ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਕੌਮੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ: ਔਲਖ
ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਗਸਤ
ਅੱਜ ਇੱਥੇ ਕਰਵਾਏੇ ਇੱਕ ਸੈਮੀਨਾਰ ਦੌਰਾਨ ਉੱਘੇ ਵਿਗਿਆਨੀ ਬੀਐੱਸ ਔਲਖ ਨੇ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾ ਸਿਰਫ ਤੰਦਰੁਸਤ, ਮਜ਼ਬੂਤ ਅਤੇ ਪਾਰਦਰਸ਼ੀ ਲੋਕਤੰਤਰ ਲਈ ਖਤਰਾ ਹਨ ਬਲਕਿ ਇਹ ਸਾਡੀ ਰਾਸ਼ਟਰੀ ਸੁਰੱਖਿਆ ਲਈ ਵੀ ਬਹੁਤ ਵੱਡਾ ਖਤਰਾ ਹਨ। ਉਨ੍ਹਾਂ ਕਿਹਾ ਕਿ ਆਏ ਦਿਨ ਅਸੀਂ ਵੱਖ ਵੱਖ ਇਲੈਕਟ੍ਰਾਨਿਕ ਸਿਸਟਮ ਦਾ ਸਹਾਰਾ ਲੈ ਕੇ ਕੀਤੇ ਜਾਣ ਵਾਲੇ ਧੋਖਿਆਂ ਬਾਰੇ ਪੜ੍ਹਦੇ ਹਾਂ। ਲੋਕਾਂ ਦਾ ਨਿੱਜੀ ਡਾਟਾ ਚੋਰੀ ਕਰ ਲਿਆ ਜਾਂਦਾ ਹੈ। ਕਈ ਤਰ੍ਹਾਂ ਦੇ ਸਾਫਟਵੇਅਰ ਤੱਕ ਬਣ ਚੁੱਕੇ ਹਨ। ਕਿਸੇ ਦੇ ਵੀ ਮੋਬਾਈਲ, ਲੈਪਟਾਪ ਨੂੰ ਬਿਨਾਂ ਟੱਚ ਕੀਤੇ ਹੈਕ ਕਰ ਲਿਆ ਜਾਂਦਾ ਹੈ। ਇਹ ਸਾਰਾ ਕੁਝ ਖਾਸ ਕਿਸਮ ਦੀ ਠੱਗੀ ਮਾਰਨ ਵਾਲੇ ਸਾਫਟਵੇਅਰ ਦੀ ਮਦਦ ਨਾਲ ਕੀਤਾ ਜਾਂਦਾ ਹੈ। ਪਰ ਅੱਜਕਲ੍ਹ ਇੱਕ ਹੋਰ ਕਿਸਮ ਦੇ ਬਹੁਤ ਹੀ ਸ਼ਕਤੀਸ਼ਾਲੀ ਅਤੇ ਖਤਰਨਾਕ ਸਾਫਟਵੇਅਰ ਆ ਚੁੱਕੇ ਹਨ। ਇਨ੍ਹਾਂ ਨੂੰ ਟੈਸਟ ਰਿਗਿੰਗ ਸਾਫਟਵੇਅਰ ਕਿਹਾ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਤੋਂ ਬਾਅਦ ਇਲੈਕਟ੍ਰਾਨਿਕ ਮਸ਼ੀਨਾਂ ਬਿਲਕੁਲ ਇਨਸਾਨਾਂ ਦੀ ਤਰ੍ਹਾਂ ਮਹਿਸੂਸ ਕਰਨ ਲੱਗਦੀਆਂ ਹਨ। ਫਿਰ ਉਹ ਇਨਸਾਨਾਂ ਵਾਂਗ ਹੀ ਧੋਖਾ ਦੇਣ ਲੱਗਦੀਆਂ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਇਲੈਕਟ੍ਰਾਨਿਕ ਮਸ਼ੀਨਾਂ ਨੂੰ ਬੰਦ ਕਰਵਾ ਕੇ ਬੈਲਟ ਪੇਪਰ ਨਾਲ ਚੋਣਾਂ ਕਰਵਾਉਣ ਦੀ ਅਪੀਲ ਕੀਤੀ।