ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਪਿਆਂ ਲਈ ਸੰਤਾਪ ਬਣਿਆ ਪਰਵਾਸ

09:05 AM Mar 27, 2024 IST

ਸੁਖਪਾਲ ਸਿੰਘ ਗਿੱਲ
Advertisement

ਮਾਪਿਆਂ ਲਈ ਔਲਾਦ ਤੋਂ ਬਿਨਾਂ ਸਭ ਰਿਸ਼ਤੇ ਦੂਜੇ ਨੰਬਰ ’ਤੇ ਆਉਂਦੇ ਹਨ। ਇਸ ਲਈ ਜਦੋਂ ਬੱਚਾ ਗਰਭ ਵਿੱਚ ਹੁੰਦਾ ਹੈ ਤਾਂ ਮਾਂ-ਪਿਓ ਬੱਚੇ ਲਈ ਗਿਣਤੀਆਂ-ਮਿਣਤੀਆਂ ਸ਼ੁਰੂ ਕਰ ਦਿੰਦੇ ਹਨ। ਪਿਛਲੇ ਲਗਭਗ 20 ਕੁ ਸਾਲ ਤੋਂ ਪਰਵਾਸ ਦਾ ਰੁਝਾਨ ਇਸ ਹੱਦ ਤਕ ਵਧ ਗਿਆ ਹੈ ਕਿ ਪੰਜਾਬੀ ਮਾਪੇ ਇਕੱਲਪੁਣੇ ਵਿੱਚ ਰਹਿ ਕੇ ਆਪਣੇ ਅਤੀਤ ਨੂੰ ਝੂਰਦੇ ਹੋਏ ਸਿਰੇ ਦਾ ਸੰਤਾਪ ਹੰਡਾਉਣ ਲਈ ਮਜਬੂਰ ਹਨ। ਇਸ ਪਿੱਛੇ ਸਰਕਾਰਾਂ ਦੀ ਨਾਕਾਮੀ ਅਤੇ ਭਵਿੱਖ ਤੋਂ ਬੇਮੁਖ ਗ਼ਲਤ ਨੀਤੀਆਂ ਜ਼ਿੰਮੇਵਾਰ ਹਨ। ਸਪਤਸਿੰਧੂ ਤੋਂ ਅੱਜ ਤੱਕ ਪੰਜਾਬ ਨੇ ਤਰ੍ਹਾਂ-ਤਰ੍ਹਾਂ ਦੇ ਸੰਤਾਪ ਹੰਡਾਏ। ਹਰ ਸੰਤਾਪ ਨੂੰ ਨਕਾਰ ਕੇ ਪੰਜਾਬ ਨੇ ਨੈਤਿਕ ਨਾਬਰੀ ਅਤੇ ਸਵੈਮਾਣ ਦਾ ਦਰਜਾ ਰੱਖਿਆ।
ਭਾਰਤ ਦੇ 1.53% ਭੂਗੋਲਿਕ ਇਲਾਕੇ ’ਚ ਫੈਲੇ ਪੰਜਾਬ ਦੀ ਸੱਤਰ ਪ੍ਰਤੀਸ਼ਤ ਲਗਭਗ 12581 ਪਿੰਡਾਂ ਵਿੱਚ ਰਹਿੰਦੀ ਵੱਸੋਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਇਸ ਧੰਦੇ ਦੀ ਅਣਦੇਖੀ ਕਰਕੇ ਅਤੇ ਸਰਕਾਰੀ ਨੀਤੀਆਂ ਨੇ ਪਰਵਾਸ ਵੱਲ ਪੰਜਾਬੀਆਂ ਨੂੰ ਧਕੇਲਿਆ ਹੈ। ਹਰੀ-ਕ੍ਰਾਂਤੀ ਨੇ ਪੰਜਾਬੀਆਂ ਰਾਹੀਂ ਕੇਂਦਰੀ ਭੰਡਾਰ ਭਰੇ। ਇਹ ਅਜਿਹਾ ਦੌਰ ਸੀ ਕਿ ਸਾਂਝੇ ਪਰਿਵਾਰਾਂ ਰਾਹੀਂ ਸਭ ਇਕੱਠੇ ਰਹਿ ਕੇ ਸੰਤਾਪ ਤੋਂ ਦੂਰ ਰਹਿੰਦੇ ਸਨ। ਮਾਪਿਆਂ ਨੂੰ ਇਉਂ ਲੱਗਦਾ ਸੀ ਕਿ ਸਾਡਾ ਜਹਾਨ ਸਾਡੀ ਔਲਾਦ ਸਾਡੇ ਕੋਲ ਹੈ। ਹੌਲੀ-ਹੌਲੀ ਪਰਵਾਸ ਦੀ ਗਤੀ ਇੰਨੀ ਤੇਜ਼ ਹੋਈ ਕਿ ਸਭ ਕੁਝ ਅਸੰਤੁਲਿਤ ਹੋ ਗਿਆ ਜਿਸ ਦੀ ਮਾਰ ਅੱਜ ਮਾਪੇ ਬੁਰੀ ਤਰ੍ਹਾਂ ਝੱਲ ਰਹੇ ਹਨ।
ਬੱਚਿਆਂ ਦੇ ਵਿਕਾਸ ਦਾ ਪਹਿਲਾ ਪੜਾਅ ਸਕੂਲੀ ਸਿੱਖਿਆ ਹੁੰਦੀ ਹੈ। ਇਸ ਸਮੇਂ ਆਪਣੇ ਸੱਭਿਆਚਾਰ ਅਤੇ ਮਾਂ-ਬੋਲੀ ਨੂੰ ਪਰੇ ਕਰਨਾ ਖ਼ਾਸ ਰੁਤਬਾ ਸਮਝਿਆ ਜਾਂਦਾ ਹੈ। ਯੂਨੈਸਕੋ ਨੇ 1953 ਵਿੱਚ ਕਿਹਾ ਸੀ ਕਿ ਮਾਤ ਭਾਸ਼ਾ ਰਾਹੀਂ ਹੀ ਮੁੱਢਲੇ ਪੱਧਰ ’ਤੇ ਸਿੱਖਿਆ ਹੋਣੀ ਚਾਹੀਦੀ ਹੈ। ਇਸ ਨਾਲ ਬੱਚੇ ਦਾ ਸਰਵਪੱਖੀ ਵਿਕਾਸ ਹੋਵੇਗਾ। ਪਰਵਾਸ ਲਈ ਨਸ਼ਾ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਹੈ ਕਿਉਂਕਿ ਪਿਛਲੇ ਸਮਿਆਂ ਤੋਂ ਪੰਜਾਬ ਵਿੱਚ ਨਸ਼ੇ ਦਾ ਮੁੱਦਾ ਗੰਭੀਰ ਬਣਿਆ ਹੋਇਆ ਹੈ। ਹਰ ਮਾਪੇ ਇਸ ਦੌਰ ਵਿੱਚ ਪੰਜਾਬ ਤੋਂ ਬਾਹਰ ਬੱਚੇ ਨੂੰ ਸੁਰੱਖਿਅਤ ਸਮਝਦੇ ਹਨ ਜਦੋਂ ਕਿ ਹਕੀਕਤ ਕੁਝ ਹੋਰ ਹੈ। 1947 ਦੇ ਉਜਾੜੇ ਤੋਂ ਬਾਅਦ 1950 ਵਿੱਚ ਪੰਜਾਬੀ ਪਰਵਾਸ ਕਰਨ ਲੱਗੇ ਸਨ। ਹੁਣ ਪੰਜਾਬ ਦੀ ਧੁੰਦਲੀ ਹੋਈ ਫਿਜ਼ਾ ਲਈ ਮਾਪੇ ਪਰਵਾਸ ਦਾ ਅੱਕ ਚੱਬਣ ਲਈ ਮਜਬੂਰ ਹੁੰਦੇ ਹਨ। ਆਪ ਮਾਨਸਿਕ ਪਰੇਸ਼ਾਨੀ ਵਿੱਚ ਰਹਿ ਕੇ ਇਹ ਕਹਿੰਦੇ ਹਨ ਕਿ ਚਲੋ ਜੀ! ਬੱਚਿਆਂ ਦਾ ਭੱਵਿਖ ਵੀ ਦੇਖਣਾ ਪੈਂਦਾ ਹੈ।
ਮਾਪਿਆਂ ਨੂੰ ਪੰਜਾਬ ਦੀ ਬੇਰੁਜ਼ਗਾਰੀ ਦਾ ਅੰਕੜਾ ਸਤਾਉਂਦਾ ਹੈ। ਇਸ ਕਾਰਨ ਪੰਜਾਬੀ ਨੌਜਵਾਨਾਂ ਦਾ ਜ਼ਿਆਦਾ ਰੁਖ਼ ਕਨੈਡਾ ਵੱਲ ਹੈ। ਇੱਥੇ 200 ਤੋਂ ਵੱਧ ਕਾਲਜ ਪੰਜਾਬੀਆਂ ਨਾਲ ਨੱਕੋ-ਨੱਕ ਭਰੇ ਹੋਏ ਹਨ। ਇਸ ਤੋਂ ਇਲਾਵਾ ਹੋਰ ਵੀ ਖ਼ਤਰਨਾਕ ਰੁਝਾਨ ਹੈ ਕਿ ਹਰ ਸਾਲ 20000 ਪੰਜਾਬੀ ਗ਼ੈਰ-ਕਾਨੂੰਨੀ ਤਰੀਕੇ ਨਾਲ ਪਰਵਾਸ ਕਰਦੇ ਹਨ। ਪੰਜਾਬੀ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਜੋਗਿੰਦਰ ਸਿੰਘ ਪੁਆਰ ਨੇ ਪੰਜਾਬੀਆਂ ਦੇ ਪਰਵਾਸ ਨੂੰ ਰੋਕਣ ਲਈ ਹੁਨਰਮੰਦ ਅਤੇ ਰੁਜ਼ਗਾਰ ਗਰੰਟੀ ਘੜਨ ਦੀ ਨਸੀਹਤ ਦਿੱਤੀ ਸੀ ਪਰ ਇਸ ਨੂੰ ਬੂਰ ਨਹੀਂ ਪਿਆ।
ਆਰਥਿਕ ਪੱਖ ਤੋਂ ਵੀ ਪਰਵਾਸ ਪੰਜਾਬ ਦੀ ਅਰਥਵਿਵਸਥਾ ਲਈ ਠੀਕ ਨਹੀਂ ਹੈ। ਪੰਜਾਬ ਦੇ ਬੱਚੇ ਹਰ ਸਾਲ 27 ਹਜ਼ਾਰ ਕਰੋੜ ਆਪਣੇ ਨਾਲ ਵਿਦੇਸ਼ਾਂ ਵਿੱਚ ਲੈ ਕੇ ਜਾਂਦੇ ਹਨ। ਜੇਕਰ ਇਸ ਨਾਲ ਇੱਥੇ ਹੀ ਸਵੈ ਰੁਜ਼ਗਾਰ ਸ਼ੁਰੂ ਕੀਤਾ ਹੁੰਦਾ ਤਾਂ ਪੰਜਾਬ ਦੀ ਤਸਵੀਰ ਹੋਰ ਹੀ ਹੋਣੀ ਸੀ। 2016 ਤੋਂ 2021 ਤੱਕ 4.78 ਲੱਖ ਪੰਜਾਬੀ ਰੁਜ਼ਗਾਰ ਦੀ ਭਾਲ ਵਿੱਚ ਪੰਜਾਬ ਛੱਡ ਗਏ ਸਨ ਪਰ 2024 ਵਿੱਚ ਵੀ ਸਾਡੇ ਕੋਲ ਪਰਵਾਸ ਰੋਕਣ ਲਈ ਕੋਈ ਠੋਸ ਨੀਤੀ ਨਹੀਂ ਹੈ। ਨੌਜਵਾਨਾਂ ਵਿੱਚ ਰੀਸੋ-ਰੀਸੀ ਪਰਵਾਸ ਦੀ ਚਾਹਤ ਰੱਖੀ ਜਾਂਦੀ ਹੈ। ਭਾਵੇਂ ਪਰਵਾਸ ਮਾੜਾ ਨਹੀਂ ਪਰ ਇਹ ਸਾਡੀ ਸੱਭਿਅਤਾ ਦੀ ਤਸਵੀਰ ਨਾਲ ਮੇਲ ਨਹੀਂ ਖਾਂਦਾ। ਜੇ ਬੱਚੇ ਵਿਦੇਸ਼ਾਂ ਵਿੱਚ ਕਮਾ ਕੇ ਪੰਜਾਬ ਭੇਜਦੇ ਹਨ ਤਾਂ ਇਸ ਪਿੱਛੇ ਲੰਮੀ ਜੱਦੋ-ਜਹਿਦ ਹੁੰਦੀ ਹੈ। ਕਿੰਨਾ ਚੰਗਾ ਹੁੰਦਾ ਜੇ ਵਿਦੇਸ਼ ਦੀ ਤਰਜ਼ ’ਤੇ ਪੰਜਾਬ ਹੀ ਰੁਜ਼ਗਾਰ ਮੁਖੀ ਹੋਵੇ, ਇਸ ਨਾਲ ਕਈ ਅਲਾਮਤਾਂ ਦਾ ਅੰਤ ਹੋਵੇਗਾ।
ਹੁਣ ਸਾਡੇ ਅੱਗੇ ਪਰਵਾਸ ਦੇ ਨਤੀਜੇ ਵਿਕਰਾਲ ਰੂਪ ਧਾਰ ਕੇ ਖੜ੍ਹੇ ਹਨ। ਇਸ ਦਾ ਸਭ ਤੋਂ ਵੱਡਾ ਸੰਤਾਪ ਵਿਲਕਦਾ ਬੁਢਾਪਾ ਹੈ। ਉਹ ਆਪਣੇ ਬੱਚਿਆਂ ਦੀ ਸੁੱਖ-ਸਾਂਦ ਮੰਗਦੇ ਹੋਏ ਦੁਨੀਆ ਤੋਂ ਰੁਖ਼ਸਤ ਹੋ ਰਹੇ ਹਨ। ਇਸ ਨਾਲ ਕਈ ਤਰ੍ਹਾਂ ਦੇ ਸਮਾਜਿਕ ਸੰਕਟ ਪੈਦਾ ਹੋ ਰਹੇ ਹਨ। ਹਰ ਕੋਈ ਪਰਵਾਸ ਨੂੰ ਰੋਕਣ ਲਈ ਲਿਖ, ਪੜ੍ਹ ਅਤੇ ਸੁਣਾ ਰਿਹਾ ਹੈ ਪਰ ਫਿਰ ਵੀ ਇਹ ਮੋੜਾ ਨਹੀਂ ਕੱਟ ਰਿਹਾ। ਸੰਤਾਪ ਅਤੇ ਸੰਘਰਸ਼ ਦੀ ਗਾਥਾ ਲਿਖਦੀ ਹੋਈ ਪੰਜਾਬ ਦੀ ਜਵਾਨੀ ਮਾਪਿਆਂ ਨੂੰ ਸੰਤਾਪ ਝੱਲਣ ਲਈ ਮਜਬੂਰ ਕਰਦੀ ਹੈ। ਇਸ ਨਾਲ ਸਮਾਜ ਵਿੱਚ ਅਸਥਿਰਤਾ ਪੈਦਾ ਹੋ ਕੇ ਰਿਸ਼ਤੇ-ਨਾਤੇ ਵਿਗੜ ਰਹੇ ਹਨ ਜੋ ਕਿ ਪੰਜਾਬ ਦੇ ਸ਼ਾਨਾਮੱਤੀ ਵਿਰਸੇ ਨੂੰ ਧੁੰਦਲਾ ਕਰ ਰਿਹਾ ਹੈ। ਲੋੜ ਹੈ ਪਰਵਾਸ ਲਈ ਜੰਗੀ ਪੱਧਰ ’ਤੇ ਪਰਖ ਪੜਚੋਲ ਕਰਕੇ ਕੋਈ ਸਾਰਥਿਕ ਹੱਲ ਲੱਭਣ ਦੀ। ਅੱਜ ਪਰਵਾਸ ਦੀ ਚਾਹਤ ਵਿੱਚ ਗਵਾਚੇ ਬੱਚੇ ਮੁੜ ਮਾਂ-ਪਿਓ ਨਾਲ ਮਿਲ ਕੇ ਬੈਠਣ ਇਸ ਨਾਲ ਹੀ ਪੰਜਾਬ ਦਾ ਭਲਾ ਹੋਵੇਗਾ।
ਸੰਪਰਕ: 98781-11445

Advertisement
Advertisement