ਥਰਮਲ ਪਲਾਂਟ ਰੂਪਨਗਰ ਤੋਂ ਬਿਜਲੀ ਉਤਪਾਦਨ ਮੁੜ ਹੋਇਆ ਸ਼ੁਰੂ
ਪੱਤਰ ਪ੍ਰੇਰਕ
ਰੂਪਨਗਰ/ਘਨੌਲੀ, 29 ਜਨਵਰੀ
ਪੰਜਾਬ ਅੰਦਰ ਬਿਜਲੀ ਦੀ ਵਧੀ ਹੋਈ ਮੰਗ ਦੇ ਮੱਦੇਨਜ਼ਰ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟਾਂ ਦੇ ਬਿਜਲੀ ਉਤਪਾਦਨ ਨੇ ਪੂਰੀ ਰਫਤਾਰ ਫੜ ਲਈ ਹੈ। ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੇ ਸਮੇਂ ਅਕਸਰ ਹੀ ਬੰਦ ਰੱਖੇ ਜਾਂਦੇ ਜਾਂ ਘੱਟ ਲੋਡ ’ਤੇ ਚਲਾਏ ਜਾਣ ਵਾਲੇ ਸਰਕਾਰੀ ਪਲਾਂਟਾਂ ਦੇ ਯੂਨਿਟਾਂ ਨੂੰ ਹੁਣ ‘ਆਪ’ ਸਰਕਾਰ ਵੱਲੋਂ ਪੂਰੇ ਲੋਡ ’ਤੇ ਚਲਾਇਆ ਜਾ ਰਿਹਾ ਹੈ। ਬੀਤੇ ਦਿਨ ਤਕਨੀਕੀ ਖਰਾਬੀ ਕਾਰਨ ਬੰਦ ਹੋਏ ਰੂਪਨਗਰ ਥਰਮਲ ਪਲਾਂਟ ਦੇ 3 ਨੰਬਰ ਅਤੇ 4 ਨੰਬਰ ਯੂਨਿਟਾਂ ਨੂੰ ਵੀ ਅੱਜ ਪਲਾਂਟ ਦੇ ਇੰਜਨੀਅਰਾਂ ਦੀ ਟੀਮ ਨੇ ਫੁਰਤੀ ਨਾਲ ਠੀਕ ਕਰਦੇ ਹੋਏ ਮੁੜ ਲੀਹ ’ਤੇ ਪਾ ਦਿੱਤਾ ਹੈ। ਅੱਜ ਖ਼ਬਰ ਲਿਖੇ ਜਾਣ ਸਮੇਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ 3 ਨੰਬਰ ਯੂਨਿਟ ਦੁਆਰਾ 203 ਮੈਗਾਵਾਟ, 4 ਨੰਬਰ ਯੂਨਿਟ ਦੁਆਰਾ 185 ਮੈਗਾਵਾਟ ਅਤੇ 6 ਨੰਬਰ ਯੂਨਿਟ ਦੁਆਰਾ 195 ਮੈਗਾਵਾਟ ਕੁੱਲ 582 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਸੀ।
ਪੰਜ ਨੰਬਰ ਯੂਨਿਟ ਨੂੰ ਸਾਲਾਨਾ ਮੁਰੰਮਤ ਕਾਰਨ ਲਗਪਗ ਇੱਕ ਮਹੀਨੇ ਲਈ ਬੰਦ ਕਰਕੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਇੱਕ ਦਿਨ ਪਹਿਲਾਂ ਤਿੰਨ ਯੂਨਿਟ ਬੰਦ ਹੋਣ ਕਾਰਨਂ ਪੰਜਾਬ ਵਿੱਚ ਬਿਜਲੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਸੀ। ਇਸ ਕਰਕੇ ਯੂਨਿਟ ਨੰਬਰ ਪੰਜ ਨੂੰ ਸਾਲਾਨਾ ਮੁਰੰਮਤ ਲਈ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਥੋੜ੍ਹੀ ਦੇਰ ਬਾਅਦ ਤਿੰਨ ਅਤੇ ਚਾਰ ਨੰਬਰ ਯੂਨਿਟਾਂ ਵਿੱਚ ਅਚਾਨਕ ਤਕਨੀਕੀ ਨੁਕਸ ਪੈਣ ਕਾਰਨ ਇਹ ਦੋਵੇਂ ਯੂਨਿਟ ਵੀ ਬੰਦ ਹੋ ਗਏ ਸਨ।