ਗਿਆਰਾਂ ਹਜ਼ਾਰ ਏਕੜ ਜ਼ਮੀਨ ਨੂੰ ਨਹਿਰੀ ਪਾਣੀ ਮਿਲੇਗਾ: ਗੋਇਲ
ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਨਵੰਬਰ
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦਾਅਵਾ ਕੀਤਾ ਕਿ ਸੂਬੇ ਦੀ ‘ਆਪ’ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।
ਇੱਥੇ ਕਰਮਗੜ੍ਹ ਅਤੇ ਜਸਵੰਤਪੁਰਾ ਮਾਈਨਰ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਜਲ ਸਰੋਤ ਅਤੇ ਮਾਈਨਿੰਗ ਵਿਭਾਗ ਦੇ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਲਹਿਰਾਗਾਗਾ ਹਲਕੇ ਦੇ ਕੁੱਝ ਪਿੰਡਾਂ ਦੀ 11 ਹਜ਼ਾਰ ਏਕੜ ਜ਼ਮੀਨ ਨੂੰ 12 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਕਰੀਬ 40 ਸਾਲ ਤੋਂ ਕਿਸਾਨਾਂ ਲਈ ਕੁਝ ਨਹੀਂ ਕੀਤਾ। ਭਾਵੇਂ ਰਜਬਾਹੇ ਬਣਵਾਏ ਗਏ ਪਰ ਉਨ੍ਹਾਂ ’ਚ ਨਹਿਰੀ ਪਾਣੀ ਨਹੀਂ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਮਾ ਕਿਸਾਨਾਂ ਨੂੰ ਆਰਥਿਕ ਪੱਖੋਂ ਨਿਰਭਰ ਬਣਾਉਣ ਲਈ ਖੇਤੀਬਾੜੀ ਲਈ ਨਹਿਰੀ ਪਾਣੀ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਲਹਿਰਾਗਾਗਾ ਹਲਕੇ ਦੇ ਪਿੰਡ ਬੰਗਾ, ਬੁਸ਼ਹਿਰਾ, ਬਾਦਲਗੜ੍ਹ, ਹਮੀਰਗੜ੍ਹ, ਹੋਤੀਪੁਰ, ਨਵਾਂਗਾਓ, ਮਕੋਰੜ ਸਾਹਿਬ ਅਤੇ ਮੰਡਵੀ ਦੇ ਪਿੰਡਾਂ ਦੀ 11 ਹਜ਼ਾਰ ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੇਣ ਲਈ ਰਜਵਾਹਿਆਂ ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ।
ਮੰਤਰੀ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਵੀ ਸਰਕਾਰ ਵੱਲੋਂ ਅੰਡਰਗਰਾਊਂਡ ਪਾਈਪ ਲਾਈਨ ਰਾਹੀਂ ਹਜ਼ਾਰਾਂ ਏਕੜ ਜ਼ਮੀਨ ਨੂੰ ਨਹਿਰੀ ਪਾਣੀ ਪਹੁੰਚਾਇਆ ਹੈ। ਇਸ ਮੌਕੇ ਉਨ੍ਹਾਂ ਦੇ ਪੁੱਤਰ ਐਡਵੋਕੇਟ ਗੌਰਵ ਗੋਇਲ, ਓਐੱਸਡੀ ਰਕੇਸ਼ ਕੁਮਾਰ ਗੁਪਤਾ ਵਿੱਕੀ, ਵਿਭਾਗ ਦੇ ਐੱਸਸੀ ਅੰਕਿਤ ਧਿਰ, ਐਕਸੀਅਨ ਗੁਰਦੀਨ ਧਾਲੀਵਾਲ, ਐੱਸਡੀਓ ਚੈਰੀ ਜਿੰਦਲ ਟਰੱਕ ਯੂਨੀਅਨ ਦੇ ਪ੍ਰਧਾਨ ਗੁਰੀ ਚਹਿਲ ਅਤੇ ਯੂਥ ਆਗੂ ਮਨਜਿੰਦਰ ਸਿੰਘ ਛੋਟੀ ਲਹਿਲ ਹਾਜ਼ਰ ਸਨ।
ਗੁਰਚਰਨ ਸਿੰਘ ਵੜੈਚ ਦਾ ਸਨਮਾਨ
ਲਹਿਰਾਗਾਗਾ: ਨੇੜਲੇ ਪਿੰਡ ਖੰਡੇਬਾਦ ਦੇ ਗੁਰਚਰਨ ਸਿੰਘ ਵੜੈਚ ਨੂੰ ਪੁਲੀਸ ਵਿਚ ਡੀਐੱਸਪੀ ਬਨਣ ’ਤੇ ਸਰਕਾਰੀ ਸਕੂਲ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਗੁਰਚਰਨ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਹੋਰਨਾਂ ਨੌਜਵਾਨਾਂ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਗੋਇਲ ਨੇ ਪਿੰਡ ਦੀ ਮੁੱਖ ਮੰਗ ਵਾਟਰ ਸਪਲਾਈ, ਸੀਵਰੇਜ, ਡਿਸਪੈਂਸਰੀ, ਪਸ਼ੂ ਡਿਸਪੈਂਸਰੀ, ਲੜਕੀਆਂ ਲਈ ਖੇਡ ਗਰਾਊਂਡ, ਵਾਟਰ ਵਰਕਸ ਦੀ ਟੈਂਕੀ ਦੀ ਮੁਰੰਮਤ ਜਲਦੀ ਪੂਰੀਆਂ ਕਰਵਾਉਣ ਦਾ ਭਰੋਸਾ ਦਿੱਤਾ। ਡੀਐੱਸਪੀ ਗੁਰਚਰਨ ਸਿੰਘ ਨੇ ਆਪਣੀ ਕਮਾਈ ਵਿੱਚੋਂ ਪਿੰਡ ਦੀ ਪੰਚਾਇਤ ਨੂੰ ਪਿੰਡ ਦੇ ਸਾਂਝੇ ਕੰਮਾਂ ਲਈ ਇੱਕ ਲੱਖ ਰੁਪਇਆ ਦਿੱਤਾ।