For the best experience, open
https://m.punjabitribuneonline.com
on your mobile browser.
Advertisement

ਐਮਰਜੈਂਸੀ ਵਾਲੀ ਜੇਲ੍ਹ

07:56 AM Feb 14, 2024 IST
ਐਮਰਜੈਂਸੀ ਵਾਲੀ ਜੇਲ੍ਹ
Advertisement

ਨੰਦ ਸਿੰਘ ਮਹਿਤਾ

"ਓਹ ਤੂੰ ਤਾਂ ਓਹੀ ਐਂ, ਐੱਮਐੱਲ ਆਲਾ...!” ਸੰਗਰੂਰ ਜੇਲ੍ਹ ਤੋਂ ਬਾਹਰ ਆਉਂਦਿਆਂ ਮੇਰੇ ਸਾਹਮਣੇ ਖੜ੍ਹਾ ਪੁਲੀਸ ਅਫਸਰ ਰੋਹਬ ਜਿਹੇ ਨਾਲ ਬੋਲਿਆ ਸੀ।
“ਤੇ ਤੂੰ ਫਲਾਣਾ... ਹੈ ਨਾ!” ਮੈਂ ਵੀ ਥੋੜ੍ਹੇ ਸਖ਼ਤ ਲਹਿਜੇ ਨਾਲ ਬੋਲਿਆ ਸਾਂ।
“ਚਲੋ ਬੈਠੋ ਗੱਡੀ ’ਚ...।” ਪੁਲੀਸ ਅਫਸਰ ਨਰਮ ਪੈ ਗਿਆ ਸੀ। ਸ਼ਾਇਦ ਉਸ ਨੂੰ ਆਪਣੇ ਪਿਛੋਕੜ ਦਾ ਪਤਾ ਲੱਗ ਜਾਣ ’ਤੇ ਪ੍ਰੇਸ਼ਾਨੀ ਜਿਹੀ ਹੋ ਰਹੀ ਸੀ।
ਹੋਇਆ ਇਉਂ ਕਿ ਫਰਵਰੀ 1977 ਨੂੰ ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਮੈਨੂੰ ਜ਼ਮਾਨਤ ’ਤੇ ਸੰਗਰੂਰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਤਾਂ ਜੇਲ੍ਹ ਦੇ ਗੇਟ ਤੋਂ ਬਾਹਰ ਪੁਲੀਸ ਵਰਦੀ ’ਚ ਇਹੀ ਅਫਸਰ ਖੜ੍ਹਾ ਸੀ। ਉਸ ਦੇ ਮੋਢਿਆਂ ’ਤੇ ਸਟਾਰ ਵੀ ਲੱਗੇ ਹੋਏ ਸਨ। ਉਹ ਮੈਨੂੰ ਉਦੋਂ ਮਿਲਿਆ ਸੀ ਜਦੋਂ 1971 ਵਿਚ ਮੈਂ ਤੇ ਇੱਕ ਹੋਰ ਕਾਮਰੇਡ ਕਾਲਜ ਹੋਸਟਲ ’ਚ ਵਿਦਿਆਰਥੀਆਂ ਨੂੰ ਵਿਚਾਰਧਾਰਾ ਅਤੇ ਸਿਧਾਂਤ ਸਮਝਾਉਣ ਗਏ ਸੀ। ਉਹ ਪੁਲੀਸ ਅਫਸਰ ਵੀ ਉਨ੍ਹਾਂ 15-18 ਵਿਦਿਆਰਥੀਆਂ ’ਚ ਸ਼ਾਮਲ ਸੀ ਪਰ ਸ਼ਾਇਦ ਉਦੋਂ ਵੀ ਉਹ ਪੁਲੀਸ ਮੁਲਾਜ਼ਮ ਹੀ ਸੀ ਜਿਹੜਾ ਵਿਦਿਆਰਥੀਆਂ ’ਚ ਫਿਟ ਕੀਤਾ ਹੋਇਆ ਸੀ।
ਦੱਸਣਾ ਬਣਦਾ ਹੈ ਕਿ 1975 ’ਚ ਤਤਕਾਲੀ ਪ੍ਰਧਾਨ ਮੰਤਰੀ ਦੀ ਚੋਣ ਨੂੰ ਇਲਾਹਾਬਾਦ ਹਾਈਕੋਰਟ ਦੇ ਰੱਦ ਕਰ ਦੇਣ ਤੋਂ ਬਾਅਦ ਤਾਨਾਸ਼ਾਹੀ ਉਦੇਸ਼ ਨਾਲ ਸਾਰੇ ਦੇਸ਼ ਵਿੱਚ ਐਮਰਜੈਂਸੀ ਲਾ ਦਿੱਤੀ ਗਈ ਸੀ ਅਤੇ ਆਪਣੇ ਸਾਰੇ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਸੀ। ਉਨ੍ਹਾਂ ਵਿਰੋਧੀਆਂ ਵਿੱਚ ਅਸੀਂ ਨਵੇਂ ਨਵੇਂ ਉੱਠੇ ਜਮਹੂਰੀ ਇਨਕਲਾਬੀ ਵੀ ਸਾਂ ਜਿਨ੍ਹਾਂ ਵਿੱਚ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਸਾਹਿਤ ਸਭਾਵਾਂ ਅਤੇ ਵਾਹੀਕਾਰ ਯੂਨੀਅਨ ਦੇ ਛੋਟੇ ਤੋਂ ਛੋਟੇ ਕਾਰਕੁਨ ਵੀ ਸਨ। ਕਈ ਤਾਂ ਉਹ ਵੀ ਸਨ ਜਿਨ੍ਹਾਂ ਕੋਲ ਅਸੀਂ ਚਾਹ-ਪਾਣੀ ਹੀ ਪੀਂਦੇ ਹੁੰਦੇ ਸਾਂ। ਉਨ੍ਹਾਂ ਵਿੱਚ ਬਠਿੰਡੇ ਦੇ ਬੱਸ ਅੱਡੇ ਨੇੜੇ ਰੈਸਟੋਰੈਂਟ ‘ਮੈਟਰੋ’ ਦਾ ਮਾਲਕ ਸੇਠ ਬਨਵਾਰੀ ਲਾਲ ਵੀ ਸੀ।
ਫਿਰ ਉਨ੍ਹਾਂ ਮੈਨੂੰ ਸੰਗਰੂਰ ਸ਼ਹਿਰ ਦੇ ਵਿਚਾਲੇ ਜਿਹੇ ਕੋਤਵਾਲੀ ਲਿਜਾ ਕੇ ਹਵਾਲਾਤ ’ਚ ਬੰਦ ਕਰ ਦਿੱਤਾ । ਉਥੇ ਪਹਿਲਾਂ ਵੀ ਕੁਝ ਨੌਜਵਾਨ ਬੰਦ ਸਨ। ਸ਼ਾਇਦ ਉਹ ਕਿਸੇ ਨਿੱਜੀ ਕੇਸ ਵਿੱਚ ਬੰਦ ਸਨ। ਹਵਾਲਾਤ ਦੀ ਮਾੜੀ ਹਾਲਤ ਕਾਰਨ ਮੈਂ ਕਾਫੀ ਵਿਰੋਧ ਕੀਤਾ; ਨਤੀਜੇ ਵਜੋਂ ਹਵਾਲਾਤ ’ਚ ਰਜ਼ਾਈਆਂ ਦਾ ਪ੍ਰਬੰਧ ਕੀਤਾ ਗਿਆ ਅਤੇ ਸਫ਼ਾਈ ਵੀ ਕਰਵਾਈ ਗਈ। ਉੱਥੇ ਮੈਨੂੰ ਚਾਰ ਦਿਨ ਰੱਖਿਆ ਗਿਆ। ਰੋਟੀ ਪਾਣੀ ਵੀ ਠੀਕ ਮਿਲਦਾ ਰਿਹਾ, ਉਸ ਕੋਤਵਾਲੀ ਦਾ ਐੱਸਐੱਚਓ ਨੇਕ ਇਨਸਾਨ ਸੀ।
ਇੱਕ ਦਿਨ ਉੱਥੇ ਹਾਈ ਕੋਰਟ ਤੋਂ ਇੱਕ ਨੁਮਾਇੰਦਾ (ਵਰੰਟ ਅਫਸਰ) ਵੀ ਆਇਆ। ਮੈਂ ਉਸ ਕੋਲ ਆਪਣੀ ਨਾਜਾਇਜ਼ ਹਿਰਾਸਤ ਦਾ ਹਵਾਲਾ ਦੇ ਕੇ ਰਿਹਾਈ ਦੀ ਬੇਨਤੀ ਕੀਤੀ ਪਰ ਉਸ ਨੇ ਇਹ ਕਹਿ ਕੇ ਆਪਣਾ ਪੱਲਾ ਛੁਡਵਾ ਲਿਆ ਕਿ ਉਹ ਤਾਂ ਕਿਸੇ ਹੋਰ ਦੀ ਰਿਹਾਈ ਲਈ ਆਇਆ ਹੈ।
ਉਹ ਪੁਲੀਸ ਅਫਸਰ ਜਿਹੜਾ ਮੈਨੂੰ ਲੈ ਕੇ ਆਇਆ ਸੀ, ਉਨ੍ਹਾਂ ਚਾਰ ਦਿਨਾਂ ’ਚ ਇੱਕ ਵਾਰ ਵੀ ਮੇਰੇ ਸਾਹਮਣੇ ਨਹੀਂ ਸੀ ਹੋਇਆ।
ਚਾਰ ਕੁ ਦਿਨ ਬਾਅਦ ਉਸ ਕੋਤਵਾਲੀ ਦਾ ਐੱਸਐੱਚਓ ਹਵਾਲਾਤ ਕੋਲ ਆ ਕੇ ਮੈਨੂੰ ਕਹਿਣ ਲੱਗਿਆ, “ਨੌਜਵਾਨ, ਜੇ ਤੇਰੇ ਥਾਣੇ ਵਾਲੇ ਅੱਜ ਵੀ ਨਾ ਆਏ ਤਾਂ ਮੈਂ ਤੈਨੂੰ ਛੱਡ ਦੇਵਾਂਗਾ” ਪਰ ਉਸ ਦਿਨ ਮੇਰੇ ਨਾਲ ਸਬੰਧਿਤ ਥਾਣੇ ਵਾਲੇ ਆ ਗਏ ਅਤੇ ਮੈਨੂੰ ਲੈ ਗਏ; ਉਨ੍ਹਾਂ ਮੈਨੂੰ ਥਾਣਾ ਸੰਗਤ (ਜਿ਼ਲ੍ਹਾ ਬਠਿੰਡਾ) ਦੀ ਹਵਾਲਾਤ ਵਿੱਚ ਬੰਦ ਕਰ ਦਿੱਤਾ। ਉੱਥੋਂ ਦਾ ਇੰਚਾਰਜ ਲਾਲਚੀ ਜਿਹਾ ਸੀ। ਉਹ ਕੁਝ ਲੈਣ-ਦੇਣ ਦੀ ਝਾਕ ਕਰਨ ਲੱਗਿਆ। ਮੈਂ ਉਸ ਨੂੰ ਦੱਸਿਆ, “ਅਸੀਂ ਇਨਕਲਾਬੀ ਹਾਂ ਅਤੇ ਅਸੀਂ ਅਜਿਹਾ ਕੁਝ ਨਹੀਂ ਕਰਦੇ ਹੁੰਦੇ। ਜੇਲ੍ਹਾਂ, ਥਾਣਿਆਂ ’ਚ ਸਾਡਾ ਤਾਂ ਅਕਸਰ ਹੀ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਮੈਂ ਤਕਰੀਬਨ 19 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਹਾਂ।”
ਚਾਰ ਦਿਨ ਉੱਥੇ ਰੱਖ ਕੇ ਉਹ ਮੈਨੂੰ ਬਠਿੰਡੇ ਅਦਾਲਤ ’ਚ ਪੇਸ਼ ਕਰਨ ਲਈ ਲੈ ਗਏ। ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਛੁਡਵਾਉਣ ਦੀ ਪੂਰੀ ਵਾਹ ਲਾਈ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ। ਉਂਝ, ਮੇਰੇ ਵਕੀਲ ਮਿੱਤਰ ਕ੍ਰਿਸ਼ਨ ਸ਼ਰਮਾ ਨੇ ਆਸ ਨਹੀਂ ਸੀ ਛੱਡੀ। ਉਹਨੇ ਆਖ਼ਿਰੀ ਕੋਸ਼ਿਸ਼ ਕੀਤੀ। ਉਦੋਂ ਬਠਿੰਡੇ ਮਸ਼ਹੂਰ ਵਕੀਲ ਮਹਿੰਦਰ ਸਿੰਘ ਸਰਾਂ ਹੁੰਦੇ ਸਨ। ਬਹੁਤ ਹਰਮਨ ਪਿਆਰੇ ਸਨ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਸਨ। ਜਿ਼ਲ੍ਹਾ ਪ੍ਰਸ਼ਾਸਨ ’ਚ ਉਨ੍ਹਾਂ ਦਾ ਕਾਫ਼ੀ ਮਾਣ-ਸਤਿਕਾਰ ਸੀ। ਇਹ ਦੋਵੇਂ ਸ਼ਖ਼ਸ ਹੁਣ ਇਸ ਦੁਨੀਆਂ ਵਿੱਚ ਨਹੀਂ। ਕ੍ਰਿਸ਼ਨ ਸ਼ਰਮਾ ਦੀ ਕੋਸ਼ਿਸ਼ ਨਾਲ ਮਹਿੰਦਰ ਸਿੰਘ ਸਰਾਂ ਦੀ ਅਗਵਾਈ ’ਚ ਵਕੀਲਾਂ ਦਾ ਵੱਡਾ ਵਫਦ ਉਸ ਵੇਲੇ ਦੇ ਐੱਸਐੱਸਪੀ (ਬਠਿੰਡਾ) ਨੂੰ ਮਿਲਿਆ। ਵਫ਼ਦ ਨੇ ਐਮਰਜੈਂਸੀ ਖ਼ਤਮ ਹੋਣ ਦੇ ਨਾਲ ਮੇਰੇ ਲੰਮੇ ਸਮੇਂ ਤੋਂ ਜੇਲ੍ਹ ’ਚ ਬੰਦ ਰਹਿਣ ਦਾ ਵੀ ਜਿ਼ਕਰ ਕੀਤਾ। ਵਫ਼ਦ ਨੇ ਮੇਰੀ ਯੂਨੀਵਰਸਿਟੀ ਦੀ ਪੜ੍ਹਾਈ ਬਾਰੇ ਦੱਸ ਕੇ ਮੇਰੇ ਲਈ ਆਪਣੀ ਜ਼ਾਮਨੀ ਵੀ ਦਿੱਤੀ। ਐੱਸਐੱਸਪੀ ਨੇ ਵਫ਼ਦ ਨੂੰ ਧਿਆਨ ਨਾਲ ਸੁਣਿਆ ਅਤੇ ਮੈਨੂੰ ਮੇਰੇ ਹੀ ਜ਼ਾਤੀ ਮੁਚੱਲਕੇ ’ਤੇ ਜ਼ਮਾਨਤ ਦੇ ਦਿੱਤੀ। ਇਉਂ ਤਕਰੀਬਨ 19 ਮਹੀਨਿਆਂ ਬਾਅਦ ਮੇਰੀ ਰਿਹਾਈ ਹੋਈ।

Advertisement

ਸੰਪਰਕ: 94170-35744

Advertisement

Advertisement
Author Image

sukhwinder singh

View all posts

Advertisement