Emergency: ਕਾਂਗਰਸ ਦੇ ਮੱਥੇ ਤੋਂ ਐਮਰਜੈਂਸੀ ਦਾ ਕਲੰਕ ਕਦੇ ਨਹੀਂ ਮਿਟੇਗਾ: ਮੋਦੀ
ਨਵੀਂ ਦਿੱਲੀ, 14 ਦਸੰਬਰ
ਐਮਰਜੈਂਸੀ ਨੂੰ ਲੈ ਕੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਵਿਰੋਧੀ ਪਾਰਟੀ ਦੇ ਮੱਥੇ ਤੋਂ ਇਹ ਕਲੰਕ ਕਦੇ ਨਹੀਂ ਮਿਟੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸਦਨ ਵਿੱਚ ‘ਸੰਵਿਧਾਨ ਦੇ 75 ਸਾਲਾਂ ਦੀ ਸ਼ਾਨਦਾਰ ਯਾਤਰਾ’ ਬਾਰੇ ਚਰਚਾ ਦਾ ਜਵਾਬ ਦਿੰਦਿਆਂ ਐਮਰਜੈਂਸੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਦੁਨੀਆਂ ’ਚ ਜਦੋਂ ਵੀ ਲੋਕਤੰਤਰ ਦੀ ਚਰਚਾ ਹੋਵੇਗੀ ਤਾਂ ਕਾਂਗਰਸ ਦੇ ਮੱਥੇ ਤੋਂ ਇਹ ਕਲੰਕ ਕਦੇ ਨਹੀਂ ਮਿਟ ਸਕੇਗਾ ਕਿਉਂਕਿ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਸੀ। ਭਾਰਤੀ ਸੰਵਿਧਾਨ ਦੇ ਘਾੜਿਆਂ ਦੀ ਤਪੱਸਿਆ ਨੂੰ ਮਿੱਟੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।’’
ਲਗਾਤਾਰ ‘ਜੁਮਲਾ’ ਕਹਿ ਕੇ ਭਾਜਪਾ ਦਾ ਮਜ਼ਾਕ ਉਡਾਉਣ ’ਤੇ ਕਾਂਗਰਸ ’ਤੇ ਪਲਟਵਾਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਸਭ ਤੋਂ ਵੱਡਾ ਜੁਮਲਾ ‘ਗਰੀਬੀ ਹਟਾਓ’ ਹੈ ਅਤੇ ਦੋਸ਼ ਲਾਇਆ ਕਿ ਕਾਂਗਰਸ ਆਗੂਆਂ ਦੀਆਂ ਚਾਰ ਪੀੜ੍ਹੀਆਂ ਚੋਣਾਂ ਦੌਰਾਨ ਇਸ ਦੀ ਵਰਤੋਂ ਕਰਦੀਆਂ ਆ ਰਹੀਆਂ ਹਨ।
ਮੋਦੀ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਸੰਵਿਧਾਨ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਦਾ ਸੰਦੇਸ਼ ਦਿੰਦਾ ਹੈ, ਪਰ ਆਜ਼ਾਦੀ ਤੋਂ ਬਾਅਦ ਏਕਤਾ ਦੀ ਮੂਲ ਭਾਵਨਾ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ, ‘‘ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸੰਵਿਧਾਨ ਘੜਨ ਵਾਲਿਆਂ ਦੇ ਮਨ ਵਿੱਚ ਏਕਤਾ ਦੀ ਭਾਵਨਾ ਸੀ, ਪਰ ਆਜ਼ਾਦੀ ਤੋਂ ਬਾਅਦ ਦੇਸ਼ ਦੀ ਏਕਤਾ ਦੀ ਮੂਲ ਭਾਵਨਾ ’ਤੇ ਹਮਲਾ ਕੀਤਾ ਗਿਆ ਅਤੇ ਗੁਲਾਮੀ ਦੀ ਮਾਨਿਸਕਤਾ ਵਿੱਚ ਪਲ਼ੇ ਲੋਕ ਅਨੇਕਤਾ ਵਿੱਚ ਏਕਤਾ ਦੀ ਬਜਾਏ ਵਿਰੋਧਾਭਾਸ ਲੱਭਦੇ ਰਹੇ।’’
ਮੋਦੀ ਨੇ ਕਿਹਾ, ‘‘ਸਾਡੀ ਸਰਕਾਰ ਦੇ ਫ਼ੈਸਲਿਆਂ ਵਿੱਚ ਲਗਾਤਾਰ ਭਾਰਤ ਦੀ ਏਕਤਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਧਾਰਾ 370 ਏਕਤਾ ਵਿਚ ਅੜਿੱਕਾ ਬਣੀ ਹੋਈ ਸੀ। ਇਸ ਲਈ ਅਸੀਂ ਇਸ ਨੂੰ ਜ਼ਮੀਨ ਵਿੱਚ ਦਫ਼ਨ ਕਰ ਦਿੱਤਾ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਜਮਹੂਰੀ ਅਤੀਤ ਵਿਸ਼ਵ ਲਈ ਪ੍ਰੇਰਨਾਦਾਇਕ ਰਿਹਾ ਹੈ ਅਤੇ ਇਸ ਲਈ ਦੇਸ਼ ਨੂੰ ਲੋਕਤੰਤਰ ਦੀ ਜਨਨੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ, ‘‘ਜਦੋਂ ਅਸੀਂ ਸੰਵਿਧਾਨ ਦੇ ਲਾਗੂ ਹੋਣ ਦੇ 75 ਸਾਲ ਦਾ ਜਸ਼ਨ ਮਨਾ ਰਹੇ ਹਾਂ ਤਾਂ ਇਹ ਵਧੀਆ ਇਤਫ਼ਾਕ ਹੈ ਕਿ ਰਾਸ਼ਟਰਪਤੀ ਦੇ ਅਹੁਦੇ ’ਤੇ ਇੱਕ ਮਹਿਲਾ ਬੈਠੀ ਹੈ, ਜੋ ਸੰਵਿਧਾਨ ਦੀ ਭਾਵਨਾ ਦੇ ਅਨੁਸਾਰ ਵੀ ਹੈ।’’ ਮੋਦੀ ਨੇ ਕਿਹਾ ਕਿ ਭਾਰਤ ਛੇਤੀ ਹੀ ਵਿਸ਼ਵ ਦਾ ਤੀਸਰਾ ਵੱਡਾ ਅਰਥਚਾਰਾ ਬਣਨ ਦੀ ਦਿਸ਼ਾ ਵਿੱਚ ਬਹੁਤ ਮਜ਼ਬੂਤ ਕਦਮ ਰੱਖ ਰਿਹਾ ਹੈ ਅਤੇ 140 ਕਰੋੜ ਦੇਸ਼ਵਾਸੀਆਂ ਦਾ ਸੰਕਲਪ ਉਸ ਨੂੰ ਆਜ਼ਾਦੀ ਦੇ ਸ਼ਤਾਬਦੀ ਵਰ੍ਹੇ ਤੱਕ ਵਿਕਸਿਤ ਭਾਰਤ ਬਣਾਉਣ ਦਾ ਹੈ। -ਪੀਟੀਆਈ