ਗਰਿੱਡਾਂ ’ਚ ਪਾਣੀ ਭਰਨ ਕਾਰਨ ਬਿਜਲੀ ਸਪਲਾਈ ਠੱਪ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 11 ਜੁਲਾਈ
ਪਾਵਰਕੌਮ ਦੀ ਸਬ-ਡਿਵੀਜ਼ਨ ਰੌਹੜ ਜਾਗੀਰ ਅਧੀਨ ਚੱਲਦੇ ਬਿਜਲੀ ਦੇ ਦੋ ਗਰਿੱਡਾਂ ਦੀ ਸਪਲਾਈ ਗਰਿੱਡਾਂ ਵਿੱਚ ਹੜ੍ਹ ਦਾ ਪਾਣੀ ਭਰਨ ਕਾਰਨ ਠੱਪ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਡੀਓ ਰੌਹੜ ਜਾਗੀਰ ਨੇ ਦੱਸਿਆ ਕਿ ਟਾਂਗਰੀ ਨਦੀ ਦੇ ਬੰਨ੍ਹਾਂ ਵਿੱਚ ਪਾੜ ਪੈਣ ਕਾਰਨ ਅਤੇ ਜ਼ਿਆਦਾ ਪਾਣੀ ਆਉਣ ਕਾਰਨ ਮਗਰ ਸਾਹਿਬ ਅਤੇ ਰੌਹੜ ਜਾਗੀਰ ਗਰਿੱਡ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬਿਜਲੀ ਬੰਦ ਕਰਨ ਨਾਲ ਤਕਰੀਬਨ 40 ਪਿੰਡ ਬਿਜਲੀ ਤੋਂ ਪ੍ਰਭਾਵਿਤ ਰਹਿਣਗੇ। ਇਨ੍ਹਾਂ ਗਰਿੱਡਾਂ ਨਾਲ ਸਬੰਧਿਤ ਪਿੰਡ ਹੜ੍ਹ ਦਾ ਪਾਣੀ ਉਤਰਨ ਤੱਕ ਬਨਿਾਂ ਬਿਜਲੀ ਤੋਂ ਰਹਿਣਗੇ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਟੀਮ ਦੇ ਹਰਦੇਵ ਸਿੰਘ ਘੜਾਮ ਅਤੇ ਹੋਰ ਮੈਂਬਰਾਂ ਨੇ ਹਲਕੇ ਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਨਿ੍ਹਾਂ ਕਿਸਾਨਾਂ ਕੋਲ ਜੈਰਨੇਟਰ ਆਦਿ ਦੇ ਪ੍ਰਬੰਧ ਹਨ, ਉਹ ਜਰਨੇਟਰ ਰਾਹੀਂ ਆਪੋ-ਆਪਣੇ ਆਂਢੀਆਂ-ਗੁਆਂਢੀਆਂ ਨੂੰ ਪੀਣ ਵਾਲਾ ਪਾਣੀ ਭਰਨ ਲਈ ਮਦਦ ਦੇਣ ਤਾਂ ਕਿ ਲੋਕ ਪੀਣ ਵਾਲੇ ਪਾਣੀ ਤੋਂ ਵਾਂਝੇ ਨਾ ਰਹਿਣ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਲੋਕਾਂ ਲਈ ਗੁਰਦੁਆਰਾ ਬਾਉਲੀ ਸਾਹਿਬ ਅਤੇ ਮਗਰ ਸਾਹਿਬ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।
ਗਰਿੱਡ ਦੁਆਲੇ ਮਿੱਟੀ ਦਾ ਬੰਨ੍ਹ ਬਣਾਇਆ
ਪਾਤੜਾਂ (ਪੱਤਰ ਪ੍ਰੇਰਕ): ਬਿਜਲੀ ਗਰਿੱਡ ਬਾਦਸ਼ਾਹਪੁਰ ਦੇ ਆਸਪਾਸ ਘੱਗਰ ਦਰਿਆ ਵਿੱਚੋਂ ਤੇਜ਼ੀ ਨਾਲ ਨਿਕਲਦੇ ਪਾਣੀ ਨੂੰ ਵੇਖਦੇ ਪਾਵਰਕੌਮ ਸਮਾਣਾ ਦੇ ਐਕਸੀਅਨ ਅਮਰਜੀਤ ਸਿਘ ਤੇ ਐਡੀਸ਼ਨਲ ਐਸਡੀਓ ਅਵਤਾਰ ਸਿੰਘ ਨੇ ਹੁਣ ਪਾਣੀ ਤੋਂ ਬਚਾਉਣ ਲਈ ਗਰਿੱਡ ਦੇ ਦੁਆਲੇ ਮਿੱਟੀ ਪੁਆ ਕੇ ਬੰਨ੍ਹ ਬਣਾ ਕੇ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਜਾਰੀ ਰੱਖਣ ਲਈ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਲ 2019 ਵਿੱਚ ਗਰਿੱਡ ਦੀ ਕੰਧ ਡਿੱਗ ਗਈ ਸੀ।