ਕੋ-ਆਪ੍ਰੇਟਿਵ ਸੁਸਾਇਟੀ ਦੀ ਵਿਵਾਦਤ ਚੋਣ ’ਚ ਗਿਆਰਾਂ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ
ਬੀਰਬਲ ਰਿਸ਼ੀ
ਸ਼ੇਰਪੁਰ, 19 ਦਸੰਬਰ
ਕੋ-ਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਦੀ ਵਿਵਾਦਤ ਚੋਣ ਦੇ ਅੱਜ ਪਹਿਲੇ ਦਿਨ ਨਾਮਜ਼ਦਗੀ ਪੱਤਰ ਭਰਨ ਮੌਕੇ ਤਣਾਅਪੂਰਵਕ ਮਾਹੌਲ ਦੇ ਬਾਵਜੂਦ ਦੋ ਪਿੰਡਾਂ ਦੇ ਗਿਆਰਾਂ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਹੋਣ ਕਾਰਨ ਸਬੰਧਤ ਵਿਭਾਗ ਤੇ ਪੁਲੀਸ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਦੱਸਣਯੋਗ ਹੈ ਕਿ ਘਨੌਰੀ ਕਲਾਂ ਤੇ ਘਨੌਰੀ ਖੁਰਦ ਦੀ 6:5 ਅਨੁਪਾਤ ਦੀ ਪਹਿਲੀ ਚੋਣ ਪ੍ਰਕਿਰਿਆ ਦੀ ਥਾਂ ਨਵੇਂ ਨਿਯਮਾਂ ਤਹਿਤ 8:3 ਅਨੁਪਾਤ ਨਾਲ ਚੋਣ ਕਰਵਾਉਣ ਤੋਂ ਘਨੌਰੀ ਖੁਰਦ ਵਾਸੀ ਲੰਘੇ ਮਾਰਚ ਮਹੀਨੇ ਤੋਂ ਸੰਘਰਸ਼ਾਂ ਦੇ ਰਾਹ ਹੋਣ ਕਾਰਨ ਇਹ ਚੋਣ ਵਿਵਾਦਾਂ ਵਿੱਚ ਘਿਰੀ ਹੋਈ ਸੀ। ਚੋਣ ਕਰਵਾਉਣ ਲਈ ਵਿਭਾਗ ਵੱਲੋਂ ਰਿਟਰਨਿੰਗ ਅਫ਼ਸਰ ਵਜੋਂ ਅਮਨਪ੍ਰੀਤ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਦੀਪਇੰਦਰ ਸਿੰਘ ਵਜੋਂ ਪੁੱਜੇ ਜਦੋਂਕਿ ਥਾਣਾ ਸ਼ੇਰਪੁਰ ਤੋਂ ਏਐਸਆਈ ਸਤਵਿੰਦਰ ਸਿੰਘ, ਹੌਲਦਾਰ ਮਨਜਿੰਦਰ ਸਿੰਘ ਤੇ ਹੋਰ ਪੁੱਜੇ ਹੋਏ ਸਨ। ਦੋ ਪਿੰਡਾਂ ’ਤੇ ਅਧਾਰਤ ਸੁਸਾਇਟੀ ’ਚ ਘਨੌਰੀ ਕਲਾਂ ਦੇ ਕੁੱਲ 12 ਮੈਂਬਰਾਂ ਨੇ ਕਾਗਜ਼ ਭਰੇ ਪਰ ਸਰਪੰਚ ਅੰਮ੍ਰਿਤਪਾਲ ਸਿੰਘ, ਸਾਬਕਾ ਚੇਅਰਮੈਨ ਰਤਿੰਦਰ ਰਤਨ ਅਤੇ ਜੱਗੀ ਸਿੰਘ ਦੇ ਯਤਨਾਂ ਸਦਕਾ ਉਕਤ ਪਿੰਡ ਦੇ ਚਾਰ ਉਮੀਦਵਾਰਾਂ- ਦਰਸ਼ਨ ਸਿੰਘ, ਮੇਜਰ ਸਿੰਘ, ਬਲਵੀਰ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਕਾਗਜ਼ ਵਾਪਸੀ ਲਈ ਰਜ਼ਾਮੰਦ ਕਰਵਾਉਣ ਮਗਰੋਂ ਸਰਬਸੰਮਤੀ ਨਾਲ ਅਮਰੀਕ ਸਿੰਘ, ਅਵਤਾਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਮੁਖੀਆ, ਨੱਥਾ ਸਿੰਘ, ਨਛੱਤਰ ਸਿੰਘ, ਜਸਮੇਲ ਕੌਰ, ਸਤਪਾਲ ਸਿੰਘ ਸੱਤੂ, ਪਰਮਜੀਤ ਸਿੰਘ ਰੋਡਾ ਆਦਿ ਸਰਬਸੰਮਤੀ ਨਾਲ ਸੁਸਾਇਟੀ ਮੈਂਬਰ ਚੁਣੇ ਗਏ। ਇਸੇ ਤਰ੍ਹਾਂ ਘਨੌਰੀ ਖੁਰਦ ਦੀ ਇੱਕ ਔਰਤ ਸਮੇਤ ਦੋ ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਮਗਰੋਂ ਬਲਵੀਰ ਸਿੰਘ, ਗੁਰਜੰਟ ਸਿੰਘ ਅਤੇ ਮਹਿੰਦਰ ਕੌਰ (ਤਿੰਨੇ ਘਨੌਰੀ ਖੁਰਦ) ਜੇਤੂ ਰਹੇ।
ਇਸ ਤੋਂ ਪਹਿਲਾਂ ਪਿੰਡ ਘਨੌਰੀ ਖੁਰਦ ਦੇ ਪਰਗਟ ਸਿੰਘ ਤੇ ਹੋਰਨਾਂ ਨੇ ਇੱਕ ਮਹਿਲਾ ਉਮੀਦਵਾਰ ’ਤੇ ਇਤਰਾਜ਼ ਲਾਏ ਪਰ ਵਿਭਾਗ ਨੇ ਇਹ ਖਾਰਜ ਕਰ ਦਿੱਤੇ ਅਤੇ ਇਤਰਾਜ਼ਕਰਤਾ ਧਿਰ ਨੇ ਨਰਾਜ਼ਗੀ ਵਿੱਚ ਸਰਬਜੀਤ ਕੌਰ ਦੇ ਕਾਗਜ਼ ਵਾਪਸ ਲੈ ਲਏ ਅਤੇ ਅੱਗੇ ਕਾਨੂੰਨੀ ਲੜਾਈ ਲੜਨ ਦਾ ਦਾਅਵਾ ਕੀਤਾ।