For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ਘਰੇਲੂ ਤੇ ਸਨਅਤੀ ਖੇਤਰ ਦੀ ਬਿਜਲੀ ਹੋਈ ਮਹਿੰਗੀ

07:06 AM Jun 15, 2024 IST
ਪੰਜਾਬ ’ਚ ਘਰੇਲੂ ਤੇ ਸਨਅਤੀ ਖੇਤਰ ਦੀ ਬਿਜਲੀ ਹੋਈ ਮਹਿੰਗੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 14 ਜੂਨ
ਪੰਜਾਬ ਵਿੱਚ ਘਰੇਲੂ ਬਿਜਲੀ ਦੀਆਂ ਦਰਾਂ ਵਿਚ 10 ਪੈਸੇ ਤੋਂ 12 ਪੈਸੇ ਪ੍ਰਤੀ ਯੂਨਿਟ ਜਦਕਿ ਸਨਅਤੀ ਬਿਜਲੀ ਦੀਆਂ ਦਰਾਂ ਵਿੱਚ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ‘ਆਪ’ ਸਰਕਾਰ ਦਾ ਆਪਣੇ ਕਾਰਜਕਾਲ ਦੌਰਾਨ ਬਿਜਲੀ ਦਰਾਂ ’ਚ ਇਹ ਦੂਜਾ ਵਾਧਾ ਹੈ। ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਮਗਰੋਂ ਪਹਿਲੀ ਵਾਰ ਬਿਜਲੀ ਦਰਾਂ ਵਿਚ 15 ਮਈ 2023 ਨੂੰ ਵਾਧਾ ਕੀਤਾ ਗਿਆ ਸੀ ਜਦਕਿ ਹੁਣ ਵਿਧਾਨ ਸਭਾ ਹਲਕਾ ਜਲੰਧਰ (ਪੱਛਮੀ) ਦੀ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਇਹ ਵਾਧਾ ਕੀਤਾ ਗਿਆ ਹੈ।

Advertisement

ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵਰ੍ਹਾ 2024-25 ਲਈ ਬਿਜਲੀ ਦਰਾਂ ਵਿੱਚ ਵਾਧੇ ਦੇ ਹੁਕਮ ਜਾਰੀ ਕੀਤੇ ਹਨ ਅਤੇ ਨਵੀਆਂ ਬਿਜਲੀ ਦਰਾਂ 16 ਜੂਨ ਤੋਂ ਲਾਗੂ ਹੋਣਗੀਆਂ ਅਤੇ ਇਹ ਵਾਧਾ 31 ਮਾਰਚ 2025 ਤੱਕ ਕੀਤਾ ਗਿਆ ਹੈ। ਨਵੀਆਂ ਦਰਾਂ ਨਾਲ ਪਾਵਰਕੌਮ ਨੂੰ 654.35 ਕਰੋੜ ਦੀ ਵਾਧੂ ਆਮਦਨ ਹੋਵੇਗੀ ਅਤੇ ਇਸ 654.35 ਕਰੋੜ ਦੇ ਵਾਧੇ ’ਚੋਂ ਖਪਤਕਾਰਾਂ ’ਤੇ ਸਿਰਫ਼ 18 ਕਰੋੜ ਦਾ ਬੋਝ ਪਵੇਗਾ ਜਦਕਿ 636 ਕਰੋੜ ਰੁਪਏ ਦੀ ਸਬਸਿਡੀ ਦਾ ਵਾਧੂ ਬੋਝ ਪੰਜਾਬ ਸਰਕਾਰ ਹੀ ਚੁੱਕੇਗੀ।

Advertisement

ਪੰਜਾਬ ਸਰਕਾਰ ਘਰੇਲੂ ਖਪਤਕਾਰਾਂ ਨੂੰ ਤਾਂ ਜੁਲਾਈ 2022 ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਦੇ ਰਹੀ ਹੈ ਅਤੇ ਇਸੇ ਤਰ੍ਹਾਂ ਸਨਅਤਾਂ ਨੂੰ ਵੀ ਬਿਜਲੀ ’ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਜੋ ਨਵਾਂ ਟੈਰਿਫ਼ ਜਾਰੀ ਕੀਤਾ ਗਿਆ ਹੈ, ਉਸ ਅਨੁਸਾਰ ਪਾਵਰਕੌਮ ਨੂੰ ਬਿਜਲੀ ਦਰਾਂ ਵਿਚ ਵਾਧੇ ਨਾਲ ਕਰੀਬ 654.35 ਕਰੋੜ ਰੁਪਏ ਦੀ ਵਾਧੂ ਆਮਦਨ ਹੋਣ ਦਾ ਅਨੁਮਾਨ ਹੈ। ਪਾਵਰਕੌਮ ਨੂੰ 2024-25 ਦੌਰਾਨ 44,239 ਕਰੋੜ ਰੁਪਏ ਦੀ ਕੁੱਲ ਆਮਦਨ ਪ੍ਰਾਪਤ ਹੋਣ ਦਾ ਅਨੁਮਾਨ ਹੈ। ਖੇਤੀ ਸੈਕਟਰ ਲਈ ਪਹਿਲਾਂ ਹੀ ਮੋਟਰਾਂ ਨੂੰ ਮੁਫ਼ਤ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਖੇਤੀ ਸੈਕਟਰ ਵਿੱਚ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਖੇਤੀ ਸੈਕਟਰ ਦੀਆਂ ਨਵੀਆਂ ਦਰਾਂ ਨਾਲ ਸਾਲਾਨਾ 180 ਕਰੋੜ ਰੁਪਏ ਦਾ ਵਾਧੂ ਬੋਝ ਸਰਕਾਰੀ ਖ਼ਜ਼ਾਨੇ ’ਤੇ ਪਵੇਗਾ।

ਘਰੇਲੂ ਦਰਾਂ ਵਿੱਚ ਵਾਧੇ ਨਾਲ ਕੁਲ ਸਾਲਾਨਾ 133 ਕਰੋੜ ਦਾ ਬੋਝ ਪਵੇਗਾ ਜਿਸ ’ਚੋਂ 120 ਕਰੋੜ ਰੁਪਏ ਦੀ ਸਾਲਾਨਾ ਸਬਸਿਡੀ ਸਰਕਾਰ ਭਰੇਗੀ ਜਦਕਿ ਖਪਤਕਾਰਾਂ ’ਤੇ ਸਿਰਫ਼ ਸਾਲਾਨਾ 13 ਕਰੋੜ ਦਾ ਬੋਝ ਹੀ ਪਵੇਗਾ। ਇਹ ਬੋਝ ਉਨ੍ਹਾਂ ਖਪਤਕਾਰਾਂ ’ਤੇ ਪਵੇਗਾ ਜਿਨ੍ਹਾਂ ਦੀ ਬਿਜਲੀ ਖਪਤ 300 ਯੂਨਿਟਾਂ ਤੋਂ ਵੱਧ ਹੋਵੇਗੀ। ਦੋ ਤੋਂ ਸੱਤ ਕਿੱਲੋਵਾਟ ਲੋਡ ਵਾਲੇ ਖਪਤਕਾਰਾਂ ਨੂੰ ਬਿਜਲੀ ਪਹਿਲੇ ਸੌ ਯੂਨਿਟ ਤੱਕ 10 ਪੈਸੇ, 101 ਤੋਂ 300 ਯੂਨਿਟ ਤੱਕ 12 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਉਪਰ ਯੂਨਿਟਾਂ ’ਚ ਕੋਈ ਵਾਧਾ ਨਹੀਂ ਕੀਤਾ ਗਿਆ।

ਸ੍ਰੀ ਹਰਮਿੰਦਰ ਸਾਹਿਬ ਅਤੇ ਦੁਰਗਿਆਨਾ ਮੰਦਰ ਨੂੰ ਪਹਿਲੇ 2000 ਯੂਨਿਟ ਮੁਫ਼ਤ ਬਿਜਲੀ ਦੀ ਸਪਲਾਈ ਜਾਰੀ ਰਹੇਗੀ। ਘਰੇਲੂ ਬਿਜਲੀ ਦੇ ਫਿਕਸਡ ਚਾਰਜਿਜ਼ ’ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਐਤਕੀਂ ਕਮਰਸ਼ੀਅਲ ਬਿਜਲੀ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਫਿਕਸਡ ਚਾਰਜਿਜ਼ ਵਧਾਏ ਗਏ ਹਨ।

ਇਸੇ ਤਰ੍ਹਾਂ ਉਦਯੋਗਿਕ ਖੇਤਰ ਵਿੱਚ ਸਮਾਲ ਪਾਵਰ ਸਪਲਾਈ, ਮੀਡੀਅਮ ਪਾਵਰ ਸਪਲਾਈ ਤੇ ਲਾਰਜ ਪਾਵਰ ਸਪਲਾਈ ਦੀਆਂ ਬਿਜਲੀ ਦਰਾਂ ਵਿਚ ਪ੍ਰਤੀ ਯੂਨਿਟ 15 ਪੈਸੇ ਦਾ ਵਾਧਾ ਕੀਤਾ ਗਿਆ ਹੈ ਜਦਕਿ ਫਿਕਸਡ ਚਾਰਜਿਜ਼ ਪੰਜ ਰੁਪਏ ਵਧਾਏ ਗਏ ਹਨ। ਸਨਅਤੀ ਖੇਤਰ ’ਚ ਨਵੇਂ ਵਾਧੇ ਨਾਲ 335 ਕਰੋੜ ਦਾ ਵਾਧੂ ਭਾਰ ਪਵੇਗਾ ਅਤੇ ਵਾਧੇ ਦਾ ਸਮੁੱਚਾ ਬੋਝ ਪੰਜਾਬ ਸਰਕਾਰ ਚੁੱਕੇਗੀ। ਔਸਤਨ ਸਮੁੱਚੀਆਂ ਬਿਜਲੀ ਦਰਾਂ 11 ਪੈਸੇ ਪ੍ਰਤੀ ਯੂਨਿਟ ਵਧੀਆਂ ਹਨ ਅਤੇ ਇਹ ਵਾਧਾ 1.59 ਫ਼ੀਸਦੀ ਬਣਦਾ ਹੈ।

ਬਿਜਲੀ ਦਰਾਂ ’ਚ ਵਾਧਾ ਪੰਜਾਬੀਆਂ ਨਾਲ ਭੱਦਾ ਮਜ਼ਾਕ: ਸੁਖਬੀਰ ਬਾਦਲ

ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸੰਸਦੀ ਚੋਣਾਂ ਖ਼ਤਮ ਹੋਣ ਤੋਂ ਬਾਅਦ ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ’ਚ ਵਾਧਾ ਕਰ ਕੇ ਪੰਜਾਬੀਆਂ ਨਾਲ ਭੱਦਾ ਮਜ਼ਾਕ ਕੀਤਾ ਹੈ ਤੇ ਉਨ੍ਹਾਂ ਮੰਗ ਕੀਤੀ ਕਿ ਇਹ ਵਾਧਾ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਵਾਧਾ ਕਰਕੇ ਪੰਜਾਬੀਆਂ ਨੂੰ ਸਜ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਦੱਸਣ ਕਿ ਉਨ੍ਹਾਂ ਨੇ ‘ਬਦਲਾਅ’ ਦੇ ਨਾਂ ’ਤੇ ਇਹ ਧੋਖਾ ਕਿਉਂ ਕੀਤਾ ਤੇ ਆਮ ਆਦਮੀ ਦੀ ਜੇਬ ਵਿੱਚ ਸੰਨ੍ਹ ਕਿਉਂ ਲਾਈ ਜਦੋਂ ਗਰਮੀ ਕਾਰਨ ਬਿਜਲੀ ਖਪਤ ਸਿਖਰ ’ਤੇ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਉਦਯੋਗਾਂ ਲਈ ਕੰਮ ਕਰਨਾ ਔਖਾ ਹੋ ਜਾਵੇਗਾ। ਇਸ ਨਾਲ ਸੂਬੇ ਵਿਚੋਂ ਉਦਯੋਗ ਹਿਜਰਤ ਕਰ ਜਾਣਗੇ।

Advertisement
Author Image

joginder kumar

View all posts

Advertisement