ਬੋਇੰਗ ਤੋਂ 52 ਅਰਬ ਡਾਲਰ ਦੇ ਜਹਾਜ਼ ਖ਼ਰੀਦੇਗਾ ਅਮੀਰਾਤ
ਦੁਬਈ: ਏਅਰਲਾਈਨ ਕੰਪਨੀ ਅਮੀਰਾਤ ਨੇ ਬੋਇੰਗ ਤੋਂ 52 ਅਰਬ ਡਾਲਰ ਦੇ ਜਹਾਜ਼ ਖ਼ਰੀਦਣ ਦਾ ਸੌਦਾ ਕਰਦਿਆਂ ਦੁਬਈ ਏਅਰ ਸ਼ੋਅ ਦਾ ਆਗਾਜ਼ ਕੀਤਾ ਹੈ। ਸ਼ੋਅ ਰਾਹੀਂ ਇਹ ਸੰਕੇਤ ਦਿੱਤਾ ਗਿਆ ਕਿ ਕਰੋਨਾ ਮਹਾਮਾਰੀ ਅਤੇ ਇਜ਼ਰਾਈਲ-ਹਮਾਸ ਵਿਚਕਾਰ ਜੰਗ ਕਾਰਨ ਖੇਤਰੀ ਸੁਰੱਖਿਆ ’ਤੇ ਮੌਜੂਦਾ ਖ਼ਤਰੇ ਦਰਮਿਆਨ ਹਵਾਈ ਖੇਤਰ ਵਿੱਚ ਜ਼ੋਰਦਾਰ ਵਾਪਸੀ ਹੋਈ ਹੈ। ਇਜ਼ਰਾਈਲ-ਹਮਾਸ ਲੜਾਈ ਦੇ ਨਾਲ-ਨਾਲ ਯੂਕਰੇਨ-ਰੂਸ ਯੁੱਧ ਨਾਲ ਦੁਬਈ ਵਰਲਡ ਸੈਂਟਰਲ ਦੇ ਅਲ ਮਕਤੂਮ ਹਵਾਈ ਅੱਡੇ ’ਤੇ ਚੱਲ ਰਹੀ ਪੰਜ ਰੋਜ਼ਾ ਪ੍ਰਦਰਸ਼ਨੀ ਪ੍ਰਭਾਵਿਤ ਹੋ ਸਕਦੀ ਹੈ। ਇਹ ਦੁਬਈ ਕੌਮਾਂਤਰੀ ਹਵਾਈ ਅੱਡੇ ਮਗਰੋਂ ਸ਼ਹਿਰ ਦਾ ਦੂਸਰਾ ਹਵਾਈ ਖੇਤਰ ਹੈ, ਜੋ ਕੌਮਾਂਤਰੀ ਯਾਤਰਾ ਲਈ ਦੁਨੀਆ ਦਾ ਸਭ ਤੋਂ ਰੁਝੇਵੇਂ ਵਾਲਾ ਹਵਾਈ ਖੇਤਰ ਹੈ। ਅਮੀਰਾਤ ਨੇ ਇਹ ਐਲਾਨ ਦੁਬਈ ਦੇ ‘ਕਰਾਊਨ ਪ੍ਰਿੰਸ’ ਸ਼ੇਖ ਹਾਮਦ ਬਿਨ ਮੁਹੰਮਦ ਅਲ ਮਕਤੂਮ ਦੀ ਮੌਜੂਦਗੀ ਵਿੱਚ ਕੀਤਾ। ਅਮੀਰਾਤ ਨੇ ਕਿਹਾ ਕਿ ਉਹ 90 ਬੋਇੰਗ ਖ਼ਰੀਦੇਗੀ। ਕੰਪਨੀ ਨੇ ਕਿਹਾ ਕਿ ਉਸ ਦੇ 30 ਜਹਾਜ਼ਾਂ ਦੇ ਪਿਛਲੇ ਆਰਡਰ ਵਿੱਚ ਪੰਜ ਬੋਇੰਗ 787 ਡ੍ਰੀਮਲਾਈਨਰਜ਼ ਜਹਾਜ਼ ਸ਼ਾਮਲ ਹਨ। -ਪੀਟੀਆਈ