ਇਲੈਕਟ੍ਰਾਨਿਕ ਲੜੀਆਂ ਨੇ ਮੱਧਮ ਕੀਤੀ ਦੀਵਿਆਂ ਦੀ ਲੋਅ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 26 ਅਕਤੂਬਰ
ਭਾਰਤ ਵਿੱਚ ਚੱਲ ਰਹੇ ਮੰਦੇ ਦੀ ਲਹਿਰ ਨੇ ਜਿੱਥੇ ਵੱਡੇ-ਵੱਡੇ ਵਪਾਰਾਂ ਨੂੰ ਮਾਤ ਪਾਈ ਹੈ, ਉੱਥੇ ਹੀ ਪੁਰਾਤਨ ਕਿੱਤੇ ਵੀ ਬਹੁਤ ਪ੍ਰਭਾਵਿਤ ਕੀਤੇ ਹੋਏ ਹਨ। ਕਸਬੇ ਸ਼ਹਿਣਾ ’ਚ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰ ਵੀ ਇਸ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਜਿੱਥੇ ਇਲੈਕਟ੍ਰਾਨਿਕ ਦੀਵਿਆਂ ਤੇ ਲੜੀਆਂ ਨੇ ਪੁਰਾਤਨ ਸਮੇਂ ਤੋਂ ਚੱਲਦੇ ਮਿੱਟੀ ਦੇ ਦੀਵਿਆਂ ਦੀ ਲੋਅ ਨੂੰ ਮੱਧਮ ਕੀਤਾ ਹੈ, ਉੱਥੇ ਹੀ ਡਿਜ਼ੀਟਲ ਯੁੱਗ ਕਾਰਨ ਦੀਵਿਆਂ ਦਾ ਕੰਮ ਕਰਨ ਵਾਲਿਆਂ ਦਾ ਕੰਮ ਮੰਦਾ ਪੈ ਰਿਹਾ ਹੈ। ਦੀਵੇ ਬਣਾਉਣ ਵਾਲੇ ਅਨਵਰ ਖਾਂ ਨੇ ਦੱਸਿਆ ਕਿ ਉਹ ਅਤੇ ਉਸਦਾ ਪਰਿਵਾਰ ਪਿਛਲੇ ਸਾਲਾਂ ’ਚ ਦੀਵਾਲੀ ਤੋਂ ਦੋ ਮਹੀਨੇ ਪਹਿਲਾਂ ਹੀ ਦੀਵੇ ਬਣਾਉਣ ਲੱਗ ਜਾਂਦੇ ਸਨ ਅਤੇ ਦੀਵਾਲੀ ਤੋਂ 15 ਦਿਨ ਪਹਿਲਾਂ ਘਰ-ਘਰ ਦੀਵੇ ਵੰਡਣ (ਵੇਚਣ) ਲੱਗ ਜਾਂਦੇ ਸੀ ਪ੍ਰੰਤੂ ਹੁਣ ਲੋਕਾਂ ਦੀ ਰੁਚੀ ਘਟ ਰਹੀ ਹੈ।
ਇਸ ਅਣਕਿਆਸੇ ਮੰਦੇ ਦੀ ਮਾਰ ਕਾਰਨ ਉਨ੍ਹਾਂ ਦੀ ਆਰਥਿਕਤਾ ਨੂੰ ਵੀ ਢਾਹ ਲੱਗੀ ਹੈ। ਹੁਣ ਚਕਾਚੌਂਧ ਵਾਲੇ ਰੁਝਾਨ ਕਾਰਨ ਲੋਕਾਂ ਨੇ ਦੀਵਿਆਂ ਵੱਲੋਂ ਧਿਆਨ ਹੀ ਘਟਾ ਦਿੱਤਾ ਹੈ। ਇਲਾਕੇ ਭਰ ’ਚ ਦੀਵੇ ਬਣਾਉਣ ਵਾਲੇ ਘੁਮਿਆਰ ਭਾਈਚਾਰੇ ਨੇ ਵੀ 50 ਫੀਸਦੀ ਤੋਂ ਉਪਰ ਦੀਵੇ ਬਣਾਉਣ ਦਾ ਕੰਮ ਘਟਾ ਦਿੱਤਾ ਹੈ। ਬਜ਼ੁਰਗਾਂ ’ਚ ਹਾਲੇ ਵੀ ਪਿੰਡਾਂ ’ਚ ਦੀਵਿਆਂ ਦੀ ਮਹੱਤਤਾ ਬਰਕਰਾਰ ਹੈ। ਸ਼ਹਿਣਾ ’ਚ ਦੀਵੇ ਬਣਾਉਣ ਵਾਲੇ ਸਲੀਮ ਖਾਂ ਨੇ ਦੱਸਿਆ ਕਿ ਉਹ ਆਪਣੇ ਬਜ਼ੁਰਗਾਂ ਦੇ ਕਿੱਤੇ (ਦੀਵੇ ਬਣਾਉਣ) ਨੂੰ ਨਹੀਂ ਛੱਡਣਗੇ ਪਰ ਹਰ ਦੀਵਾਲੀ ਦੀਵੇ ਬਣਾਏ ਜਾਂਦੇ ਰਹਿਣਗੇ।