ਸੱਪ ਦਾ ਜ਼ਹਿਰ ਵਰਤਣ ਦੇ ਮਾਮਲੇ ’ਚ ਐਲਵਿਸ਼ ਯਾਦਵ ਤੋਂ ਪੁੱਛਗਿੱਛ
ਨੋਇਡਾ: ਨੋਇਡਾ ਪੁਲੀਸ ਨੇ ਇਕ ਪਾਰਟੀ ਵਿਚ ਸੱਪ ਦੇ ਜ਼ਹਿਰ ਦੇ ਸ਼ੱਕੀ ਇਸਤੇਮਾਲ ਬਾਰੇ ਯੂਟਿਊਬਰ ਐਲਵਿਸ਼ ਯਾਦਵ ਤੋਂ ਬੁੱਧਵਾਰ ਸੁਵੱਖ਼ਤੇ ਪੁੱਛਗਿੱਛ ਕੀਤੀ। ਇਸੇ ਦੌਰਾਨ ਵੈਟਰਨਰੀ ਵਿਭਾਗ ਵੱਲੋਂ ਕੀਤੀ ਗਈ ਜਾਂਚ ਵਿਚ ਪਿਛਲੇ ਹਫ਼ਤੇ ਬਚਾਏ ਗਏ ਸਾਰੇ ਨੌਂ ਸੱਪਾਂ ’ਚ ਜ਼ਹਿਰ ਵਾਲੀਆਂ ਗ੍ਰੰਥੀਆਂ ਗਾਇਬ ਮਿਲੀਆਂ ਹਨ। ਯਾਦਵ, ਜੋ ਕਿ ਰਿਐਲਟੀ ਸ਼ੋਅ ‘ਬਿੱਗ ਬੌਸ ਓਟੀਟੀ’ ਦਾ ਵੀ ਜੇਤੂ ਹੈ, ਉਨ੍ਹਾਂ ਛੇ ਮੁਲਜ਼ਮਾਂ ਵਿਚੋਂ ਇਕ ਹੈ ਜਿਨ੍ਹਾਂ ਵਿਰੁੱਧ ਪਿਛਲੇ ਹਫ਼ਤੇ ਜੰਗਲੀ ਜੀਵ (ਰੱਖਿਆ) ਐਕਟ, 1972 ਤਹਤਿ ਐਫਆਈਆਰ ਦਰਜ ਹੋਈ ਹੈ। ਇਨ੍ਹਾਂ ਵਿਰੁੱਧ ਆਈਪੀਸੀ ਦੀ ਧਾਰਾ 120-ਬੀ ਵੀ ਲਾਈ ਗਈ ਹੈ ਜੋ ਕਿ ਅਪਰਾਧਕ ਸਾਜ਼ਿਸ਼ ਨਾਲ ਸਬੰਧਤ ਹੈ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਯਾਦਵ ਮੰਗਲਵਾਰ ਰਾਤ ਕਰੀਬ 11.30 ਵਜੇ ਪੁਲੀਸ ਥਾਣੇ ਆਇਆ ਸੀ। ਉਸ ਵੇਲੇ ਉਸ ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ ਗਈ ਤੇ ਜਾਣ ਦਿੱਤਾ ਗਿਆ। ਉਸ ਨੂੰ ਦੁਬਾਰਾ ਸੱਦਿਆ ਜਾਵੇਗਾ। ਪੁਲੀਸ ਨੇ ਉਨ੍ਹਾਂ ਪੰਜ ਜਣਿਆਂ ਦੇ ਰਿਮਾਂਡ ਲਈ ਪਹਿਲਾਂ ਹੀ ਅਰਜ਼ੀ ਦੇ ਦਿੱਤੀ ਹੈ ਜਿਨ੍ਹਾਂ ਨੂੰ ਇਸ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਜਾਂਚ ਕਮੇਟੀ ਦੀ ਅਗਵਾਈ ਕਰ ਰਹੇ ਡਾ. ਨਿਖਿਲ ਵਰਸ਼ਨੇ ਨੇ ਦੱਸਿਆ ਕਿ ਸਾਰੇ ਨੌਂ ਸੱਪਾਂ ਦੀਆਂ ਜ਼ਹਿਰ ਵਾਲੀਆਂ ਗ੍ਰੰਥੀਆਂ ਗਾਇਬ ਹਨ। ਇਨ੍ਹਾਂ ਸੱਪਾਂ ਵਿਚ ਪੰਜ ਕੋਬਰਾ ਸੱਪ ਵੀ ਸਨ। ਵੈਟਰਨਰੀ ਵਿਭਾਗ ਨੇ ਜਾਂਚ ਰਿਪੋਰਟ ਜੰਗਲਾਤ ਵਿਭਾਗ ਨੂੰ ਸੌਂਪ ਦਿੱਤੀ ਹੈ। ਜੰਗਲਾਤ ਵਿਭਾਗ ਹੁਣ ਇਹ ਰਿਪੋਰਟ ਅਗਲੀ ਕਾਰਵਾਈ ਲਈ ਅਦਾਲਤ ’ਚ ਦਾਖਲ ਕਰੇਗਾ। ਪੁਲੀਸ ਨੇ ਕਿਹਾ ਕਿ ਯਾਦਵ ਪਾਰਟੀ ਹਾਲ ਵਿੱਚ ਮੌਜੂਦ ਨਹੀਂ ਸੀ, ਹਾਲਾਂਕਿ ਸੱਪ ਦੇ ਜ਼ਹਿਰ ਦੀ ਵਰਤੋਂ ਦੇ ਪੂਰੇ ਮਾਮਲੇ ਵਿੱਚ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦਾ ਖੁਲਾਸ਼ਾ ਪਸ਼ੂ ਅਧਿਕਾਰ ਗਰੁੱਪ ਪੀਐੱਫਏ ਨੇ ਕੀਤਾ ਸੀ। ਪੁਲੀਸ ਅਧਿਕਾਰੀ ਅਨੁਸਾਰ ਐਲਵਿਸ਼ ਤੋਂ ਵੱਖ ਵੱਖ ਪੁਲੀਸ ਅਧਿਕਾਰੀਆਂ ਨੇ ਪੁੱਛ-ਪੜਤਾਲ ਕੀਤੀ ਹੈ। ਜੰਗਲਾਤ ਵਿਭਾਗ ਨੇ ਅਦਾਲਤ ਤੋਂ ਮਨਜ਼ੂਰੀ ਲੈ ਕੇ ਨੌਂ ਸੱਪਾਂ ਨੂੰ ਸੂਰਜਪੁਰ ਜਲਗਾਹ ’ਚ ਛੱਡ ਦਿੱਤਾ ਹੈ। -ਪੀਟੀਆਈ