ਮੁਲਜ਼ਮਾਂ ਦੇ ਚਿਹਰੇ ’ਤੇ ਲਾਏ Emoji(ਕਾਰਟੂਨ), ਐਸਪੀ ਦੀ ਸੋਸ਼ਲ ਮੀਡੀਆ ਪੋਸਟ ਵਾਇਰਲ
ਬਰਮਪੁਰ (ਉੜੀਸਾ), 11 ਨਵੰਬਰ
ਪੁਲੀਸ ਸੁਪਰਡੈਂਟ ਬਰਹਮਪੁਰ ਦੀ ਹਾਲ ਹੀ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋਈ ਹੈ, ਕੁੱਟਮਾਰ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਚਿਹਰੇ ਢਕਣ ਲਈ ਸੋਸ਼ਲ ਮੀਡੀਆ ਪੋਸਟ ਵਿਚ ਅਧਿਕਾਰੀ ਨੇ ਇਮੋਜੀ ਦੀ ਵਰਤੋ ਕੀਤੀ ਹੈ। ਪੋਸਟ ਵਿੱਚ ਚਾਰ ਮੁਲਜ਼ਮਾਂ ਦੇ ਚਿਹਰੇ ਸ਼ਾਮਲ ਹਨ ਜੋ ਵੱਖ-ਵੱਖ ਭਾਵਨਾਵਾਂ ਨੂੰ ਦਰਸਾਉਂਦੇ ਇਮੋਜੀਆਂ ਨਾਲ ਢੱਕੇ ਹੋਏ ਹਨ।
ਐਸਪੀ ਨੇ ਸ਼ੁੱਕਰਵਾਰ ਨੂੰ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਗੋਪਾਲਪੁਰ ਪੁਲੀਸ ਟੀਮ ਨੇ ਪਿਤਾ ਅਤੇ ਪੁੱਤਰ ’ਤੇ ਹਮਲਾ ਕਰਨ ਦੇ ਦੋਸ਼ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੋਸਟ ਕੁੱਝ ਇਸ ਤਰ੍ਹਾਂ ਵਾਇਰਲ ਹੋਈ ਕਿ ਸੋਮਵਾਰ ਸਵੇਰ ਤੱਕ ਇਸ ਨੂੰ 1.3 ਮਿਲੀਅਨ ਵਿਊਜ਼ ਮਿਲੇ। ਹੁਣ ਤੱਕ 2,952 ਉਪਭੋਗਤਾਵਾਂ ਨੇ ਇਸਨੂੰ ਪਸੰਦ ਕੀਤਾ ਹੈ, ਜਦੋਂ ਕਿ 925 ਨੇ ਦੁਬਾਰਾ ਪੋਸਟ ਕੀਤਾ ਹੈ ਅਤੇ 218 ਨੇ ਪੋਸਟ ’ਤੇ ਟਿੱਪਣੀ ਕੀਤੀ ਹੈ। ਇਸ ਪੋਸਟ ’ਤੇ ਕਈ ਉਪਭੋਗਤਾਵਾਂ ਨੇ ਦੋਸ਼ੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੇ ਨਾਲ ਹਾਸੇ-ਮਜ਼ਾਕ ਨੂੰ ਦਰਸਾਉਣ ਲਈ ਬਰਹਮਪੁਰ ਪੁਲੀਸ ਦੀ ਪ੍ਰਸ਼ੰਸਾ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਬੁੱਧਵਾਰ ਨੂੰ ਇਕ ਝਗੜੇ ਦੇ ਦੋਸ਼ ਵਿਚ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਐਸਪੀ (ਬਰਹਮਪੁਰ) ਸਰਾਵਣਾ ਵਿਵੇਕ ਐਮ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ, ਮੈਂ ਸੋਸ਼ਲ ਮੀਡੀਆ ਸਾਈਟਾਂ ’ਤੇ ਕਈ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਪੋਸਟ ਕੀਤਾ ਹੈ, ਖਾਸ ਤੌਰ ’ਤੇ ਐਕਸ ਦੇ ਅਧਿਕਾਰਤ ਹੈਂਡਲ ’ਤੇ ਇਮੋਜੀ ਨਾਲ ਉਨ੍ਹਾਂ ਦੇ ਚਿਹਰੇ ਢੱਕ ਕੇ। ਉਨ੍ਹਾਂ ਕਿਹਾ ਕਿ ਉਹ ਬਹੁਤ ਹੈਰਾਨ ਸਨ, ਕਿਉਂਕਿ ਇਸ ਪੋਸਟ ਨੇ ਇੰਟਰਨੈੱਟ ’ਤੇ ਤੂਫਾਨ ਲਿਆ ਦਿੱਤਾ ਹੈ। ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਐਕਸ ਹੈਂਡਲ ਵਿੱਚ ਇਮੋਜੀ ਵਾਲੇ ਮੁਲਜ਼ਮ ਜੂਏਬਾਜ਼ਾਂ ਦੀ ਇੱਕ ਪੋਸਟ ਵੀ ਕਾਫ਼ੀ ਵਾਇਰਲ ਹੋਈ ਸੀ।
ਐਸਪੀ ਨੇ ਕਿਹਾ ਕਿ ਇਹ ਦੋਹਰੇ ਉਦੇਸ਼ ਦੀ ਪੂਰਤੀ ਕਰਦਾ ਹੈ ਦੋਸ਼ੀ ਨੂੰ ਅਪਮਾਨਜਨਕ ਵੀ ਮਹਿਸੂਸ ਹੋਵੇਗਾ ਅਤੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਨੂੰ ਵੀ ਪੂਰਾ ਕਰਦਾ ਹੈ। -ਪੀਟੀਆਈ