ਲਾਈਨਮੈਨ ਦੀ ਬਦਲੀ ਵਿਰੁੱਧ ਬਿਜਲੀ ਮੁਲਾਜ਼ਮ ਧਰਨੇ ’ਤੇ ਡਟੇ
ਕੇਕੇ ਬਾਂਸਲ
ਰਤੀਆ, 1 ਫਰਵਰੀ
ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੀ ਸਬ-ਡਿਵੀਜ਼ਨ ਰਤੀਆ ਵਿਚ ਤਾਇਨਾਤ ਲਾਈਨਮੈਨ ਦੀ ਬਦਲੀ ਕੀਤੇ ਜਾਣ ਵਿਰੁੱਧ ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਨੇ ਅੱਜ ਚੌਥੇ ਦਿਨ ਵੀ ਐੱਸਡੀਓ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਹੜਤਾਲ ਦੌਰਾਨ ਮੁਲਾਜ਼ਮਾਂ ਨੇ ਐੱਸਡੀਓ ਅਸ਼ੋਕ ਪੰਨੂ, ਕਾਰਜਕਾਰੀ ਇੰਜਨੀਅਰ ਅਤੇ ਸੁਪਰਡੈਂਟ ਇੰਜਨੀਅਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਸਿਟੀ ਸਬ-ਯੂਨਿਟ ਦੇ ਪ੍ਰਧਾਨ ਮਲਕੀਤ ਸਿੰਘ ਨੇ ਕੀਤੀ ਅਤੇ ਪ੍ਰਧਾਨਗੀ ਸਬ-ਅਰਬਨ ਸਬ-ਯੂਨਿਟ ਦੇ ਪ੍ਰਧਾਨ ਕਸ਼ਮੀਰ ਸਿੰਘ ਨੇ ਕੀਤੀ। ਇਸ ਹੜਤਾਲ ਵਿੱਚ ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਸੀਐੱਨ ਭਾਰਤੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਮੁਲਾਜ਼ਮਾਂ ਨੂੰ ਕਰਮਯੋਗੀ ਬਣਾ ਰਹੀ ਹੈ ਅਤੇ ਦੂਜੇ ਪਾਸੇ ਇਮਾਨਦਾਰ ਮੁਲਾਜ਼ਮ ਦੀ ਬਦਲੀ ਕਰਕੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਕਰਦੇ ਫੜੇ ਗਏ ਹਾਂਸਪੁਰ ਦੇ ਖਪਤਕਾਰ ਨੇ ਆਪਣੇ ਸਿਆਸੀ ਪ੍ਰਭਾਵ ਕਾਰਨ ਲਾਈਨਮੈਨ ’ਤੇ ਝੂਠੇ ਦੋਸ਼ ਲਾ ਕੇ ਉਸ ਦੀ ਬਦਲੀ ਕਰਵਾ ਦਿੱਤੀ ਹੈ। ਦਬਾਅ ਕਾਰਨ ਐੱਸਡੀਓ ਨੇ ਖਪਤਕਾਰ ਨੂੰ ਜੁਰਮਾਨਾ ਅਦਾ ਕੀਤੇ ਬਿਨਾਂ ਉਸੇ ਦਿਨ ਮੀਟਰ ਲਗਾ ਦਿੱਤਾ। ਮੁੱਖ ਬੁਲਾਰੇ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਲਾਈਨਮੈਨਾਂ ਦੇ ਤਬਾਦਲੇ ਜਲਦੀ ਰੱਦ ਨਾ ਕੀਤੇ ਗਏ ਤਾਂ ਇਹ ਅੰਦੋਲਨ ਵੱਡੇ ਪੱਧਰ ’ਤੇ ਕੀਤਾ ਜਾਵੇਗਾ। ਅੱਜ ਦੇ ਧਰਨੇ ਵਿੱਚ ਸਰਵ ਕਰਮਚਾਰੀ ਸੰਘ ਦੇ ਬਲਾਕ ਪ੍ਰਧਾਨ ਦੇਵੀ ਲਾਲ ਅਤੇ ਹਰਿਆਣਾ ਸਕੂਲ ਅਧਿਆਪਕ ਸੰਘ ਦੇ ਸਕੱਤਰ ਸੰਜੈ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬਲਾਕ ਪ੍ਰਧਾਨ ਨੇ ਧਰਨੇ ਦੀ ਹਮਾਇਤ ਕਰਦਿਆਂ ਅਫ਼ਸਰਾਂ ਖ਼ਿਲਾਫ਼ ਆਪਣਾ ਗੁੱਸਾ ਕੱਢਿਆ ਅਤੇ ਮੁਰਦਾਬਾਦ ਦੇ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਇਹ ਅੰਦੋਲਨ ਜ਼ਿਲ੍ਹਾ ਪੱਧਰ ’ਤੇ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ 4 ਫਰਵਰੀ ਨੂੰ ਰੋਹਤਕ ਵਿੱਚ ਹੋਣ ਵਾਲੀ ਸਰਵ ਕਰਮਚਾਰੀ ਸੰਘ ਦੀ ਰੈਲੀ ਵਿੱਚ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਧਰਨੇ ਦੌਰਾਨ ਸਤਪਾਲ ਸਿੰਘ, ਪ੍ਰੇਮ ਸ਼ਰਮਾ, ਰੋਹਤਾਸ਼ ਰਾਮ ਕੁਮਾਰ ਸਿੰਗਲਾ, ਮਨੋਜ ਕਾਮਰਾ, ਪ੍ਰਮੋਦ ਕੁਮਾਰ, ਸ਼ੇਸ਼ਨਾਥ, ਸੁਨੀਲ ਢਾਕਾ, ਧਰਮਵੀਰ, ਵਿਨੋਦ ਕੁਮਾਰ, ਮਾਨਵ, ਜਗਤਾਰ ਸਿੰਘ, ਅਮਨ ਜੋਸਨ, ਪ੍ਰਵੇਸ਼, ਪ੍ਰਮੋਦ, ਸੁਨੀਲ ਕੁਮਾਰ, ਲਕਸ਼ਮਣ ਦਾਸ, ਗੁਰਦੀਪ ਸਿੰਘ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।