ਹਾਦਸੇ ਵਿੱਚ ਬਿਜਲੀ ਮੁਲਾਜ਼ਮ ਹਲਾਕ
ਪੱਤਰ ਪ੍ਰੇਰਕ
ਟੋਹਾਣਾ, 7 ਸਤੰਬਰ
ਹਰਿਆਣਾ ਬਿਜਲੀ ਨਿਗਮ ਦੇ ਇਕ ਮੁਲਾਜ਼ਮ ਦੀ ਦੇਰ ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਨੀਲ (37) ਵਾਸੀ ਪਿੰਡ ਸੁਲੇਹੜਾ ਜ਼ਿਲ੍ਹਾ ਜੀਂਦ ਵਜੋਂ ਹੋਈ ਹੈ। ਉਹ ਟੋਹਾਣਾ ਦੇ ਬਿਜਲੀ ਘਰ ਵਿੱਚ ਤਾਇਨਾਤ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਸੁਨੀਲ ਟੋਹਾਣਾ ਦੇ ਬਿਜਲੀ ਘਰ ਵਿੱਚ ਐਸਏ ਦੇ ਅਹੁਦੇ ਦੇ ਕੰਮ ਕਰਦਾ ਸੀ ਤੇ ਬੀਤੀ ਰਾਤ ਉਹ ਪਿੰਡ ਪ੍ਰਿਥਲਾ ਤੇ ਬਿਜਲੀਘਰ ਤੋਂ ਟੋਹਾਣਾ ਆਉਂਦੇ ਸਮੇਂ ਪਿੰਡ ਡਾਂਗਰਾ ਦੇ ਨਜ਼ਦੀਕ ਉਸ ਦਾ ਮੋਟਰਸਾਈਕਲ ਖੰਭੇ ਨਾਲ ਟਕਰਾ ਗਿਆ। ਇਸ ਮਗਰੋਂ ਗੰਭੀਰ ਹਾਲਤ ਵਿੱਚ ਉਸ ਨੂੰ ਨਾਗਰਿਕ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਹੌਲੀ ਰਫ਼ਤਾਰ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ ਹੈ।
ਸੜਕ ਹਾਦਸੇ ’ਚ 5 ਜ਼ਖਮੀ
ਫਰੀਦਾਬਾਦ (ਪੱਤਰ ਪ੍ਰੇਰਕ): ਇੱਥੇ ਬਾਟਾ ਮੈਟਰੋ ਸਟੇਸ਼ਨ ਨੇੜੇ ਕਾਰ ਦੀ ਟੱਕਰ ਕਾਰਨ ਵਾਪਰੇ ਹਾਦਸੇ ਦੌਰਾਨ ਆਟੋ ਵਿੱਚ ਸਵਾਰ 5 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਦਰਪੁਰ ਸਰਹੱਦ ਤੋਂ ਬੱਲਬਗੜ੍ਹ ਵੱਲ ਜਾ ਰਹੇ ਆਟੋ ’ਚ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਕਾਰਨ ਆਟੋ ‘ਚ ਬੈਠੀਆਂ 5 ਸਵਾਰੀਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਉਨ੍ਹਾਂ ਨੂੰ ਇਲਾਜ ਲਈ ਬੀ.ਕੇ ਹਸਪਤਾਲ ਪਹੁੰਚਾਇਆ। ਜ਼ਖਮੀਆਂ ‘ਚ ਮੁਸਤਕੀਮ ਹੈਦਰ, ਚਾਂਦ, ਜੋਗਿੰਦਰ, ਲਕਸ਼ਮੀ ਅਤੇ ਲੀਲਾ ਦੇ ਨਾਂ ਸ਼ਾਮਲ ਹਨ, ਜੋ ਕਿ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੇ ਰਾਮਪੁਰ ਦੇ ਨਿਵਾਸੀ ਹਨ। ਸਾਰੇ ਜਣੇ ਫਰੀਦਾਬਾਦ ਵਿੱਚ ਕੰਮ ਕਰਨ ਆਏ ਸਨ। ਪੁਲੀਸ ਟੀਮ ਨੇ ਕਾਰ ਅਤੇ ਆਟੋ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਥਾਣਾ ਸੈਂਟਰਲ ਵਿੱਚ ਰੱਖਿਆ ਹੈ। ਇਸ ਤੋਂ ਇਲਾਵਾ ਪੁਲੀਸ ਨੇ ਕਾਰ ਚਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।