ਉੱਘੇ ਕਲਾ ਇਤਿਹਾਸਕਾਰ ਪ੍ਰੋ. ਬੀਐੱਨ ਗੋਸਵਾਮੀ ਦਾ ਦੇਹਾਂਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਨਵੰਬਰ
ਉੱਘੇ ਕਲਾ ਇਤਿਹਾਸਕਾਰ ਅਤੇ ਕਲਾ ਆਲੋਚਕ ਪ੍ਰੋ. ਬੀਐੱਨ ਗੋਸਵਾਮੀ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ 90 ਸਾਲਾਂ ਦੇ ਸਨ। ਉਨ੍ਹਾਂ ਅੱਜ ਇੱਥੇ ਆਪਣੀ ਰਿਹਾਇਸ਼ ’ਤੇ ਆਖ਼ਰੀ ਸਾਹ ਲਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਅੱਜ ਚੰਡੀਗੜ੍ਹ ਦੇ ਸੈਕਟਰ-25 ਵਿਚਲੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿਆਸੀ, ਸਮਾਜਿਕ, ਪ੍ਰਸ਼ਾਸਨਿਕ ਸ਼ਖ਼ਸੀਅਤਾਂ ਹਾਜ਼ਰ ਸਨ।
15 ਅਗਸਤ 1933 ਵਿਚ ਜਨਮੇ ਬੀਐੱਨ ਗੋਸਵਾਮੀ ਪ੍ਰਦਮਸ੍ਰੀ ਅਤੇ ਪਦਮ ਭੂਸ਼ਣ ਐਵਾਰਡੀ ਸਨ ਅਤੇ ਉਨ੍ਹਾਂ ਨੇ ਕਰੀਬ 26 ਕਿਤਾਬਾਂ ਲਿਖੀਆਂ। ਪ੍ਰੋ. ਗੋਸਵਾਮੀ ਦਾ ਇਹ ਕਲਾ ਪ੍ਰਤੀ ਜਨੂੰਨ ਹੀ ਸੀ ਕਿ ਉਨ੍ਹਾਂ ਦੋ ਸਾਲਾਂ ਮਗਰੋਂ ਹੀ ਸਿਵਲ ਸੇਵਾਵਾਂ (ਆਈਏਐੱਸ) ਨੂੰ ਛੱਡ ਦਿੱਤਾ ਅਤੇ ਲਘੂ ਚਿੱਤਰਕਾਰੀ ਦੀ ਇਤਿਹਾਸਕਾਰੀ ਦੇ ਰਾਹ ’ਤੇ ਕਦਮ ਵਧਾ ਲਏ। ਉਨ੍ਹਾਂ ਪ੍ਰਸਿੱਧ ਇਤਿਹਾਸਕਾਰ ਹਰੀ ਰਾਮ ਗੁਪਤਾ ਦੀ ਅਗਵਾਈ ਵਿਚ ਕਾਂਗੜਾ ਪੇਂਟਿੰਗ ’ਤੇ ਹੀ ਆਪਣੀ ਪੀਐੱਚਡੀ ਦਾ ਖੋਜ ਅਧਿਐਨ ਕੀਤਾ। ਉਨ੍ਹਾਂ 1954 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੋਸਟ ਗਰੈਜੂਏਸ਼ਨ ਕੀਤੀ ਅਤੇ 1956 ਵਿਚ ਭਾਰਤੀ ਸਿਵਲ ਸੇਵਾਵਾਂ ਵਿੱਚ ਸ਼ਾਮਿਲ ਹੋਏ ਅਤੇ ਦੋ ਸਾਲ ਬਿਹਾਰ ਕੇਡਰ ਵਿਚ ਕੰਮ ਕੀਤਾ ਤੇ ਮਗਰੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਬਾਅਦ ’ਚ ਪੰਜਾਬ ’ਵਰਸਿਟੀ ਵਿੱਚ ਕਲਾ ਇਤਿਹਾਸ ਫੈਕਲਟੀ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ ਅਤੇ ਬਤੌਰ ਪ੍ਰੋਫੈਸਰ ਸੇਵਾਮੁਕਤ ਹੋਏ। ਉਨ੍ਹਾਂ ਬਰਕਲੇ, ਕੈਲੀਫੋਰਨੀਆ, ਜ਼ਿਊਰਿਖ ਅਤੇ ਪੈਨਸਿਲਵੇਨੀਆ ਆਦਿ ਕੌਮਾਂਤਰੀ ’ਵਰਸਿਟੀਆਂ ’ਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਕੰਮ ਕੀਤਾ। ਪ੍ਰੋ. ਗੋਸਵਾਮੀ ਨੇ 1973 ਤੋਂ 1981 ਤੱਕ ਹਾਈਡਲਬਰਗ ਯੂਨੀਵਰਸਿਟੀ ਵਿਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਸੇਵਾ ਨਿਭਾਈ। ਉਨ੍ਹਾਂ ਹਾਲ ਹੀ ਵਿਚ 26 ਅਕਤੂਬਰ ਨੂੰ ਆਪਣੀ ਨਵੀਂ ਕਿਤਾਬ ‘ਦਿ ਇੰਡੀਅਨ ਕੈਟ: ਸਟੋਰੀਜ਼, ਪੇਂਟਿੰਗਜ਼, ਪੋਇਟਰੀ ਐਂਡ ਪ੍ਰੋਵਰਬਜ਼’ ਰਿਲੀਜ਼ ਕੀਤੀ ਸੀ। ਉਨ੍ਹਾਂ ਦੀ ਪਹਾੜੀ ਚਿੱਤਰਕਾਰੀ ’ਤੇ ਮੁਹਾਰਤ ਸੀ ਅਤੇ ਲਘੂ ਕਲਾ ਦੇ ਵਿਦਵਾਨ ਵਜੋਂ ਉਨ੍ਹਾਂ ਕਲਾ ਦੀਆਂ ਗੁੰਝਲਾਂ ਨੂੰ ਸੌਖਾ ਕਰਕੇ ਆਮ ਆਦਮੀ ਅੱਗੇ ਰੱਖਿਆ।
ਪੰਜਾਬ ਆਰਟਸ ਕੌਂਸਲ ਦੇ ਪ੍ਰਧਾਨ ਸੁਰਜੀਤ ਪਾਤਰ, ਕਲਾ ਇਤਿਹਾਸਕਾਰ ਸੁਭਾਸ਼ ਪਰਿਹਾਰ, ਪ੍ਰਗਤੀਸ਼ੀਲ ਲੇਖਕ ਸਭਾ ਦੇ ਸੁਖਦੇਵ ਸਿਰਸਾ, ਸੁਰਜੀਤ ਜੱਜ ਤੇ ਕੁਲਦੀਪ ਸਿੰਘ ਦੀਪ ਤੋਂ ਇਲਾਵਾ ਲੇਖਕ ਅਮਰਜੀਤ ਚੰਦਨ, ਪ੍ਰੇਮ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪ੍ਰੋ. ਗੋਸਵਾਮੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਲਲਿਤ ਕਲਾ ਅਕਾਦਮੀ ਦੇ ਚੇਅਰਪਰਸਨ ਦੀਵਾਨ ਮਾਨਾ ਨੇ ਕਿਹਾ ਕਿ ਪ੍ਰੋ. ਗੋਸਵਾਮੀ ਨੇ ਕਲਾ ਨੂੰ ਪਰਖਣ ਤੇ ਮਾਣਨ ਦੇ ਮਾਪਦੰਡ ਹੀ ਬਦਲ ਦਿੱਤੇ ਤੇ ਉਨ੍ਹਾਂ ਆਪਣੀਆਂ ਪੇਸ਼ਕਾਰੀਆਂ ਰਾਹੀਂ ਲੋਕਾਂ ਨੂੰ ਕਲਾ ਨੂੰ ਪੜ੍ਹਨਾ ਸਿਖਾਇਆ। ਪੰਜਾਬੀ ਯੂਨੀਵਰਸਿਟੀ ਦੇ ਆਰਟਸ ਫੈਕਲਟੀ ਦੀ ਡੀਨ ਡਾ. ਅੰਬਾਲਿਕਾ ਸੂਦ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨਾਲ ਡਾ. ਗੋਸਵਾਮੀ ਦੀ ਵਿਸ਼ੇਸ਼ ਸਾਂਝ ਰਹੀ ਹੈ। 2005 ਦੌਰਾਨ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਯੂਨੀਵਰਸਿਟੀ ਦੇ ਸ੍ਰ. ਸੋਭਾ ਸਿੰਘ ਕੋਮਲ ਕਲਾਵਾਂ ਵਿਭਾਗ ’ਚ ਲਘੂ ਚਿੱਤਰਕਾਰੀ ਨਾਲ ਸਬੰਧਤ ਵਿਸ਼ੇ ‘ਮਿਨੀਏਚਰ’ ਨੂੰ ਐੱਮਏ ਪੱਧਰ ਉੱਤੇ ਮੁਕੰਮਲ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਸ਼ੁਰੂ ਕੀਤਾ ਗਿਆ ਸੀ ਜੋ ਅੱਜ ਤੱਕ ਜਾਰੀ ਹੈ।
ਪ੍ਰੋ. ਗੋਸਵਾਮੀ ਸਦਾ ਯਾਦ ਕੀਤੇ ਜਾਣਗੇ
‘ਮੈਂ ਤੇ ਮੇਰੀ ਪਤਨੀ, ਬ੍ਰਜਿਿੰਦਰ ਗੋਸਵਾਮੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ ਜਿਨ੍ਹਾਂ ਨੂੰ ਦੁਨੀਆ ਭਰ ’ਚ ਕਲਾ ਤੇ ਸੰਸਕ੍ਰਿਤੀ ਦੇ ਮਹਾਨ ਇਤਿਹਾਸਕਾਰ ਵਜੋਂ ਜਾਣਿਆ ਜਾਂਦਾ ਸੀ। ਉਹ ਇੱਕ ਉੱਘੇ ਵਿਦਵਾਨ ਸਨ ਜਿਨ੍ਹਾਂ ਆਪਣੀ ਪੂਰੀ ਜ਼ਿੰਦਗੀ ਅਧਿਐਨ ਤੇ ਅਧਿਆਪਨ ਵਿੱਚ ਬਿਤਾਈ ਅਤੇ ਦੋ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਜਿਨ੍ਹਾਂ ਰਾਹੀਂ ਆਉਣ ਵਾਲੇ ਦਹਾਕਿਆਂ ਤੱਕ ਉਨ੍ਹਾਂ ਨੂੰ ਦੇਸ਼ ਤੇ ਵਿਦੇਸ਼ ’ਚ ਸਦਾ ਯਾਦ ਰੱਖਿਆ ਜਾਵੇਗਾ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਮਰਹੂਮ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਪ੍ਰਮਾਤਮਾ ਉਨ੍ਹਾਂ ਦੀ ਇੱਕੋ-ਇੱਕ ਧੀ ਮਾਲਵਿਕਾ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।’ -ਐੱਨਐੱਨ ਵੋਹਰਾ,
ਸਾਬਕਾ ਰਾਜਪਾਲ, ਜੰਮੂ ਕਸ਼ਮੀਰ
ਪ੍ਰੋ. ਗੋਸਵਾਮੀ ਦਾ ਸਮਰਪਣ ਤੇ ਵਿਦਵਤਾ ਬੇਮਿਸਾਲ ਸੀ : ਰਾਜਪਾਲ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪ੍ਰੋ. ਗੋਸਵਾਮੀ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਕਲਾ ਇਤਿਹਾਸ ਦੇ ਖੇਤਰ ਦੀ ਉੱਘੀ ਹਸਤੀ ਦੱਸਿਆ। ਉਨ੍ਹਾਂ ਕਿਹਾ ਕਿ ਇੱਕ ਕਲਾ ਇਤਿਹਾਸਕਾਰ ਅਤੇ ਕਲਾ ਆਲੋਚਕ ਵਜੋਂ ਉਨ੍ਹਾਂ ਦਾ ਸਮਰਪਣ ਅਤੇ ਵਿਦਵਤਾ ਬੇਮਿਸਾਲ ਸੀ। ਉਹ ਇੱਕ ਸਥਾਈ ਵਿਰਾਸਤ ਛੱਡ ਕੇ ਗਏ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਰਾਜਪਾਲ ਨੇ ਕਿਹਾ ਕਿ ਪ੍ਰੋ. ਗੋਸਵਾਮੀ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।