ਰੂਸ ਦੇ ਹਮਲਿਆਂ ਤੋਂ ਬਾਅਦ ਯੂਕਰੇਨ ’ਚ ਬਿਜਲੀ ਸਪਲਾਈ ਠੱਪ
ਕੀਵ, 2 ਜੂਨ
ਰੂਸ ਵੱਲੋਂ ਬੁਨਿਆਦੀ ਊਰਜਾ ਢਾਂਚੇ ’ਤੇ ਵੱਡੇ ਪੱਧਰ ’ਤੇ ਹਮਲੇ ਕੀਤੇ ਜਾਣ ਤੇ ਪੂਰਬੀ ਦੋਨੇਤਸਕ ਸੂਬੇ ’ਚ ਕਾਮਯਾਬੀ ਹਾਸਲ ਕਰਨ ਦਾ ਦਾਅਵਾ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਯੂਕਰੇਨ ਨੇ ਅੱਜ ਦੇਸ਼ ਦੇ ਵਧੇਰੇ ਹਿੱਸਿਆਂ ’ਚ ਐਮਰਜੈਂਸੀ ਬਿਜਲੀ ਕਟੌਤੀ ਲਾਗੂ ਕਰ ਦਿੱਤੀ ਹੈ। ਬੀਤੇ ਦਿਨ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾ ਕੇ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ ਜਾਣ ਮਗਰੋਂ ਯੂਕਰੇਨ ਦੇ ਤਿੰਨ ਇਲਾਕਿਆਂ ਨੂੰ ਛੱਡ ਕੇ ਸਾਰੇ ਖੇਤਰਾਂ ’ਚ ਬਿਜਲੀ ਬੰਦ ਹੋ ਗਈ ਹੈ। ਇਨ੍ਹਾਂ ਹਮਲਿਆਂ ’ਚ ਘੱਟ ਤੋਂ ਘੱਟ 19 ਜਣੇ ਜ਼ਖ਼ਮੀ ਹੋਏ ਹਨ। ਯੂਕਰੇਨ ਦੇ ਸਰਕਾਰੀ ਮਾਲਕੀ ਵਾਲੇ ਬਿਜਲੀ ਗਰਿੱਡ ਸੰਚਾਲਕ ਯੂਕੇਨੇਗਰੋ ਨੇ ਕਿਹਾ ਕਿ ਬਿਜਲੀ ਬੰਦ ਹੋਣ ਕਾਰਨ ਸਨਅਤੀ ਤੇ ਘਰੇਲੂ ਖਪਤਕਾਰ ਦੋਵੇਂ ਪ੍ਰਭਾਵਿਤ ਹੋਏ ਹਨ। ਲੰਘੇ ਅਪਰੈਲ ’ਚ ਹੋਇਆ ਹਮਲਾ ਹਾਲ ਹੀ ਦੇ ਸਭ ਤੋਂ ਵੱਡੇ ਹਮਲਿਆਂ ’ਚੋਂ ਇੱਕ ਸੀ ਜਿਸ ਨੇ ਕੀਵ ਦੇ ਸਭ ਤੋਂ ਵੱਡੇ ਬਿਜਲੀ ਊਰਜਾ ਪਲਾਂਟ ਨੂੰ ਨੁਕਸਾਨ ਪਹੁੰਚਾਇਆ ਸੀ। ਅੱਠ ਮਈ ਨੂੰ ਇੱਕ ਹੋਰ ਵੱਡਾ ਹਮਲਾ ਹੋਇਆ ਜਿਸ ਵਿੱਚ ਕਈ ਖੇਤਰਾਂ ’ਚ ਬਿਜਲੀ ਉਤਪਾਦਨ ਤੇ ਬਿਜਲੀ ਵੰਡ ਅਦਾਰਿਆਂ ਨੂੰ ਨੁਕਸਾਨ ਪੁੱਜਾ। ਯੂਕਰੇਨ ਦੀ ਹਵਾਈ ਸੈਨਾ ਨੇ ਬੀਤੇ ਦਿਨ ਹੋਏ ਹਮਲਿਆਂ ਤੋਂ ਬਾਅਦ ਅੱਜ ਕਿਹਾ ਕਿ ਹਵਾਈ ਰੱਖਿਆ ਬਲਾਂ ਨੇ ਰਾਤ ਭਰ ’ਚ ਸਾਰੇ 25 ਡਰੋਨ ਹੇਠਾਂ ਸੁੱਟ ਲਏ। ਰੂਸ ਨੇ ਅੱਜ ਦਾਅਵਾ ਕੀਤਾ ਕਿ ਉਸ ਨੇ ਅੰਸ਼ਿਕ ਤੌਰ ’ਤੇ ਰੂਸ ਦੇ ਕਬਜ਼ੇ ਹੇਠਲੇ ਦੋਨੇਤਸਕ ਖੇਤਰ ਦੇ ਉਮਾਨਸਕੇ ਪਿੰਡ ’ਤੇ ਕੰਟਰੋਲ ਕਰ ਲਿਆ ਹੈ। ਰੂਸ ’ਚ ਯੂਕਰੇਨ ਦੀ ਹੱਦ ਨਾਲ ਲੱਗੇ ਬੈਲਗਰਾਦ ਖੇਤਰ ਦੇ ਸ਼ੈਬੇਕਿਨੋ ਸ਼ਹਿਰ ’ਚ ਗੋਲਾਬਾਰੀ ’ਚ ਛੇ ਵਿਅਕਤੀ ਜ਼ਖ਼ਮੀ ਹੋ ਗਏ। -ਪੀਟੀਆਈ