ਡੇਰਾਬੱਸੀ ਦੀਆਂ ਕਈ ਕਲੋਨੀਆਂ ’ਚ ਅਜੇ ਵੀ ਬਹਾਲ ਨਾ ਹੋਈ ਬਿਜਲੀ ਸਪਲਾਈ
ਹਰਜੀਤ ਸਿੰਘ
ਡੇਰਾਬੱਸੀ, 16 ਜੁਲਾਈ
ਇੱਥੋਂ ਦੇ ਪਿੰਡ ਖੇੜੀ ਦੀ ਸ਼ਿਵ ਐਨਕਲੇਵ ਕਲੋਨੀ ਵਿੱਚ ਲੰਘੇ 11 ਦਨਿਾਂ ਤੋਂ ਕਲੋਨੀ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਪਈ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਕਲੋਨੀ ਦੇ ਵਸਨੀਕ ਸੰਜੈ ਜੈਸਵਾਲ, ਵਿਕਾਸ ਤਿਵਾੜੀ, ਅਸੀਸ਼ ਸਿੰਘ, ਅਵਦੇਸ਼ ਕੁਮਾਰ, ਸੁਖਦੇਵ ਤੇ ਹਰੀ ਸਿੰਘ ਨੇ ਦੱਸਿਆ ਕਿ ਟਰਾਂਸਫਾਰਮਰ ਸੜਨ ਕਾਰਨ ਲੰਘੇ 11 ਦਨਿਾਂ ਤੋਂ ਬਿਜਲੀ ਦੀ ਸਪਲਾਈ ਠੱਪ ਪਈ ਹੈ, ਜਿਸ ਕਾਰਨ ਪਾਣੀ ਦੀ ਕਿੱਲਤ ਵੀ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਾਵਰਕੌਮ ਦੇ ਅਧਿਕਾਰੀਆਂ ਨੇ ਟਰਾਂਸਫਾਰਮਰ ਮੰਗਵਾਉਣ ਲਈ ਸੱਤ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ, ਜੋ ਉਨ੍ਹਾਂ ਨੂੰ ਇਕੱਠੇ ਕਰਕੇ ਦੇ ਦਿੱਤੇ। ਟਰਾਂਸਫਾਰਮਰ ਆਉਣ ਮਗਰੋਂ ਸਬੰਧਿਤ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਟਰਾਂਸਫਾਰਮਰ ਕਿਸੇ ਹੋਰ ਕਲੋਨੀ ਵਿੱਚ ਲਾ ਦਿੱਤਾ ਹੈ ਤੇ ਹੁਣ ਦੂਜਾ ਟਰਾਂਸਫਾਰਮਰ ਆਉਣ ਨੂੰ ਹੋਰ ਸਮਾਂ ਲੱਗ ਜਾਵੇਗਾ। ਅੱਜ ਕਲੋਨੀ ਵਾਸੀਆਂ ਨੇ ਪਾਵਰਕੌਮ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਮੱਸਿਆ ਦਾ ਹੱਲ ਕਰਨ ਅਤੇ ਪੈਸੇ ਲੈਣ ਵਾਲੇ ਅਧਿਕਾਰੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਪਾਵਰਕੌਮ ਦੇ ਐੱਸਡੀਓ ਟਿੰਕੂ ਸ਼ਰਮਾ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਕਈ ਕਲੋਨੀਆਂ ਵਿੱਚ ਟਰਾਂਸਫਾਰਮਰ ਸੜ ਗਏ ਸਨ, ਜਨਿ੍ਹਾਂ ਨੂੰ ਇੱਕ-ਇੱਕ ਕਰਕੇ ਬਦਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਕਲੋਨੀ ਦਾ ਟਰਾਂਸਫਾਰਮਰ ਵੀ ਬਦਲ ਦਿੱਤਾ ਜਾਵੇਗਾ। ਉਨ੍ਹਾਂ ਪੈਸੇ ਲੈਣ ਦੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ।
ਖਟੀਕ ਮੁਹੱਲੇ ਦੇ ਵਾਸੀਆਂ ਨੇ ਘੜੇ ਤੋੜ ਕੇ ਰੋਸ ਜਤਾਇਆ
ਡੇਰਾਬੱਸੀ ਦੇ ਖਟੀਕ ਮੁਹੱਲੇ ਵਿੱਚ ਲੰਘੇ ਤਿੰਨ ਦਨਿਾਂ ਤੋਂ ਪਾਣੀ ਦੀ ਕਿੱਲਤ ਬਣੀ ਹੋਈ ਹੈ। ਸਮੱਸਿਆ ਦਾ ਹੱਲ ਨਾ ਹੁੰਦਾ ਦੇਖ ਅੱਜ ਕਲੋਨੀ ਵਾਸੀਆਂ ਨੇ ਖਾਲੀ ਘੜੇ ਤੋੜ ਕੇ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਗਟਾਇਆ। ਕਲੋਨੀ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਨੂੰ ਸਪਲਾਈ ਕਰਨ ਵਾਲਾ ਟਿਊਬਵੈੱਲ ਕਾਫੀ ਪਹਿਲਾਂ ਫੇਲ੍ਹ ਹੋ ਗਿਆ ਸੀ। ਨਵਾਂ ਟਿਊਬਵੈਲ ਲਾਉਣ ਦੀ ਥਾਂ ਨਗਰ ਕੌਂਸਲ ਵੱਲੋਂ ਦੂਜੇ ਵਾਰਡ ਦੇ ਟਿਊਬਵੈੱਲ ਤੋਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਸੀ। ਲੰਘੇ ਕੁਝ ਦਨਿਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਸੀ ਪਰ ਹੁਣ ਤਿੰਨ ਦਨਿਾਂ ਤੋਂ ਪਾਣੀ ਦੀ ਸਪਲਾਈ ਬਿਲਕੁਲ ਠੱਪ ਪਈ ਹੈ। ਘਰੇਲੂ ਕੰਮਾਂ ਲਈ ਪਾਣੀ ਦੀ ਘਾਟ ਪੂਰੀ ਕਰਨ ਲਈ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਰਿੰਦਰ ਜੈਨ ਨੇ ਕਿਹਾ ਕਿ ਟਿਊਬਵੈੱਲ ਦੀ ਮੋਟਰ ਖ਼ਰਾਬ ਹੋ ਗਈ ਸੀ, ਜਿਸ ਨੂੰ ਠੀਕ ਕਰਨ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਛੇਤੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।
ਦੂਸ਼ਿਤ ਪਾਣੀ ਦੀ ਸਪਲਾਈ ਤੋਂ ਦਸਮੇਸ਼ ਐਨਕਲੇਵ ਦੇ ਵਾਸੀ ਪ੍ਰੇਸ਼ਾਨ
ਜ਼ੀਰਕਪੁਰ ਦੇ ਵਾਰਡ ਨੰਬਰ 14 ਅਧੀਨ ਆਉਂਦੇ ਦਸਮੇਸ਼ ਐਨਕਲੇਵ ਵਿੱਚ ਲੰਘੇ ਕਈ ਦਨਿਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਕਲੋਨੀ ਦੇ ਵਸਨੀਕ ਆਜ਼ਾਦ ਖਾਨ, ਲਾਲ ਬਹਾਦੁਰ, ਗੋਮਤੀ ਯਾਦਵ, ਪਵਨ ਕੁਮਾਰ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਲੰਘੇ ਚਾਰ ਦਨਿਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਪਾਣੀ ਵਿੱਚੋਂ ਬਦਬੂ ਆ ਰਹੀ ਹੈ, ਜਿਸ ਨੂੰ ਪੀਣਾ ਤਾਂ ਦੂਰ ਸਗੋਂ ਘਰੇਲੂ ਕੰਮਾਂ ਲਈ ਵੀ ਨਹੀਂ ਵਰਤਿਆ ਜਾ ਸਕਦਾ। ਦੂਸ਼ਿਤ ਪਾਣੀ ਕਾਰਨ ਕਲੋਨੀ ਵਿੱਚ ਪੇਚਿਸ਼ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਕੁਝ ਘਰਾਂ ਵਿੱਚ ਲੋਕ ਬਿਮਾਰ ਹੋ ਗਏ ਹਨ, ਜਨਿ੍ਹਾਂ ਨੂੰ ਪੇਟ ਦਰਦ, ਦਸਤ ਅਤੇ ਉੱਲਟੀਆਂ ਦੀ ਸ਼ਿਕਾਇਤ ਆ ਰਹੀ ਹੈ। ਇਹ ਲੋਕ ਵੱਖ ਵੱਖ ਥਾਂ ਆਪਣਾ ਇਲਾਜ ਕਰਵਾ ਰਹੇ ਹਨ। ਕਲੋਨੀ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਟੂਟੀਆਂ ’ਚ ਦੂਸ਼ਿਤ ਪਾਣੀ ਆਉਣ ’ਤੇ ਤੁਰੰਤ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਪਰ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਸਬੰਧਿਤ ਅਧਿਕਾਰੀਆਂ ਨੂੰ ਸਮੱਸਿਆ ਦੇ ਹੱਲ ਲਈ ਹਦਾਇਤ ਕਰ ਦਿੱਤੀ ਹੈ।