ਹਰਿਆਣਾ ’ਚ ਬਿਜਲੀ ਟਰਾਂਸਮਿਸ਼ਨ ਘਾਟਾ 10 ਫ਼ੀਸਦ ਹੋਇਆ: ਖੱਟਰ
ਆਤਿਸ਼ ਗੁਪਤਾ
ਚੰਡੀਗੜ੍ਹ, 8 ਨਵੰਬਰ
ਕੇਂਦਰੀ ਬਿਜਲੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟਰ ਨੇ ਚੰਡੀਗੜ੍ਹ ਦੇ ਹਰਿਆਣਾ ਸਿਵਲ ਸਕੱਤਰੇਤ ਵਿੱਚ ਬਿਜਲੀ ਤੇ ਸ਼ਹਿਰੀ ਵਿਕਾਸ ਨਾਲ ਸਬੰਧਤ ਮਾਮਲਿਆਂ ਬਾਰੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਖੱਟਰ ਨੇ ਸੂਬੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਸ੍ਰੀ ਖੱਟਰ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪਿਛਲੇ 10 ਸਾਲਾਂ ਤੋਂ ਬਿਜਲੀ ਟਰਾਂਸਮਿਸ਼ਨ ਦੌਰਾਨ ਨਸ਼ਟ ਹੋਣ ਵਾਲੀ ਬਿਜਲੀ ਦੀ ਦਰ ਘਟਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਸਦਕਾ ਸਾਲ 2014 ਵਿੱਚ ਬਿਜਲੀ ਟਰਾਂਸਮਿਸ਼ਨ ਘਾਟਾ 34 ਫ਼ੀਸਦ ਸੀ ਜੋ ਅੱਜ ਘਟ ਕੇ 10 ਫ਼ੀਸਦ ਰਹਿ ਗਿਆ ਹੈ। ਖੱਟਰ ਨੇ ਕਿਹਾ ਕਿ ਹਰਿਆਣਾ ਵਿੱਚ ਸਭ ਤੋਂ ਪਹਿਲਾਂ ਪ੍ਰੀਪੇਡ ਮੀਟਰ ਸਰਕਾਰੀ ਦਫਤਰਾਂ ਵਿੱਚ ਲਗਾਏ ਜਾਣਗੇ।
ਮੈਟਰੋ ਦੇ ਵਿਸਥਾਰ ਬਾਰੇ ਕੀਤੀ ਜਾਵੇਗੀ ਚਰਚਾ: ਖੱਟਰ
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਪਹਿਲਾਂ ਤੋਂ ਮੈਟਰੋ ਚੱਲ ਰਹੀ ਹੈ, ਉੱਥੇ ਮੈਟਰੋ ਦੇ ਵਿਸਥਾਰ ਨੂੰ ਪਹਿਲ ਦਿੱਤੀ ਜਾਵੇਗੀ। ਹਾਲਾਂਕਿ ਅੰਬਾਲਾ ਸ਼ਹਿਰ, ਅੰਬਾਲਾ ਕੈਂਟ ਅਤੇ ਯਮੁਨਾਨਗਰ-ਜਗਾਧਰੀ ਸਮੇਤ ਵੱਡੇ ਸ਼ਹਿਰਾਂ ਵਿਚ ਮੈਟਰੋ ਦੀ ਮੰਗ ਆਈ ਹੈ, ਜਿਸ ’ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰੀ ਟਰਾਂਸਪੋਰਟ ਨੂੰ ਮਜ਼ਬੂਤ ਕਰਨ ਲਈ ਪੀਐਮ ਈ-ਬੱਸ ਸੇਵਾ ਤਹਿਤ 450 ਨਵੀਆਂ ਬੱਸਾਂ ਚਲਾਈਆਂ ਜਾਣਗੀਆਂ।