ਐਮਰਜਿੰਗ ਏਸ਼ੀਆ ਕੱਪ: ਭਾਰਤ ਨੇ ਪਾਕਿ ਨੂੰ 8 ਵਿਕਟਾਂ ਨਾਲ ਹਰਾਇਆ
ਕੋਲੰਬੋ, 19 ਜੁਲਾਈ
ਭਾਰਤ ਦੇ ਉਭਰਦੇ ਹੋਏ ਬੱਲੇਬਾਜ਼ ਸਾਈ ਸੁਦਰਸ਼ਨ ਦੇ ਸੈਂਕੜੇ ਤੇ ਤੇਜ਼ ਗੇਂਦਬਾਜ਼ ਰਾਜਵਰਧਨ ਹੈਂਗਰਗੇਕਰ ਦੀ ਤਿੱਖੀ ਗੇਂਦਬਾਜ਼ੀ ਦੀ ਬਦੌਲਤ ਭਾਰਤ-ਏ ਨੇ ਅੱਜ ਇਥੇ ਐਮਰਜਿੰਗ ਏਸ਼ੀਆ ਕੱਪ ਵਿੱਚ ਪਾਕਿਸਤਾਨ-ਏ ਟੀਮ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਲੀਗ ਸੈਸ਼ਨ ਦਾ ਅੰਤ ਸਾਰੇ ਮੈਚਾਂ ਦੀ ਜਿੱਤ ਨਾਲ ਕੀਤਾ। ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲਈ ਉੱਤਰੀ ਤੇ ਉਹ 48 ਓਵਰਾਂ ਵਿੱਚ 205 ਦੌੜਾਂ ’ਤੇ ਸਿਮਟ ਗਈ ਜਿਸ ਵਿੱਚ ਹੈਂਗਰਗੇਕਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਭੂਮਿਕਾ ਅਹਿਮ ਰਹੀ। ਉਸ ਨੇ 8 ਓਵਰਾਂ ਵਿੱਚ 42 ਦੌੜਾਂ ਦੇ ਕੇ ਪੰਜ ਖਿਡਾਰੀ ਆਊਟ ਕੀਤੇ। ਪਾਕਿ ਟੀਮ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਵੱਲੋਂ ਸੁਦਰਸ਼ਨ ਨੇ 110 ਗੇਂਦਾਂ ਵਿੱਚ 104 ਦੌੜਾਂ ਦੀ ਪਾਰੀ ਖੇਡੀ ਤੇ ਭਾਰਤੀ ਟੀਮ ਨੇ ਜੇਤੂ ਟੀਚਾ 36.4 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਸੁਦਰਸ਼ਨ ਨੇ ਪਾਕਿਸਤਾਨੀ ਟੀਮ ਦੇ ਸੀਨੀਅਰ ਤੇਜ਼ ਗੇਂਦਬਾਜ਼ ਸ਼ਾਹਨਵਾਜ਼ ਦਹਾਨੀ ਦੀ ਗੇਂਦਬਾਜ਼ੀ ’ਤੇ ਲਗਾਤਾਰ ਛੱਕੇ ਜੜ ਕੇ ਆਪਣਾ ਚੌਥਾ ਲਿਸਟ-ਏ ਸੈਂਕੜਾ ਪੂਰਾ ਕੀਤਾ। ਉਸ ਨੇ ਕੇਰਲਾ ਦੇ ਬੱਲੇਬਾਜ਼ ਨਿਕਨਿ ਜੋਸ (64 ਗੇਂਦਾਂ ’ਤੇ 53 ਦੌੜਾਂ) ਦੇ ਨਾਲ ਦੂਜੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਪਾਕਿਸਤਾਨ ਦੀਆਂ ਵਾਪਸੀ ਦੀਆਂ ਉਮੀਦਾਂ ਨੂੰ ਖਤਮ ਕਰ ਦਿੱਤਾ। -ਪੀਟੀਆਈ