ਡਬਿਰੂਗੜ੍ਹ ਜੇਲ੍ਹ ਵਿੱਚੋਂ ਅੰਮ੍ਰਿਤਪਾਲ ਸਿੰਘ ਤੇ ਸਮਰਥਕਾਂ ਕੋਲੋਂ ਇਲੈਕਟ੍ਰਾਨਿਕ ਉਪਕਰਣ ਬਰਾਮਦ
ਗੁਹਾਟੀ, 17 ਫਰਵਰੀ
ਅਸਾਮ ਦੀ ਡਬਿਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਨਜ਼ਰਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਕੋਲੋਂ ਇਲੈਕਟ੍ਰਾਨਿਕ ਯੰਤਰ ਬਰਾਮਦ ਕੀਤੇ ਗਏ ਹਨ। ਪੁਲੀਸ ਦੇ ਡਾਇਰੈਕਟਰ-ਜਨਰਲ ਜੀਪੀ ਸਿੰਘ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਸਬੰਧੀ ਖੁਫੀਆ ਜਾਣਕਾਰੀ ਮਿਲੀ ਸੀ ਜਿਸ ਕਾਰਨ ਜੇਲ੍ਹ ਸਟਾਫ਼ ਵੱਲੋਂ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਇਹ ਉਪਕਰਣ ਬਰਾਮਦ ਹੋਏ। ਦੱਸਣਾ ਬਣਦਾ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਮਰਥਕ ਪਿਛਲੇ ਸਾਲ 19 ਮਾਰਚ ਤੋਂ ਜੇਲ੍ਹ ਵਿੱਚ ਨਜ਼ਰਬੰਦ ਹਨ। ਉਨ੍ਹਾਂ ਕੋਲੋਂ ਸਮਾਰਟਫੋਨ, ਕੀਪੈਡ ਫ਼ੋਨ, ਕੀਬੋਰਡ ਵਾਲਾ ਟੀਵੀ ਰਿਮੋਟ, ਇੱਕ ਜਾਸੂਸੀ-ਕੈਮ ਪੈੱਨ, ਪੈੱਨ ਡਰਾਈਵ, ਬਲੂਟੁੱਥ ਹੈੱਡਫੋਨ ਅਤੇ ਸਪੀਕਰ ਬਰਾਮਦ ਹੋਏ। ਜੇਲ ਸਟਾਫ ਨੇ ਇਨ੍ਹਾਂ ਵਸਤਾਂ ਨੂੰ ਜ਼ਬਤ ਕਰ ਲਿਆ ਹੈ। ਡੀਜੀਪੀ ਸਿੰਘ ਨੇ ਐਕਸ ’ਤੇ ਪੋਸਟ ਅਪਲੋਡ ਕਰਦਿਆਂ ਕਿਹਾ ਕਿ ਜੇਲ੍ਹ ਵਿਚ ਅਣਅਧਿਕਾਰਤ ਗਤੀਵਿਧੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਵਾਧੂ ਸੀਸੀਟੀਵੀ ਕੈਮਰੇ ਲਾਏ ਗਏ ਹਨ।