ਮਸਲੇ ਹੱਲ ਕਰਵਾਉਣ ਲਈ ਡਟੇ ਬਿਜਲੀ ਮੁਲਾਜ਼ਮ
ਸ਼ਗਨ ਕਟਾਰੀਆ
ਬਠਿੰਡਾ, 11 ਸਤੰਬਰ
ਪੀਐਸਪੀਸੀਐਲ ਸਰਕਲ ਬਠਿੰਡਾ ਦੇ ਸੈਂਕੜੇ ਬਿਜਲੀ ਕਾਮਿਆਂ ਨੇ ਅੱਜ ਸਮੂਹਿਕ ਛੁੱਟੀ ਕਰ ਕੇ ਰੈਲੀ ਕੀਤੀ। ਦੂਜੇ ਦਿਨ ਦੇ ਧਰਨੇ ਵਿੱਚ ਸ਼ਾਮਲ ਮੁਲਾਜ਼ਮਾਂ ਤੇ ਬੁਲਾਰਿਆਂ ਨੇ ਰੋਸ ਜ਼ਾਹਰ ਕੀਤਾ। ਮੁਲਾਜ਼ਮਾਂ ਦੀ ਹੜਤਾਲ ਕਾਰਨ 66 ਕੇਵੀ ਬਿਜਲੀ ਲਾਈਨਾਂ ਬੰਦ ਹੋਣ ਨਾਲ ਬਹੁਤ ਸਾਰੇ ਪਿੰਡਾਂ ਤੇ ਸ਼ਹਿਰਾਂ ਦੀ ਸਪਲਾਈ ਪ੍ਰਭਾਵਿਤ ਹੋਈ। ਗੌਰਤਲਬ ਹੈ ਕਿ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਹੜਤਾਲੀ ਕਾਮਿਆਂ ਨੂੰ ਐਸਮਾ ਕਾਨੂੰਨ ਦੀ ਜ਼ਦ ’ਚ ਲਿਆਉਣ ਦੀ ਗੱਲ ਕਹੀ ਗਈ ਸੀ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਬਿਜਲੀ ਬੋਰਡ ਦਾ ਨਿਗਮੀਕਰਨ ਤੇ ਨਿੱਜੀਕਰਨ ਰੱਦ ਕੀਤਾ ਜਾਵੇ। 2004 ਤੋਂ ਬਾਅਦ ਲੱਗੇ ਮੁਲਾਜ਼ਮਾਂ ਨੂੰ ਓਪੀਐਸ ਸਕੀਮ ਤਹਿਤ ਪੈਨਸ਼ਨ ਦਿੱਤੀ ਜਾਵੇ, ਛੇਵਾਂ ਪੇਅ ਕਮਿਸ਼ਨ ਸਾਰੇ ਮੁਲਾਜ਼ਮਾਂ ਉੱਤੇ ਲਾਗੂ ਕੀਤਾ ਜਾਵੇ, ਡਿਸਮਿਸ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ, ਡੀਏ ਵਿੱਚ ਵਾਧਾ ਕਰਕੇ 50 ਪ੍ਰਤੀਸ਼ਤ ਕੀਤਾ ਜਾਵੇ ਅਤੇ 1 ਜਨਵਰੀ 2016 ਤੋਂ ਪੇਅ ਸਕੇਲਾਂ ਦਾ ਬਕਾਇਆ ਤੁਰੰਤ ਰਿਲੀਜ਼ ਕੀਤਾ ਜਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ ’ਤੇ ਸ੍ਰੀ ਮੁਕਤਸਰ ਸਾਹਿਬ, ਫੱਤਣਵਾਲਾ, ਰੁਪਾਣਾ, ਬਰੀਵਾਲਾ, ਲੁਬਾਣਿਆਂਵਾਲੀ ਅਤੇ ਲੱਖੇਵਾਲੀ ਮੰਡਲ ਦਫਤਰ ਅਤੇ ਹਲਕਾ ਦਫਤਰਾਂ ’ਚ ਕੰਮ ਮੁਕੰਮਲ ਰੂਪ ’ਚ ਬੰਦ ਰਿਹਾ। ਇਸ ਦੌਰਾਨ ਕੋਈ ਵੀ ਕੈਸ਼ ਕਾਊਂਟਰ ਖੋਲ੍ਹਿਆ ਨਹੀਂ ਗਿਆ। ਮੁਲਾਜ਼ਮਾਂ ਨੇ ਸਰਕਾਰ ਅਤੇ ਬਿਜਲੀ ਕਾਰਪੋਰੇਸ਼ਨਾਂ ਖਿਲਾਫ ਰੋਸ ਭਰੀ ਨਾਅਰੇਬਾਜ਼ੀ ਕੀਤੀ।
ਦੋਦਾ (ਜਸਵੀਰ ਸਿੰਘ ਭੁੱਲਰ): ਪੀਐਸਈਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ,ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੇ.ਈ. ਅਤੇ ਟੀ ਐਸ ਯੂ ਭੰਗਲ ਪੰਜਾਬ ਦੇ ਸੱਦੇ ਉਤੇ ਬਿਜਲੀ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਰਜਨੀਸ਼ ਮੱਕੜ, ਦਰਸ਼ਨ ਸਿੰਘ, ਦਲਜੀਤ ਸਿੰਘ, ਪ੍ਰਮੋਦ ਕੁਮਾਰ, ਅਕਾਸ਼ਦੀਪ ਸਿੰਘ, ਵਿਸ਼ਾਲ ਕੁਮਾਰ, ਜਗਜੀਤ ਸਿੰਘ ਨੇ ਸੰਬੋਧਨ ਕੀਤਾ।
ਬਰਨਾਲਾ (ਪਰਸ਼ੋਤਮ ਬੱਲੀ): ਇੱਥੇ ਬਿਜਲੀ ਕਾਮਿਆਂ ਸਮੂਹਿਕ ਛੁੱਟੀ ਲੈ ਕੇ ਰੋਸ ਰੈਲੀ ਕੀਤੀ ਜਿਸ ਦੀ ਪ੍ਰਧਾਨਗੀ ਬਰਨਾਲਾ ਸੰਘਰਸ਼ ਕਮੇਟੀ ਦੇ ਕਨਵੀਨਰ ਸਤਿੰਦਰ ਪਾਲ ਸਿੰਘ ਜੱਸੜ ਨੇ ਕੀਤੀ। ਬੁਲਾਰਿਆਂ ਉੱਚ ਪੱਧਰੀ ਮੀਟਿੰਗਾਂ ਵਿੱਚ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਧਰਨੇ ਨੂੰ ਇੰਜ. ਸੁਖਵਿੰਦਰ ਸਿੰਘ ਸੰਘੇੜਾ, ਕੁਲਵਿੰਦਰ ਸਿੰਘ, ਅਮਰਜੀਤ ਸਿੱਘ, ਸਤਨਾਮ ਸਿੱਘ, ਦੀਪਕ ਸ਼ਰਮਾਂ, ਭੋਲਾ ਸਿੰਘ ਗੁੰਮਟੀ, ਜਰਨੈਲ ਸਿੰਘ ਠੁੱਲੀਵਾਲ, ਕਮਲਜੀਤ ਸਿੱਘ ਜਲ੍ਹੂਰ, ਗੁਰਵਿੰਦਰ ਸਿੱਘ, ਪਰਗਟ ਸਿੰਘ, ਪੰਕਜ ਗੋਇਲ, ਰਣਜੀਤ ਕੁਮਾਰ, ਰਾਜੇਸ਼ ਕੁਮਾਰ ਬੰਟੀ, ਜਗਤਾਰ ਸਿੰਘ, ਰਾਮ ਪਾਲ ਸਿੰਘ, ਦਲਜੀਤ ਸਿੰਘ, ਹਿਮਾਂਸੂ ਸਿੰਗਲਾ, ਅਕਾਸ਼ਦੀਪ ਸਿੰਘ ਮੋਦਗਿੱਲ, ਮਨਦੀਪ ਸ਼ਰਮਾਂ, ਸਰਬਜੀਤ ਸਿੰਘ ਨੇ ਸੰਬੋਧਨ ਕੀਤਾ।
ਪੰਜਾਬ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਗਰਜੇ ਬਿਜਲੀ ਮੁਲਾਜ਼ਮ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਅਧੀਨ ਕੰਮ ਕਰਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਡਵੀਜ਼ਨ ਦਫ਼ਤਰ ਮਾਨਸਾ ਅੱਗੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਵਿਰੁੱਧ ਅੱਜ ਵੀ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।ਐਪਲਾਈਜ਼ ਫੈਡਰੇਸ਼ਨ (ਪਹਿਲਵਾਨ ਗਰੁੱਪ) ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੰਢਾਲੀ ਅਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਮੁਲਜ਼ਮਾਂ ਨੂੰ ਰੋਹ ਭਰੀ ਤਕਰੀਰ ਦਿੰਦਿਆਂ ਕਿਹਾ ਕਿ 31 ਜੁਲਾਈ ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕਾਫੀ ਮੰਗਾਂ ’ਤੇ ਆਪਸੀ ਸਹਿਮਤੀਆਂ ਬਣੀਆਂ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਬਿਜਲੀ ਮੰਤਰੀ ਨੇ 15 ਅਗਸਤ ਤੱਕ ਮੰਨੀਆਂ ਮੰਗਾਂ ਲਾਗੂ ਕਰਨ ਦਾ ਵਿਸ਼ਵਾਸ਼ ਦਿਵਾਇਆ ਸੀ, ਪਰ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਪਹਿਲਾਂ ਦੀ ਤਰ੍ਹਾਂ ਵਾਅਦਾਖਿਲਾਫ਼ੀ ਕਰ ਰਹੀ ਹੈ।
ਸੰਘਰਸ਼ ਵਿੱਚ ਸ਼ਾਮਲ ਹੋਏ ਠੇਕਾ ਮੁਲਾਜ਼ਮ
ਭੁੱਚੋ ਮੰਡੀ (ਪਵਨ ਗੋਇਲ): ਡਿਵੀਜ਼ਨ ਪ੍ਰਧਾਨ ਰਾਜ ਮਹੇਸ਼ ਸਿੰਘ, ਮੀਤ ਪ੍ਰਧਾਨ ਸੁਖਪਾਲ ਸਿੰਘ, ਸਕੱਤਰ ਗੁਰਪ੍ਰੀਤ ਸਿੰਘ ਅਤੇ ਖਜ਼ਾਨਚੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਆਗੂਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਬਣੀ ਸਹਿਮਤੀ ਵਾਲੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਜਾਰੀ ਰਹਿਣਗੇ। ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਬੈਨਰ ਹੇਠ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਰੈਗੂਲਰ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਕੀਤੀ ਤਿੰਨ ਰੋਜ਼ਾ ਹੜਤਾਲ ਦੇ ਸਮਰਥਨ ਵਿੱਚ ਥਰਮਲ ਦੇ ਮੁੱਖ ਗੇਟ ਅੱਗੇ ਰੋਸ ਰੈਲੀ ਕੀਤੀ।