For the best experience, open
https://m.punjabitribuneonline.com
on your mobile browser.
Advertisement

‘ਐਮਰਜੈਂਸੀ’: ਫ਼ਿਲਮ ਰਿਲੀਜ਼ ਕਰਵਾਉਣ ਲਈ ਅਦਾਲਤ ਵੀ ਜਾਵਾਂਗੀ: ਕੰਗਨਾ

08:42 AM Aug 31, 2024 IST
‘ਐਮਰਜੈਂਸੀ’  ਫ਼ਿਲਮ ਰਿਲੀਜ਼ ਕਰਵਾਉਣ ਲਈ ਅਦਾਲਤ ਵੀ ਜਾਵਾਂਗੀ  ਕੰਗਨਾ
Advertisement

ਨਵੀਂ ਦਿੱਲੀ: ਬੌਲੀਵੁਡ ਅਦਾਕਾਰਾ ਤੇ ਫਿਲਮ ਨਿਰਮਾਤਾ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨੇ ਉਸ ਨੂੰ ਆਉਣ ਵਾਲੀ ਫਿਲਮ ‘ਐਮਰਜੈਂਸੀ’ ਲਈ ਹਾਲੇ ਤੱਕ ਸਰਟੀਫਿਕੇਟ ਨਹੀਂ ਦਿੱਤਾ ਹੈ ਅਤੇ ਉਮੀਦ ਹੈ ਕਿ ਇਹ ਸਮੇਂ ਸਿਰ ਮਿਲ ਜਾਵੇਗਾ, ਨਹੀਂ ਤਾਂ ਉਹ ਅਦਾਲਤ ਦਾ ਰੁਖ਼ ਕਰੇਗੀ। ਛੇ ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਬਾਰੇ ਗੱਲ ਕਰਦਿਆਂ ਕੰਗਨਾ ਨੇ ਕਿਹਾ, ‘ਉਮੀਦ ਹੈ ਕਿ ਮੇਰੀ ਫਿਲਮ ਨੂੰ ਸੈਂਸਰ ਤੋਂ ਮਨਜ਼ੂਰੀ ਮਿਲ ਜਾਵੇਗੀ।’ ਕੰਗਨਾ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਸੈਂਸਰ ਬੋਰਡ ਝਿਜਕ ਰਿਹਾ ਹੈ। ਉਸ ਦੇ ਸੈਂਸਰ ਬੋਰਡ ਨਾਲ ਵੀ ਬਹੁਤ ਸਾਰੇ ਮਸਲੇ ਹਨ ਪਰ ਉਸ ਨੂੰ ਉਮੀਦ ਹੈ ਕਿ ਇਹ ਫਿਲਮ ਰਿਲੀਜ਼ ਹੋ ਜਾਵੇਗੀ। ਉਸ ਨੇ ਕਿਹਾ ਕਿ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਇਸ ਫਿਲਮ ਦਾ ਸਰਟੀਫਿਕੇਟ ਮਿਲ ਜਾਵੇਗਾ। ਜੇ ਸੈਂਸਰ ਬੋਰਡ ਨੇ ਸਰਟੀਫਿਕੇਟ ਨਾ ਦਿੱਤਾ ਤਾਂ ਉਹ ਅਦਾਲਤ ਦਾ ਦਰ ਖੜਕਾਏਗੀ। ਉਸ ਨੇ ਅੱਗੇ ਕਿਹਾ,‘ਮੈਂ ਆਪਣਾ ਹੱਕ ਲੈਣ ਲਈ ਲੜਾਈ ਲੜਾਂਗੀ, ਤੁਸੀਂ ਇਤਿਹਾਸ ਬਦਲ ਨਹੀਂ ਸਕਦੇ ਅਤੇ ਧਮਕੀਆਂ ਦੇ ਕੇ ਡਰਾ ਨਹੀਂ ਸਕਦੇ। ਸਾਨੂੰ ਇਤਿਹਾਸ ਦਿਖਾਉਣਾ ਪਵੇਗਾ। ਲਗਪਗ 70 ਸਾਲ ਦੀ ਬਜ਼ੁਰਗ ਔਰਤ ਨੂੰ ਉਸ ਦੇ ਘਰ ਵਿੱਚ 30-35 ਵਾਰ ਗੋਲੀਆਂ ਮਾਰੀਆਂ ਗਈਆਂ... ਕਿਸੇ ਨੇ ਤਾਂ ਉਸ ਨੂੰ ਮਾਰਿਆ ਹੋਵੇਗਾ। ਤੁਹਾਨੂੰ ਇਤਿਹਾਸ ਦਿਖਾਉਣਾ ਪਵੇਗਾ ਕਿ ਉਸ ਦੀ ਮੌਤ ਕਿਵੇਂ ਹੋਈ? -ਆਈਏਐੱਨਐੱਸ

ਅਕਾਲੀ ਦਲ ਵੱਲੋਂ ‘ਐਮਰਜੈਂਸੀ’ ਫ਼ਿਲਮ ਸਬੰਧੀ ਸੀਬੀਐੱਫਸੀ ਨੂੰ ਕਾਨੂੰਨੀ ਨੋਟਿਸ

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਕੰਗਨਾ ਰਣੌਤ ਦੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਨੂੰ ਸਰਟੀਫਿਕੇਟ ਦੇਣ ਸਬੰਧੀ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐੱਫਸੀ) ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਅਕਾਲੀ ਦਲ ਨੇ ਇਤਿਹਾਸਕ ਘਟਨਾਵਾਂ ਅਤੇ ਵਿਅਕਤੀਆਂ, ਖਾਸ ਕਰ ਸਿੱਖ ਭਾਈਚਾਰੇ ਨਾਲ ਸਬੰਧਤ, ਦੀ ਗ਼ਲਤ ਪੇਸ਼ਕਾਰੀ ’ਤੇ ਚਿੰਤਾ ਪ੍ਰਗਟ ਕਰਦਿਆਂ ਫ਼ਿਲਮ ਦੇ ਰਿਲੀਜ਼ ਹੋਣ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਨੋਟਿਸ ਵਿੱਚ ਸੀਬੀਐੱਫਸੀ ਦੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ ਗਿਆ ਹੈ ਅਤੇ ਫ਼ਿਲਮ ‘ਐਮਰਜੈਂਸੀ’ ਨੂੰ ਦਿੱਤੇ ਸਰਟੀਫਿਕੇਟ ਨੂੰ ਫੌਰੀ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਸ ਦੀ ਰਿਲੀਜ਼ ’ਤੇ ਰੋਕ ਲਗਾਈ ਜਾ ਸਕੇ। ਇਹ ਨੋਟਿਸ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਭੇਜਿਆ ਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ‘ਐਮਰਜੈਂਸੀ’ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਟਰੇਲਰ ਵਿੱਚ ਇਤਿਹਾਸਕ ਤੱਥਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। -ਏਐੱਨਆਈ

Advertisement

ਹਰਿਆਣਾ ਗੁਰਦੁਆਰਾ ਕਮੇਟੀ ਵੱਲੋਂ ਫ਼ਿਲਮ ‘ਐਮਰਜੈਂਸੀ’ ਉੱਤੇ ਪਾਬੰਦੀ ਲਾਉਣ ਦੀ ਮੰਗ

ਕੁਰੂਕਸ਼ੇਤਰ (ਸਰਬਜੋਤ ਸਿੰਘ ਦੁੱਗਲ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਉੱਤੇ ਪਾਬੰਦੀ ਲਾਉਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕਮੇਟੀ ਨੇ ਆਨਲਾਈਨ ਉਤਪਾਦ ਵੇਚਣ ਵਾਲੀ ਕੰਪਨੀ ‘ਐਮਾਜ਼ੋਨ’ ਵੱਲੋਂ ਗੁਟਕਾ ਸਾਹਿਬ ਦੀ ਵਿਕਰੀ ਦੇ ਵਿਰੋਧ ਵਿੱਚ ਕਾਨੂੰਨੀ ਨੋਟਿਸ ਭੇਜਣ ਦਾ ਫੈਸਲਾ ਵੀ ਕੀਤਾ ਹੈ। ਇੰਨਾ ਹੀ ਨਹੀਂ, ਸੰਸਥਾ ਦੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਇਕ ਵਾਰ ਫਿਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਦਿੱਤੀ ਗਈ ਹੈ। ਇਹ ਜਾਣਕਾਰੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਦਿੱਤੀ। ਉਹ ਅੱਜ ਸੰਸਥਾ ਦੇ ਮੁੱਖ ਦਫ਼ਤਰ ਕੁਰੂਕਸ਼ੇਤਰ ਵਿੱਚ ਨਵੀਂ ਬਣੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਾਰਜਕਾਰਨੀ ਦੀ ਪਲੇਠੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਦੱਸਣਾ ਬਣਦਾ ਹੈ ਕਿ ਕੰਗਨਾ ਰਣੌਤ ਦੀ ਫਿਲਮ ’ਤੇ ਪਾਬੰਦੀ ਲਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਸੈਂਸਰ ਬੋਰਡ ਨੂੰ ਇਸ ਫਿਲਮ ਨੂੰ ਸਰਟੀਫਿਕੇਟ ਨਾ ਦੇਣ ਦੀ ਅਪੀਲ ਕੀਤੀ ਗਈ ਹੈ।

Advertisement
Author Image

sukhwinder singh

View all posts

Advertisement