖੁਰਲ, ਰਾਜਿੰਦਰ ਸਿੰਘ ਸਰਹਾਲੀ, ਬਲਜੀਤ ਸਿੰਘ ਗਹੀਰ ਅਤੇ ਰਣਧੀਰ ਸਿੰਘ ਦਹੇਲੇ ਨੂੰ ਬਾਬਾ ਵਿਸ਼ਵਕਰਮਾ ਐਵਾਰਡ ਦਿੱਤਾ ਗਿਆ। ਉਨ੍ਹਾਂ ਇਸ ਮੌਕੇ ਕਿਰਤੀ ਭਾਈਚਾਰੇ ਨੂੰ ਵਧਾਈ ਦਿੰਦਿਆਂ ਲੁਧਿਆਣਾ ਵਿੱਚ ਬਾਬਾ ਵਿਸ਼ਕਰਮਾ ਦੀ ਢੁੱਕਵੀਂ ਯਾਦਗਾਰ ਬਣਾਉਣ ਦਾ ਐਲਾਨ ਵੀ ਕੀਤਾ।