ਐੱਸਵਾਈਐੱਲ ਪੰਜਾਬੀਆਂ ਦੀ ਹੋਂਦ ਦਾ ਮਾਮਲਾ: ਜਗੀਰ ਕੌਰ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਤਲੁਜ-ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਦਰਿਆਈ ਪਾਣੀਆਂ ਦਾ ਮਾਮਲਾ ਪੰਜਾਬ ਅਤੇ ਪੰਜਾਬੀਆਂ ਦੀ ਹੋਂਦ ਨਾਲ ਜੁੜਿਆ ਹੋਇਆ ਹੈ। ਪੰਜਾਬ ਦੇ ਦਰਿਆਈ ਪਾਣੀਆਂ ’ਤੇ ਕਿਸੇ ਵੀ ਹੋਰ ਸੂਬੇ ਦਾ ਕੋਈ ਅਧਿਕਾਰ ਹੀ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐੱਸਵਾਈਐੱਲ ਨਹਿਰ ਬਣਾਉਣ ਲਈ ਚਾਂਦੀ ਦੀ ਕਹੀ ਨਾਲ ਜਿਹੜਾ ਟੱਕ ਲਾਇਆ ਗਿਆ ਸੀ, ਉਸ ਨੇ ਹੀ ਪੰਜਾਬ ਵਿੱਚ ਹਾਲਾਤ ਨੂੰ ਗੰਭੀਰ ਬਣਾਇਆ ਸੀ। ਇੰਦਰਾ ਗਾਂਧੀ ਵੱਲੋਂ ਨਹਿਰ ਬਣਾਉਣ ਲਈ ਲਾਏ ਟੱਕ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਨ ਲਈ ਮਾਹੌਲ ਤਿਆਰ ਕੀਤਾ ਗਿਆ ਸੀ। ਇਸ ਲਈ ਪੰਜਾਬ ਦੇ ਪਾਣੀਆਂ ਦੇ ਸੰਵੇਦਨਸ਼ੀਲ ਮੁੱਦੇ ’ਤੇ ਪੰਜਾਬੀਆਂ ਨੂੰ ਕੋਈ ਵੀ ਫ਼ੈਸਲਾ ਮਨਜ਼ੂਰ ਨਹੀਂ ਹੋਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪਾਣੀਆਂ ਦੀ ਲੜਾਈ ਇਕਜੁੱਟਤਾ ਨਾਲ ਲੜਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀ ਦਾ ਮੁੱਦਾ ਛੇੜਨ ਦਾ ਮਤਲਬ ਹੈ ਪੰਜਾਬ ਨੂੰ ਮੁੜ ਬਲਦੀ ਦੇ ਬੂਥੇ ਵਿੱਚ ਧੱਕਣਾ। ਉਨ੍ਹਾਂ ਕਿਹਾ ਕਿ 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ 24 ਜੁਲਾਈ 1985 ਨੂੰ ਹੋਏ ‘ਰਾਜੀਵ-ਲੌਂਗੋਵਾਲ’ ਸਮਝੌਤੇ ਵਿੱਚੋਂ ਵੀ ਸਿਰਫ਼ ਤੇ ਸਿਰਫ਼ ਐੱਸਵਾਈਐੱਲ ਨਹਿਰ ਬਣਾਉਣ ਦੀ ਮੱਦ ’ਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ ਜਦੋਂਕਿ ਬਾਕੀ ਸਮਝੌਤੇ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਜਾ ਰਹੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਦੋਂ ਪੰਜਾਬ ਕੋਲ ਵਾਧੂ ਪਾਣੀ ਨਹੀਂ ਤਾਂ ਫਿਰ ਦੂਜੇ ਸੂਬਿਆਂ ਨੂੰ ਪਾਣੀ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ।