ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਮਰਾਟ ਅਸ਼ੋਕ ਦੇ ਕਾਲਿੰਗਾ ਦੁਆਲੇ ਦੋ ਦਿਨ

06:36 AM Jul 02, 2023 IST

ਯਸ਼ਪਾਲ ਮਾਨਵੀ

ਸੈਰ ਸਫ਼ਰ

ਕੋਨਾਰਕ, ਪੁਰੀ ਤੇ ਚਿਲਿਕਾ ਝੀਲ ਦੇ ਟੂਰ ਤੋਂ ਬਾਅਦ ਟੈਕਸੀ ਰਾਹੀਂ ਕੋਨਾਰਕ ਤੋਂ ਤਕਰੀਬਨ 70 ਕਿਲੋਮੀਟਰ ਦੂਰ ਭੁਬਨੇਸ਼ਵਰ ਪਹੁੰਚ ਗਏ। ਮਹਾਰਾਜਾ ਅਸ਼ੋਕ ਨੇ ਇਸ ਇਲਾਕੇ ਵਿੱਚ ਹੀ ਕਾਲਿੰਗਾ ਦਾ ਭਿਆਨਕ ਯੁੱਧ ਲੜਿਆ ਸੀ। ਉਹ ਖ਼ੂਨ ਪਰਾਬੇ ਤੋਂ ਇਸ ਕਦਰ ਝੰਜੋੜਿਆ ਗਿਆ ਕਿ ਉਸ ਨੇ ਬੁੱਧ ਮੱਤ ਧਾਰਨ ਕਰ ਲਿਆ। ਇਤਿਹਾਸ ਦੇ ਇਨ੍ਹਾਂ ਅਹਿਮ ਪੜਾਵਾਂ ਦੇ ਸਬੂਤ ਪੋਲਗਿਰੀ ਵਿੱਚ ਦੇਖੇ ਜਾ ਸਕਦੇ ਹਨ। ਭੁਬਨੇਸ਼ਵਰ ਦੇ ਬਾਹਰਲੇ ਪਾਸੇ ਦਇਆ (ਮਹਾਂਨਦੀ ਦੀ ਸਹਾਇਕ ਨਦੀ) ਨਦੀ ਕਿਨਾਰੇ 261 ਈਸਾ ਪੂਰਵ ਭਾਵ 2080 ਸਾਲ ਪਹਿਲਾਂ ਕਾਲਿੰਗਾ ਦਾ ਯੁੱਧ ਹੋਇਆ ਸੀ। ਇਸ ਦੇ ਪ੍ਰਭਾਵ ਦਾ ਹਵਾਲਾ ਧੌਲਗਿਰੀ ਵਿੱਚ ਚੱਟਾਨ ’ਤੇ ਲਿਖੇ ਅਸ਼ੋਕ ਦੇ ਫੁਰਮਾਨਾਂ ਤੋਂ ਮਿਲਦਾ ਹੈ। ਇਨ੍ਹਾਂ ਦੀ ਭਾਸ਼ਾ ਮਗਧੀ ਅਤੇ ਲਿੱਪੀ ਪੂਰਵਲੀ ਬ੍ਰਹਮੀ ਹੈ। ਇਸ ਚੱਟਾਨ ਦੀ ਲਿਖਤ ਨੂੰ ਲੋਹੇ ਦੇ ਮਜ਼ਬੂਤ ਜੰਗਲੇ ਨਾਲ ਸੰਭਾਲਿਆ ਗਿਆ ਹੈ। ਇਸ ਦੇ ਉੱਪਰ ਪਹਾੜੀ ਵਿੱਚ ਹਾਥੀ ਦਾ ਚਿਹਰਾ ਬਣਾਇਆ ਗਿਆ ਹੈ। ਪਹਾੜੀ ਨੂੰ ਉੱਪਰ ਸੁੰਦਰ ਪਾਰਕ ਵਿੱਚ ਬਦਲਿਆ ਗਿਆ ਹੈ। ਇਸ ਤੋਂ ਉੱਪਰ ਸ਼ਾਨਦਾਰ ਸ਼ਾਂਤੀ ਸਰੂਪ ਹੈ ਜਿਸ ਤੋਂ ਬਾਕੀ ਭੁਬਨੇਸ਼ਵਰ ਅਤੇ ਨਦੀ ਦਾ ਨਜ਼ਾਰਾ ਉੱਚਾਈ ਕਾਰਨ ਖ਼ੂਬ ਦਿਸਦਾ ਹੈ। ਇਹ ਜਪਾਨੀ ਬੋਧੀ ਭਿਕਸ਼ੂਆਂ ਨੇ ਖਡ਼੍ਹਾ ਕੀਤਾ ਸੀ ਪਰ ਲੋਕ ਹੁਣ ਇਸ ਰਮਣੀਕ ਜਗ੍ਹਾ ਨੂੰ ਇਉਂ ਮਾਣ ਰਹੇ ਹਨ ਜਿਵੇਂ ਪਿਕਨਿਕ ਮਨਾ ਰਹੇ ਹੋਣ। ਬੁੱਧ ਅਤੇ ਉਨ੍ਹਾਂ ਦੇ ਜੀਵਨ ਦੀਆਂ ਝਲਕੀਆਂ ਸਤੂਪ ਦੀਆਂ ਦੀਵਾਰਾਂ ਉੱਤੇ ਮੂਰਤੀਆਂ ਦੇ ਰੂਪ ਵਿੱਚ ਉੱਕਰੀਆਂ ਹਨ।
ਭੁਬਨੇਸ਼ਵਰ ਦਾ ਨਾਂ ਤ੍ਰਿਬਨੇਸ਼ਵਰ ਤੋਂ ਲਿਆ ਗਿਆ ਹੈ ਜਿਸ ਦਾ ਭਾਵ ਹੈ ਤਿੰਨ ਦੁਨੀਆਂ ਦਾ ਮਾਲਕ, ਭਾਵੇਂ ਇਹ ਸ਼ਹਿਰ ਪਹਿਲੀ ਸਦੀ ਵਿੱਚ ਵਸਾਇਆ ਗਿਆ, ਪਰ ਇਸ ਅਤੇ ਇਸ ਦੇ ਦੁਆਲੇ ਦੇ ਖੇਤਰ ਦਾ ਇਤਿਹਾਸ 300 ਈਸਾ ਪੂਰਵ ਤੋਂ ਵੀ ਪਹਿਲਾਂ ਤੱਕ ਜਾਂਦਾ ਹੈ। 15 ਅਗਸਤ 1949 ਵਿੱਚ ਕੰਟਕ ਦੀ ਥਾਂ ਉਡ਼ੀਸਾ ਰਾਜ ਬਣ ਗਿਆ। ਜਰਮਨ ਭਵਨ ਨਿਰਮਾਣ ਕਲਾ ਮਾਹਿਰ ਓਟ ਕਨਿਬਗਰ ਨੇ ਇਸ ਦਾ ਡਿਜ਼ਾਈਨ 1910 ਵਿੱਚ ਬਣਾਇਆ ਸੀ। ਭੁਬਨੇਸ਼ਵਰ ਸੂਬੇ ਦੀ ਰਾਜਧਾਨੀ ਹੈ।
ਭੁੁਬਨੇਸ਼ਵਰ ਵਿੱਚ ਭਗਵਾਨ ਸ਼ਿਵ ਦਾ ਲਿੰਗਰਾਜ ਮੰਦਰ 11ਵੀਂ ਸਦੀ ਵਿੱਚ ਬਣਿਆ ਸੀ ਜੋ ਬਹੁਤ ਪ੍ਰਸਿੱਧ ਹੈ। ਕੈਮਰੇ ਬਾਹਰ ਹੀ ਰਖਾ ਲਏ ਜਾਂਦੇ ਹਨ। ਇਸ ਲਈ ਅੰਦਰ ਦੇ ਦ੍ਰਿਸ਼ ਕੇਵਲ ਦਿਮਾਗ਼ ਦੀ ਯਾਦ ਸ਼ਕਤੀ ਵਿੱਚ ਹੀ ਸੁਰਜੀਤ ਕੀਤੇ ਜਾ ਸਕਦੇ ਹਨ। ਮੰਦਰਾਂ ਦੇ ਇਸ ਸ਼ਹਿਰ ਵਿੱਚ ਇਹ 51 ਮੀਟਰ/110 ਫੁੱਟ ਉੱਚਾ ਲਿੰਗਰਾਜ ਮੰਦਰ ਹੈ। ਕੱਤਕ ਦੇ ਮਹੀਨੇ ਵਿੱਚ ਸ਼ਰਧਾਲੂਆਂ ਦੀ ਬਹੁਤ ਵੱਡੀ ਕਤਾਰ ਬਣੀ ਹੋਈ ਸੀ। ਅੰਗਰੇਜ਼ ਇਤਿਹਾਸਕਾਰ ਜੇਮਸ ਫਰਗੂਸਨ ਇਸ ਨੂੰ ਮੰਦਰ ਨਿਰਮਾਣ ਕਲਾ ਦੀ ਬਿਹਤਰੀਨ ਮਿਸਾਲ ਮੰਨਦਾ ਹੈ। ਮੰਦਰ ਨੂੰ ਚਾਰ ਮੁੱਖ ਹਾਲਾਂ ਵਿੱਚ ਵੰਡਿਆ ਜਾ ਸਕਦਾ ਹੈ: ਗਰਭ-ਗ੍ਰਹਿ, ਪ੍ਰਾਰਥਨਾ ਹਾਲ, ਨਾਟ ਮੰਡਪ (ਨੱਚਣ ਅਤੇ ਸੰਗੀਤ) ਅਤੇ ਭੋਗ ਮੰਡਪ (ਜਿੱਥੇ ਸ਼ਰਧਾਲੂਆਂ ਨੂੰ ਚਡ਼੍ਹਾਉਣ ਲਈ ਭੋਗ/ਪ੍ਰਸਾਦ ਮਿਲਦਾ ਹੈ।
ਉਡ਼ੀਸਾ ਵਿੱਚ ਰਤਨਾਗਿਰੀ, ਲਲਿਤਗਿਰੀ, ਉਦੈਗਿਰੀ ਅਤੇ ਖੇਡਗਿਰੀ ਨੂੰ ਦੇਖ ਕੇ ਇੱਥੇ ਬੁੱਧ ਧਰਮ ਦੀ ਚੜ੍ਹਦੀ ਕਲਾ ਅਹਿਸਾਸ ਹਰ ਹੀਲੇ ਹੋ ਜਾਂਦਾ ਹੈ। ਇੱਥੇ ਬੁੱਧ ਧਰਮ ਦਾ ਪਸਾਰ ਰਾਜਾ ਅਸ਼ੋਕ ਦੇ ਕਲਿੰਗਾ ਯੁੱਧ ਭਾਵ 261 ਈਸਾ ਪੂਰਵ ਤੋਂ ਬਾਅਦ ਹੋਇਆ। ਪੱਥਰ ਉੱਤੇ ਉੱਕਰਿਆ ਸ਼ਿਲਾਲੇਖ ਅਸ਼ੋਕ ਦੇ ਰਾਜ ਧਰਮ ਦੀ ਅਹਿਮ ਉਦਾਹਰਣ ਹੈ। ਚੀਨੀ ਯਾਤਰੀ ਹਿਊਨਸਾਂਗ ਨੇ ਉੜੀਸਾ ਦੀ ਯਾਤਰਾ 638-39 ਈਸਵੀ ਵਿੱਚ ਕੀਤੀ ਸੀ। ਗਿਆਰ੍ਹਵੀਂ ਸਦੀ ਤੋਂ ਬਾਅਦ ਬੁੱਧ ਧਰਮ ਸ਼ਾਹੀ ਸਰਪ੍ਰਸਤੀ ਨਾ ਮਿਲਣ ਕਾਰਨ ਲਗਭਗ ਅਲੋਪ ਹੋ ਗਿਆ।
ਬੁੱਧ ਧਰਮ ਦੇ ਅਹਿਮ ਸਥਾਨਾਂ ਵਿੱਚੋਂ ਰਤਨਾਗਿਰੀ ਦੀ ਹੋਰਾਂ ਦੇ ਮੁਕਾਬਲੇ ਵੱਧ ਚੰਗੀ ਤਰ੍ਹਾਂ ਖੁਦਾਈ ਕੀਤੀ ਗਈ ਹੈ। ਇਹ ਨਾਲੰਦਾ ਦੀ ਸ਼ਰੀਕ ਸੀ। ਮੱਠ ਦਾ ਦਰਵਾਜ਼ਾ ਬੇਹੱਦ ਕਲਾਤਮਕ ਹੈ। ਸਿਰਫ਼ ਇਸੇ ਮੱਠ ਦੀ ਛੱਤ ਤਿਰਛੀ ਸੀ। ਇੱਥੇ ਬੁੱਧ ਧਰਮ, ਭਵਨ ਨਿਰਮਾਣ ਅਤੇ ਕਲਾ ਨੇ ਪੰਜਵੀਂ ਸਦੀ ਈਸਵੀ ਤੋਂ ਲੈ ਕੇ ਬਾਰ੍ਹਵੀਂ ਸਦੀ ਤੱਕ ਆਪਣਾ ਨਿਵੇਕਲਾ ਵਿਕਾਸ ਤੱਕਿਆ। ਬੁੱਤਾਂ ਅਤੇ ਸ਼ਿਲਾਲੇਖਾਂ ਤੋਂ ਪਤਾ ਲੱਗਦਾ ਹੈ ਕਿ ਰਤਨਾਗਿਰੀ ਵਿੱਚ ਬੁੱਧ ਧਰਮ ਦੀ ਸਥਾਪਨਾ ਪੰਜਵੀਂ ਸਦੀ ਵਿੱਚ ਸ਼ੁਰੂ ਹੋ ਕੇ 11ਵੀਂ ਸਦੀ ਤੱਕ ਜਾਂਦੀ ਹੈ। ਰਤਨਾਗਿਰੀ ਤੋਂ ਮਿਲੀਆਂ ਮੂਰਤੀਆਂ ਅਤੇ ਵਸਤੂਆਂ ਦੀ ਸੰਭਾਲ ਲਈ ਖ਼ੂਬਸੂਰਤ ਅਜਾਇਬਘਰ ਵੀ ਬਣਿਆ ਹੋਇਆ ਹੈ ਜਿਸ ਦੀਆਂ ਚਾਰ ਗੈਲਰੀਆਂ ਹਨ। ਇਸ ਵਿੱਚ 252 ਪੁਰਾਤੱਤਵ ਵਸਤੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਜਦੋਂਕਿ 3540 ਨੂੰ ਸੂਚੀਬੱਧ ਕੀਤਾ ਗਿਆ ਹੈ। ਬੈਠੀ ਮੁਦਰਾ ਵਿੱਚ ਬੋਧੀ ਭਿੱਖਣੀ ਤਾਰਾ ਦਾ ਬਿੰਬ ਅਤੇ ਮੰਜੂਸ੍ਰੀ ਦੀ ਧਿਆਨ ਮੁਦਰਾ ਵਿੱਚ ਮੂਰਤੀ ਬੁੱਤਤਰਾਸ਼ੀ ਦਾ ਕਮਾਲ ਹੈ। ਅਜਾਇਬਘਰ ਸ਼ੁੱਕਰਵਾਰ ਨੂੰ ਬੰਦ ਹੁੰਦਾ ਹੈ। ਬਾਕੀ ਦੇ ਦਿਨ ਸਵੇਰੇ 9 ਵਜੇ ਤੋਂ ਸ਼ਾਮ ਤੱਕ ਖੁੱਲ੍ਹਾ ਰਹਿੰਦਾ ਹੈ। ਟਿਕਟ ਕੇਵਲ ਪੰਜ ਰੁਪਏ ਪ੍ਰਤੀ ਵਿਅਕਤੀ ਹੈ।
ਰਤਨਾਗਿਰੀ ਦੇ ਨੇੜੇ ਹੀ ਲਲਿਤਗਿਰੀ ਹੈ ਜਿਹਡ਼ਾ ਕੱਟਕ ਜ਼ਿਲ੍ਹੇ ਵਿੱਚ ਸਥਿਤ ਹੈ। ਪਹਿਲੀ ਸਦੀ ਦਾ ਹੋਣ ਕਾਰਨ ਇਹ ਰਾਜ ਦਾ ਸਭ ਤੋਂ ਪੁਰਾਣਾ ਬੋਧੀ ਸਥਾਨ ਹੈ। ਇਹ ਭੁਬਨੇਸ਼ਵਰ ਤੋਂ 90 ਕਿਲੋਮੀਟਰ ਦੂਰ ਹੈ। ਪਹਾੜੀ ਦੇ ਉੱਪਰ ਖੁਦਾਈ ਉਪਰੰਤ ਬਹੁਤ ਵੱਡੇ ਸਤੂਪ ਦੇ ਖੰਡਰ ਦਾ ਪਤਾ ਲੱਗਿਆ। ਇਸ ਦੀ ਖੁਦਾਈ ਹਿਊਨਸਾਂਗ ਦੀਆਂ ਇਤਿਹਾਸਕ ਲਿਖਤਾਂ ਦੇ ਆਧਾਰ ’ਤੇ ਕੀਤੀ ਗਈ। ਸਤੂਪ ਦੇ ਅੰਦਰ ਅਵਸ਼ੇਸ਼ਾਂ (ਧਾਰਮਿਕ ਵਿਅਕਤੀ ਦੇ ਮਰਨ ਉਪਰੰਤ ਬਚੇ ਹਿੱਸੇ) ਦੇ ਪਿਟਾਰੇ (ਬਰਤਨ) ਖੋਂਡੇਲਾਈਟ ਪੱਥਰ ਦੇ ਬਰਤਨ ਵਿੱਚ ਰੱਖੇ ਹੋਏ ਸਨ। ਪੂਰਬੀ ਭਾਰਤੀ ਖਿੱਤੇ ਵਿੱਚ ਇਹ ਪਹਿਲੀ ਕਿਸਮ ਦੀ ਖੋਜ ਸੀ। ਪੱਥਰ ਦੇ ਬਰਤਨ ਵਿੱਚ ਸਟੀਏਟਾਈਟ (ਨਰਮ ਪੱਥਰ) ਪੱਥਰ ਦੀ ਪਟਾਰੀ ਵਿੱਚ ਚਾਂਦੀ ਅਤੇ ਸੋਨੇ ਦੀਆਂ ਪਟਾਰੀਆਂ ਸਨ। ਸਭ ਤੋਂ ਅੰਦਰਲੀ (ਵਿਚਲੀ) ਸੋਨੇ ਦੀ ਪਟਾਰੀ ਵਿੱਚ ਹੱਡੀ ਦਾ ਇੱਕ ਛੋਟਾ ਜਿਹਾ ਟੁਕੜਾ ਅਵਸ਼ੇਸ ਦੇ ਰੂਪ ਵਿੱਚ ਸੀ। ਬਿਨਾਂ ਉਕਰੀਆਂ ਪਟਾਰੀਆਂ ਚੀਨੀ ਪਜ਼ਲ (ਅੜਾਉਣੀ) ਵਾਂਗ ਤਰਤੀਬਬੱਧ ਸਨ। ਪੁਰਾਤਨਤਾ ਅਤੇ ਸੋਨੇ-ਚਾਂਦੀ ਦੇ ਬਰਤਨਾਂ ਵਿੱਚ ਹੋਣ ਕਾਰਨ ਅਵਸ਼ੇਸ ਮਹਾਤਮਾ ਬੁੱਧ ਦੇ ਹੋਣ ਦੀ ਗੱਲ ਵੀ ਚੱਲੀ। ਟੈਰਾਕੋਟਾ ਸੀਲਿੰਗ, ਬੁੱਧ ਦੀਆਂ ਵੱਖ ਵੱਖ ਮੁਦਰਾ ਵਿੱਚ ਮੂਰਤੀਆਂ, ਉੱਕਰੇ ਹੋਏ ਟੁੱਟੇ ਬਰਤਨ ਲਲਿਤਗਿਰੀ ਦੇ ਇਤਿਹਾਸ ਨੂੰ 10ਵੀਂ-11ਵੀਂ ਸਦੀ ਤੱਕ ਬਿਆਨ ਕਰ ਦਿੰਦੇ ਹਨ। ਖੰਡਰ ਅਤੇ ਇਨ੍ਹਾਂ ਵਿੱਚੋਂ ਮਿਲੀਆਂ ਵਸਤੂਆਂ ਇਤਿਹਾਸ ਦੇ ਪੰਨੇ ਸਿਰਜਣ ਵਿੱਚ ਕਿਵੇਂ ਸਹਾਇਤਾ ਕਰਦੀਆਂ ਹਨ।
ਇਸ ਤਰ੍ਹਾਂ ਇੱਕ ਦਿਨ ਵਿੱਚ ਲਿੰਗਰਾਜ ਮੰਦਰ, ਸ਼ਾਂਤੀ ਸਤੂਪ, ਅਸ਼ੋਕ ਦਾ ਸ਼ਿਲਾਲੇਖ, ਰਤਨਾਗਿਰੀ ਅਤੇ ਲਲਿਤਗਿਰੀ ਦੀਆਂ ਥਾਵਾਂ ਦੇਖ ਅਤੇ ਮਾਣ ਕੇ ਇਉਂ ਲੱਗਿਆ ਜਿਵੇਂ ਟੂਰ ਅਮੀਰੀ ਨਾਲ ਭਰ ਗਿਆ ਹੋਵੇ। ਇੱਕ ਦਿਨ ਹੋਰ ਵਧਾਉਣ ਨਾਲ ਇਸ ਅਮੀਰੀ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ।
ਦੂਜੇ ਦਿਨ ਦੀ ਵਾਰੀ ਵਿੱਚ ਸਨ: ਬੋਟੈਨੀਕਲ ਗਾਰਡਨ, ਨੰਦਕਾਨਨ ਚਿੜੀਆਘਰ, ਉਦੈਗਿਰੀ ਅਤੇ ਖੰਡੇਗਿਰੀ ਦੇ ਬੋਧੀ ਸਥਾਨ ਅਤੇ ਟਰਾਈਬਲ (ਕਬੀਲਿਆਂ ਦਾ) ਮਿਊਜ਼ੀਅਮ। ਨੰਦਕਾਨਨ ਦਾ ਭਾਵ ਹੈ ਬਹਿਸ਼ਤ ਦਾ ਬਾਗ਼। ਸਭ ਤੋਂ ਪਹਿਲਾਂ ਬੋਟੈਨੀਕਲ ਗਾਰਡਨ ਦੇਖਿਆ। 75 ਏਕੜ ਵਿੱਚ ਫੈਲਿਆ ਖ਼ੂਬਸੂਰਤ ਬਾਗ਼ ਵਿਗਿਆਨਕ ਨਜ਼ਰੀਏ ਤੋਂ ਵੀ ਅਹਿਮ ਹੈ। ਪੌਦਿਆਂ ਸਬੰਧੀ ਭਰਪੂਰ ਜਾਣਕਾਰੀ ਨਾਲ ਓਤ-ਪੋਤ ਹੈ। ਇਹ 24 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਜਿਵੇਂ ਬਟਰਫਲਾਈ ਪਾਰਕ, ਮੁਗ਼ਲ ਗਾਰਡਨ, ਹੈਰੀਟੇਜ ਗਾਰਡਨ, ਐਵੋਲੂਸ਼ਨ ਗਾਰਡਨ ਆਦਿ। ਕਿਆਕਨੀ ਲੇਕ (ਝੀਲ) ਇਸ ਦੇ ਅੰਦਰ ਹੀ 25 ਹੈਕਟੇਅਰ ਵਿੱਚ ਫੈਲੀ ਹੋਈ ਹੈ। ਇਸ ਨੂੰ ਦੇਖਣ ਮਾਣਨ ਲਈ ਪੂਰਾ ਦਿਨ ਚਾਹੀਦਾ ਹੈ, ਪਰ ਸੈਲਾਨੀ ਨੂੰ ਏਨੀ ਬਾਰੀਕੀ ਦਾ ਕਈ ਵਾਰ ਅਹਿਸਾਸ ਨਹੀਂ ਹੁੰਦਾ। ਜੀਵ ਵਿਗਿਆਨ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਬਾਗ਼ ਨਿਆਮਤ ਹੈ।
ਕੁਦਰਤ ਦੀ ਬਨਸਪਤੀ ਦੀ ਵਿਸ਼ਾਲਤਾ ਮਾਣਨ ਤੋਂ ਬਾਅਦ ਹੁਣ ਵਾਰੀ ਸੀ ਨੰਦਕਾਨਨ ਚਿੜੀਆਘਰ ਦੇਖਣ ਦੀ। ਜਿਹੜਾ ਜਾਨਵਰ ਬਹੁਤ ਘੱਟ ਦਿਸਦਾ ਹੈ, ਉਸ ਨੂੰ ਦੇਖਣ ਦੀ ਉਤਸੁਕਤਾ ਉਸ ਦੀ ਸੁੰਦਰਤਾ ਵਿੱਚ ਹੋਰ ਵਾਧਾ ਕਰ ਦਿੰਦੀ ਹੈ। ਮਿਸਾਲ ਵਜੋਂ ਖੁੱਲ੍ਹੀ ਜੀਪ ਦੀ ਸਫਾਰੀ ਵਿੱਚ ਸ਼ੇਰ ਦਾ ਦਿਸ ਜਾਣਾ। ਇਸੇ ਤਰ੍ਹਾਂ ਬੈਟਰੀ ਵਾਲੀ ਟਰਾਮ ਵਿੱਚ ਮੁੱਢ ਵਿੱਚ ਹੀ ਲੰਮੀ ਗਰਦਨ ਵਾਲਾ ਜੀਵ ਭਾਵ ਜਿਰਾਫ਼ ਦੇਖ ਕੇ ਆਨੰਦ ਆ ਗਿਆ। ਨੰਦਕਾਨਨ ਪਾਰਕ ਭਾਰਤ ਦਾ ਇੱਕ ਪ੍ਰਮੁੱਖ ਚਿੜੀਆਘਰ ਹੈ। ਇਹ ਜੰਗਲ ਦੇ ਅੰਦਰ ਬਣਾਇਆ ਗਿਆ ਹੈ। ਕੁਦਰਤੀ ਵਾਤਾਵਰਣ ਨਾਲ ਭਰਪੂਰ ਹੈ। ਜਾਨਵਰ ਹਰਿਆਲੀ ਭਰੇ ਖੁੱਲ੍ਹੇ, ਪਰ ਬੰਦ ਵਾੜਿਆਂ ਵਿੱਚ ਅਸਲੀ ਜੰਗਲ ਦੇ ਅਹਿਸਾਸ ਨਾਲ ਬਿਨਾਂ ਡਰ ਤੋਂ ਰਹਿੰਦੇ ਹਨ, ਜਿੱਥੇ ਉਨ੍ਹਾਂ ਦਾ ਕੋਈ ਸ਼ਿਕਾਰ ਨਹੀਂ ਕਰ ਸਕਦਾ। ਇਹ ਉਡ਼ੀਸਾ ਦੀ ਰਾਜਧਾਨੀ ਤੋਂ 15 ਕੁ ਕਿਲੋਮੀਟਰ ਦੂਰ ਹੈ। ਕੇਵਲ ਦਿਨ ਭਰ ਆਨੰਦ ਮਾਣਨ ਲਈ ਝੌਂਪੜੀਆਂ ਚਿੜੀਆਘਰ ਦੇ ਅਧਿਕਾਰੀਆਂ ਦੀ ਅਗਾਊਂ ਪ੍ਰਵਾਨਗੀ ਨਾਲ ਮਿਲ ਜਾਂਦੀਆਂ ਹਨ। ਇਸ ਤਰ੍ਹਾਂ ਜੇ ਪੂਰਾ ਆਨੰਦ ਲੈਣਾ ਹੋਵੇ ਤਾਂ ਪੂਰਾ ਦਿਨ ਇਸ ਜੀਵ ਪਾਰਕ ਵਿੱਚ ਬਿਤਾਉਣਾ ਚਾਹੀਦਾ ਹੈ।
ਵੱਡੀ ਉਮਰ ਵਿੱਚ ਗੋਡੇ ਮੋਢੇ ਕਮਜ਼ੋਰ ਹੋਣ ਕਾਰਨ ਬੈਟਰੀ ਵਾਲੀ ਟਰਾਮ ਸੌਖਿਆਂ ਸੈਰ ਕਰਾ ਦਿੰਦੀ ਹੈ, ਪਰ ਤਾਂ ਵੀ ਕਾਫ਼ੀ ਖੇਚਲ ਹੋ ਜਾਂਦੀ ਹੈ। ਇਸ ਵਿੱਚ 210 ਵਾਡ਼ੇ ਹਨ। 156 ਜਾਤੀਆਂ ਦੇ ਜਾਨਵਰਾਂ ਨਾਲ ਚਿੜੀਆਘਰ ਅਮੀਰ ਹੈ। ਦੇਖਦੇ ਦੇਖਦੇ ਥੱਕ ਜਾਈਦਾ ਹੈ। ਹਲਕੀ ਜਿਹੀ ਸਰਦ ਰੁੱਤ ਹੋਣ ਕਾਰਨ ਜਾਨਵਰ ਆਪਣੇ ਵਾੜਿਆਂ ਵਿੱਚ ਧੁੱਪ ਦਾ ਆਨੰਦ ਲੈ ਰਹੇ ਸਨ। ਸਵੇਰੇ ਚੁਸਤੀ ਦਾ ਆਲਮ ਘੱਟ ਸੀ। ਜਾਣਕਾਰੀ ਹੈ ਕਿ ਕਈ ਜਾਨਵਰ ਕੈਦ ਵਿੱਚ ਅਗਲੀ ਪੀਡ਼੍ਹੀ ਨੂੰ ਜਨਮ ਨਹੀਂ ਦਿੰਦੇ, ਪਰ ਇੱਥੇ ਘੜਿਆਲਾਂ ਨੇ 1980 ਵਿੱਚ ਬੱਚਿਆਂ ਨੂੰ ਜਨਮ ਦਿੱਤਾ ਅਤੇ ਰੰਗਦਾਰ ਬਾਘਾਂ ਤੋਂ ਚਿੱਟੇ ਬਾਘ ਦਾ ਜਨਮ ਵੀ ਇਸ ਜੀਵ ਪਾਰਕ ਦੀ ਮੁੱਖ ਵਿਸ਼ੇਸ਼ਤਾ ਹੈ। ਇਸ ਪਾਰਕ ਵਿੱਚ ਜੀਵਾਂ ਸਬੰਧੀ ਸਮਝਣ ਲਈ ਗਾਈਡ ਕਰਨਾ ਪੈਂਦਾ ਹੈ। ਇਹ ਪਾਰਕ ਦੁਨੀਆਂ ਭਰ ਦੇ ਚਿੜੀਆਘਰਾਂ ਦੀ ਸੰਸਥਾ ਦਾ ਮੈਂਬਰ ਹੈ। ਪਾਰਕ ਵਿੱਚ ਪਲਾਸਟਿਕ ਦਾ ਕਚਰਾ ਰੋਕਣ ਦਾ ਜੁਗਾੜ ਬਹੁਤ ਵਧੀਆ ਲੱਗਿਆ। ਤੁਹਾਡੀ ਪਾਣੀ ਦੀ ਬੋਤਲ ਉੱਤੇ ਸਟਿਕਰ ਲਾ ਦਿੰਦੇ ਹਨ ਤੇ 50 ਰੁਪਏ ਲੈ ਲੈਂਦੇ ਹਨ। ਵਾਪਸੀ ’ਤੇ ਸਟਿੱਕਰ ਵਾਲੀ ਬੋਤਲ ਦਿਖਾ ਕੇ ਤੁਸੀਂ 50 ਰੁਪਏ ਵਾਪਸ ਲੈ ਸਕਦੇ ਹੋ।
ਜਿਉਂ ਹੀ ਉਦੈਗਿਰੀ ਅਤੇ ਖੰਡੇਗਿਰੀ ਦੀਆਂ ਪਹਾੜੀਆਂ ਕੋਲ ਪਹੁੰਚੇ ਤਾਂ ਸੜਕ ਦੇ ਦੋਵੇਂ ਪਾਸੇ ਖ਼ੂਬ ਰੌਣਕ ਸੀ। ਇਉਂ ਲੱਗਦਾ ਸੀ ਜਿਵੇਂ ਮੇਲੇ ਆ ਗਏ ਹੋਈਏ। ਇੱਕ ਪਾਸੇ ਉਦੈਗਿਰੀ ਅਤੇ ਦੂਜੇ ਪਾਸੇ ਖੰਡੇਗਿਰੀ ਦੀਆਂ ਚੱਟਾਨਾਂ ਦਿਸ ਰਹੀਆਂ ਸਨ। ਪਹਿਲਾਂ ਉਦੈਗਿਰੀ ਦੀਆਂ ਗੁਫ਼ਾਵਾਂ ਦੇਖਣ ਲਈ ਟਿਕਟ ਲੈਣੀ ਸੀ। ਗੂਗਲ ਪੇ ਨਾਲ ਟਿਕਟ ਖਰੀਦਣ ਦੀ ਸਹੂਲਤ ਹੋਣ ਕਾਰਨ ਬਹੁਤ ਲੋਕ ਇਸ ਤਰ੍ਹਾਂ ਹੀ ਕਰਦੇ ਦੇਖੋ। ਗੇਟ ਦੇ ਨਾਲ ਹੀ ਕਿਊਆਰ ਕੋਡ ਦੀ ਮੂਰਤ ਬੋਰਡ ’ਤੇ ਲਾਈ ਹੋਈ ਸੀ ਤੇ ਟਿਕਟ ਖਿਡ਼ਕੀ ਦੂਰ ਸੀ। ਦੂਰੋਂ ਦੇਖਣ ’ਤੇ ਉਦੈਗਿਰੀ ਦੀਆਂ ਪਹਾੜੀਆਂ ਵਿੱਚ ਆਲ੍ਹਣਿਆਂ ਵਰਗੇ ਝਰੋਖੇ ਜਿਹੇ ਲੱਗਦੇ ਹਨ। ਗਾਈਡ ਕਰਨਾ ਪੈਂਦਾ ਹੈ, ਨਹੀਂ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਸਕਦਾ। ਗੋਡੇ ਮੋਢੇ ਤਕੜੇ ਅਤੇ ਮਨੋਬਲ ਉੱਚਾ ਹੋਣਾ ਚਾਹੀਦਾ ਹੈ। ਅਹਿਮ ਗੁਫ਼ਾਵਾਂ ਦੇਖਣ ਲਈ ਪਹਾੜੀ ਦੇ ਉੱਤੇ ਤੁਰਨਾ ਪੈਂਦਾ ਹੈ। ਇਹ ਸਥਾਨ ਭਾਰਤ ਸਰਕਾਰ ਵੱਲੋਂ 1958 ਦੇ ਪੁਰਾਤੱਤਵ ਕਾਨੂੰਨ ਅਧੀਨ ਸੁਰੱਖਿਅਤ ਕਰਾਰ ਦਿੱਤਾ ਗਿਆ ਹੈ। ਕੋਈ ਵੀ ਕਿਸੇ ਵੀ ਢੰਗ ਨਾਲ ਇਸ ਦੇ ਸਰੂਪ ਨੂੰ ਨਹੀਂ ਬਦਲ ਸਕਦਾ। ਭਾਰਤ ਦੇ ਇਤਿਹਾਸ ਵਿੱਚ ਉਥਲ ਪੁਥਲ ਦੀ ਇਹ ਜ਼ਬਰਦਸਤ ਉਦਾਹਰਣ ਹੈ। ਇਹ ਗੁਫ਼ਾਵਾਂ ਦੂਜੀ ਸਦੀ ਈਸਾ ਪੂਰਵ ਦੇ ਨੇੜੇ ਤੇੜੇ ਸ਼ਕਤੀਸ਼ਾਲੀ ਰਾਜੇ ਖਾਰਾਵੇਲਾ ਦੁਆਰਾ ਬਣਵਾਈਆਂ ਗਈਆਂ ਸਨ, ਪਰ ਇਨ੍ਹਾਂ ਬਾਰੇ ਅੰਗਰੇਜ਼ ਅਫ਼ਸਰ ਐਂਡਰਿਊ ਸਟਰਲਿੰਗ ਦੁਆਰਾ 19ਵੀਂ ਸਦੀ (1825 ਈਸਵੀ) ਵਿੱਚ ਕੀਤੀ ਖੋਜ ਤੋਂ ਪਤਾ ਲੱਗਿਆ। ਇਹ ਜੈਨੀ ਭਿਕਸ਼ੂਆਂ ਦੇ ਰਹਿਣ ਅਤੇ ਸਮਾਧੀ ਲਾਉਣ ਲਈ ਬਣਵਾਈਆਂ ਗਈਆਂ ਸਨ। ਅੱਜ ਇਨ੍ਹਾਂ 117 ਗੁਫ਼ਾਵਾਂ ਵਿੱਚੋਂ ਕੇਵਲ 31 ਬਚੀਆਂ ਹਨ ਜਿਨ੍ਹਾਂ ਵਿੱਚੋਂ 18 ਉਦੈਗਿਰੀ ਅਤੇ 13 ਖੰਡੇਗਿਰੀ ਵਿੱਚ ਹਨ। ਉਦੈਗਿਰੀ ਭਾਰਤੀ ਪੁਰਾਤੱਤਵ ਵਿਭਾਗ ਅਧੀਨ ਹੋਣ ਕਾਰਨ ਟਿਕਟ ਵੀ ਲੱਗਦੀ ਹੈ। ਹਾਥੀ ਗੁਫ਼ਾ ਵਿੱਚ ਖਾਰਾਵੇਲਾ ਰਾਜੇ ਵੱਲੋਂ ਪਹਾੜ ਦੇ ਮੱਥੇ ਉੱਤੇ ਉਕਰੀਆਂ 17 ਸਤਰਾਂ ਦੀ ਲਿਖਤ ਵੀ ਮਿਲਦੀ ਹੈ। ਇਸ ਵਿੱਚ ਉਸ ਨੇ ਆਪਣੀਆਂ ਜਿੱਤਾਂ ਅਤੇ ਰਾਜ ਕਰਨ ਦੇ ਢੰਗ ਬਾਰੇ ਦੱਸਿਆ ਹੋਇਆ ਹੈ। ਰਾਣੀ ਗੁਫ਼ਾ ਦੋ-ਮੰਜ਼ਿਲੀ ਹੈ ਜਿਸ ਵਿੱਚ ਸੁੰਦਰ ਮੂਰਤੀਆਂ ਉੱਕਰੀਆਂ ਹੋਈਆਂ ਹਨ। ਇਉਂ ਲੱਗਦਾ ਹੈ ਜਿਵੇਂ ਪੱਥਰ ਉੱਤੇ ਜ਼ਿੰਦਗੀ ਧੜਕਣ ਲਾ ਦਿੱਤੀ ਹੋਵੇ। ਗਣੇਸ਼ ਗੁਫ਼ਾ ਜੈਨੀਆਂ ਅਤੇ ਹੋਰ ਮੂਰਤੀਆਂ ਬਾਰੇ ਜਾਣੀ ਜਾਂਦੀ ਹੈ। ਭਗਵਾਨ ਗਣੇਸ਼ ਬਹੁਤ ਬਾਅਦ ਵਿੱਚ ਜੋੜਿਆ ਗਿਆ ਹੈ। ਇਸ ਤਰ੍ਹਾਂ ਹੋਰ ਗੁਫ਼ਾਵਾਂ ਦੀ ਆਪਣੀ ਅਹਿਮੀਅਤ ਹੈ। ਇਸੇ ਤਰ੍ਹਾਂ ਉਦੈਗਿਰੀ ਦੇ ਦੂਜੇ ਪਾਸੇ ਖੰਡੇਗਿਰੀ ਦੀਆਂ ਗੁਫ਼ਾਵਾਂ ਦੇਖ ਸਕਦੇ ਹੋ। ਇਸ ਲਈ ਕੋਈ ਟਿਕਟ ਨਹੀਂ ਲੱਗਦੀ। ਖੰਡੇਗਿਰੀ ਦੀਆਂ ਪਹਾੜੀਆਂ 17 ਮੀਟਰ ਤੋਂ ਵੱਧ ਉੱਚੀਆਂ ਹੋਣ ਕਾਰਨ ਉਦੈਗਿਰੀ ਨਾਲੋਂ ਚਾਰ ਮੀਟਰ ਵੱਧ ਉੱਚੀਆਂ ਹਨ। ਮੁੱਢਲੇ ਸਾਧਾਰਨ ਸੰਦਾਂ ਨਾਲ ਪਹਾੜਾਂ ਵਿੱਚ ਖੁਰਚ ਖੁਰਚ ਕੇ ਬਣਾਈਆਂ ਗੁਫ਼ਾਵਾਂ ਸਖ਼ਤ ਮਨੁੱਖੀ ਮੁਸ਼ੱਕਤ ਦੀ ਹਾਮੀ ਭਰਦੀਆਂ ਹਨ। ਨੱਕਾਸ਼ੀ ਅਤੇ ਭਵਨ ਨਿਰਮਾਣ ਦੀ ਗੁਣਵੱਤਾ ਸਿਖ਼ਰ ਦੀ ਹੈ। ਮਿਥਿਹਾਸ ਅਤੇ ਇਤਿਹਾਸ ਦੋਵੇਂ ਦਰਜ ਹਨ। ਦਿਲ ਨੂੰ ਛੂਹ ਲੈਣ ਵਾਲੀਆਂ ਘਾੜਤਾਂ ਵਿੱਚੋਂ ਇੱਕ ਵਿੱਚ ਕਾਲਿੰਗਾ ਦੇ ਯੁੱਧ ਨੂੰ ਚਿਤਰਿਆ ਗਿਆ ਹੈ ਜਿਸ ਵਿੱਚ ਔਰਤਾਂ ਤੇ ਨੌਜਵਾਨ ਅਸ਼ੋਕ ਦੀ ਫ਼ੌਜ ਤੋਂ ਆਪਣੀ ਮਾਤਭੂਮੀ ਦੀ ਰੱਖਿਆ ਲਈ ਲੜਦੇ ਦਿਖਾਏ ਗਏ ਹਨ। ਇਹ ਗੁਫ਼ਾਵਾਂ ਜੈਨ ਸਾਧੂਆਂ ਲਈ ਰਿਹਾਇਸ਼ ਦਾ ਕੰਮ ਕਰਦੀਆਂ ਸਨ ਅਤੇ ਹਰੇਕ ਵਿੱਚ ਪਾਣੀ ਆਉਂਦਾ ਸੀ। ਕਈ ਜਗ੍ਹਾ ਪੱਥਰ ਵਿੱਚ ਤਿੰਨ ਗਲੀਆਂ ਕੀਤੀਆਂ ਹੋਈਆਂ ਸਨ ਜਿਹੜੀਆਂ ਇੱਕ ਜਗ੍ਹਾ ਬੋਲੇ ਸੁਨੇਹੇ ਨੂੰ ਆਵਾਜ਼ ਰਾਹੀਂ ਸਾਰੀਆਂ ਗੁਫ਼ਾਵਾਂ ਵਿੱਚ ਪਹੁੰਚਾ ਦਿੰਦੀਆਂ ਸਨ। ਦੀਵੇ ਰੱਖਣ ਲਈ ਥਾਂ ਬਣੀ ਸੀ ਅਤੇ ਫਰਸ਼ ਨੂੰ ਸਿਰ ਵਾਲੇ ਪਾਸੇ ਤੋਂ ਥੋਡ਼੍ਹਾ ਉੱਚਾ ਉਠਾ ਕੇ ਸਿਰਹਾਣੇ ਦਾ ਕੰਮ ਲਿਆ ਗਿਆ ਸੀ ਤਾਂ ਜੋ ਸਿਰ ਆਰਾਮ ਨਾਲ ਰੱਖਿਆ ਜਾ ਸਕੇ। ਕਈ ਗੁਫ਼ਾਵਾਂ ਵਿੱਚ ਉਪਰਲਾ ਚੈਂਬਰ ਵੀ ਹੈ। ਮੰਨਿਆ ਜਾਂਦਾ ਹੈ ਕਿ ਇਹ ਹੋਰ ਵੀ ਡੂੰਘੀ ਸਮਾਧੀ ਲਈ ਹੋ ਸਕਦੀਆਂ ਹਨ। ਇੱਕ ਅਜਿਹਾ ਚੈਂਬਰ ਮੋਬਾਈਲ ਦੀ ਰੌਸ਼ਨੀ ਨਾਲ ਉਪਰ ਜਾ ਕੇ ਦੇਖਿਆ। ਅਜਿਹਾ ਕੁਝ ਗਾਈਡ ਬਿਨਾਂ ਦੇਖਿਆ ਹੀ ਨਹੀਂ ਜਾ ਸਕਦਾ। ਗਾਈਡ 300 ਰੁਪਏ ਵਿੱਚ ਕੀਤਾ ਸੀ, ਪਰ ਉਸ ਦੀ ਮਿਹਨਤ ਅਤੇ ਕੀਤੀ ਸਹਾਇਤਾ ਦੇ ਸ਼ੁਕਰਾਨੇ ਵਜੋਂ ਮੈਂ ਪਹਿਲਾਂ ਮੰਗੇ 400 ਰੁਪਏ ਦੇ ਦਿੱਤੇ। ਇਸ ਤਰ੍ਹਾਂ ਖੰਡੇਗਿਰੀ ਦੀਆਂ ਤਿੰਨ ਕੁ ਗੁਫ਼ਾਵਾਂ ਅਹਿਮ ਹਨ। ਹੁਣ ਵਾਪਸ ਮੁੜਨ ਦਾ ਸਮਾਂ ਸੀ। ਜਾਂਦੇ ਜਾਂਦੇ ਲਾਹਾ ਲੈਣ ਦੀ ਗੱਲ ਫਿਰ ਭਾਰੂ ਹੋ ਜਾਂਦੀ ਹੈ। ਟਰਾਈਬਲ ਮਿਊਜ਼ੀਅਮ ਰਹਿ ਗਿਆ ਸੀ। ਵਾਪਸ ਮੁੜਦਿਆਂ ਉਸ ਦੀ ਵੀ ਥਾਹ ਪਾ ਲਈ। ਇਹ ਬਹੁਤ ਹੀ ਖ਼ੂਬਸੂਰਤ ਇਮਾਰਤ ਵੱਡੇ ਖੇਤਰ ਵਿੱਚ ਫੈਲੀ ਹੋਈ ਸੀ। ਆਧੁਨਿਕ ਸਹੂਲਤਾਂ ਭਾਵ ਡਿਜੀਟਲ ਤਰੀਕੇ ਨਾਲ ਕੰਧਾਂ ’ਤੇ ਚਾਰੇ ਪਾਸੇ ਬਣੀਆਂ ਸਕਰੀਨਾਂ ਉੱਤੇ ਪੂਰੀ ਜਾਣਕਾਰੀ ਦੇਣ ਦੇ ਨਾਲ ਫਿਲਮ ਵੀ ਦਿਖਾਉਂਦੇ ਹਨ। ਆਡੀਓ ਵਿਜ਼ੂਅਲ ਟੱਚ ਸਕਰੀਨ ਸਹੂਲਤ ਨਾਲ ਦੇਖਣ ਦਾ ਮਜ਼ਾ ਕੁਝ ਹੋਰ ਹੀ ਹੈ। ਉਡ਼ੀਸਾ ਵਿੱਚ 62 ਕਬੀਲੇ ਹਨ। ਉਨ੍ਹਾਂ ਦੀ ਪੋਸ਼ਾਕ, ਗਹਿਣੇ, ਖਾਣ ਪੀਣ ਦੀਆਂ ਆਦਤਾਂ ਬਾਰੇ ਭਰਪੂਰ ਪ੍ਰਦਰਸ਼ਨੀ ਹੈ। ਉਨ੍ਹਾਂ ਦੀ ਰਿਹਾਇਸ਼ ਦੀਆਂ ਝੌਂਪੜੀਆਂ ਅਤੇ ਕਲਾਕ੍ਰਿਤਾਂ ਦੀਆਂ ਹੂਬਹੂ ਨਕਲਾਂ ਬਣਾਈਆਂ ਗਈਆਂ ਹਨ। ਇਹ ਸਾਰਾ ਕੁਝ ਤਰਤੀਬ ਨਾਲ ਪੰਜ ਗੈਲਰੀਆਂ ਵਿੱਚ ਸਜਾਇਆ ਹੋਇਆ ਹੈ। ਪਹਿਲੀ ਗੈਲਰੀ ਵਿੱਚ ਨਿੱਜੀ ਵਸਤੂਆਂ (ਕੱਪੜੇ ਗਹਿਣੇ), ਦੂਜੀ ਵਿੱਚ ਨਿੱਤ ਵਰਤੋਂ ਦੀਆਂ ਚੀਜ਼ਾਂ, ਤੀਜੀ ਵਿੱਚ ਸ਼ਿਕਾਰ ਤੇ ਮੱਛੀ ਪਾਲਣ, ਚੌਥੀ ਵਿੱਚ ਘਰੇਲੂ ਸਮਾਨ ਤੇ ਖੇਤੀਬਾੜੀ ਦੇ ਸੰਦ ਅਤੇ ਪੰਜਵੀਂ ਵਿੱਚ ਨਾਚ ਤੇ ਸੰਗੀਤ ਦੇ ਸਾਜ਼ ਹਨ। ਇਹ ਅਜਾਇਬਘਰ ਸੋਮਵਾਰ ਅਤੇ ਸਰਕਾਰੀ ਛੁੱਟੀਆਂ ਨੂੰ ਬੰਦ ਹੁੰਦਾ ਹੈ। ਇਸ ਨੂੰ ਦੇਖਣ ਲਈ ਟਿਕਟ ਲੱਗਦੀ ਹੈ। ਨਿਰਸੰਦੇਹ, ਮਿਊਜ਼ੀਅਮ ਦੀ ਠੁੱਕ ਦੇਖ ਕੇ ਸਰਕਾਰ ਵੱਲੋਂ ਕੀਤੇ ਯਤਨ ਦੀ ਪ੍ਰਸ਼ੰਸਾ ਕੀਤੇ ਬਿਨਾਂ ਤੁਸੀਂ ਨਹੀਂ ਰਹਿ ਸਕਦੇ।

Advertisement

Advertisement
Tags :
yashpalਅਸ਼ੋਕਸਮਰਾਟਕਾਲਿੰਗਾਦੁਆਲੇ