ਹਰਿਆਣਾ ਪਾਵਰ ਯੂਨੀਅਨ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਵੱਲੋਂ ਹੜਤਾਲ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 31 ਦਸੰਬਰ
ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਬਿਜਲੀ ਵਿਭਾਗ ਦਾ ਨਿੱਜੀਕਰਨ ਕਰਨ ਖ਼ਿਲਾਫ਼ ਅੱਜ ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਦੇ ਸੱਦੇ ’ਤੇ ਬਿਜਲੀ ਕਾਮਿਆਂ ਨੇ ਇਕ ਘੰਟੇ ਦੀ ਹੜਤਾਲ ਕਰ ਕੇ ਕੇਂਦਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਮਿਆਂ ਨੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਕੰਮ ਦਾ ਬਾਈਕਾਟ ਕੀਤਾ।
ਇਥੇ ਮੁਜ਼ਾਹਰੇ ਦੀ ਪ੍ਰਧਾਨਗੀ ਸਿਟੀ ਸਬ ਯੂਨਿਟ ਹੈੱਡ ਗੁਰਪ੍ਰੀਤ ਸਿੰਘ ਨੇ ਕੀਤੀ ਜਦਕਿ ਸਬ ਅਰਬਨ ਸਬ ਯੂਨਿਟ ਹੈੱਡ ਸਤਪਾਲ ਸਿੰਘ ਨੇ ਤਾਲਮੇਲ ਕੀਤਾ। ਗੇਟ ਮੀਟਿੰਗ ਦੌਰਾਨ ਫਤਿਹਾਬਾਦ ਯੂਨਿਟ ਦੇ ਮੁਖੀ ਅਮਿਤ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਨੇ ਕਿਹਾ ਕਿ 1 ਜਨਵਰੀ ਤੋਂ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਬਿਜਲੀ ਵਿਭਾਗ ਨੂੰ ਪੂਰੀ ਤਰ੍ਹਾਂ ਨਿੱਜੀ ਕੰਪਨੀ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਦੇ ਵਿਰੋਧ ਵਿੱਚ ਅੱਜ ਬਿਜਲੀ ਮੁਲਾਜ਼ਮ ਫੈਡਰੇਸ਼ਨ ਆਫ ਇੰਡੀਆ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਪੂਰੇ ਦੇਸ਼ ਦੇ ਬਿਜਲੀ ਮੁਲਾਜ਼ਮਾਂ ਦੀ ਯੂਨੀਅਨ ਨੇ ਇੱਕ ਘੰਟੇ ਦੀ ਹੜਤਾਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਨਿੱਜੀਕਰਨ ਕਾਰਨ ਚੰਡੀਗੜ੍ਹ ਵਿੱਚ ਬਿਜਲੀ ਮਹਿੰਗੀ ਹੋ ਜਾਵੇਗੀ, ਜਿਸ ਦਾ ਆਮ ਖਪਤਕਾਰਾਂ ’ਤੇ ਭਾਰੀ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਨਿੱਜੀਕਰਨ ਕਾਰਨ ਚੰਡੀਗੜ੍ਹ ਬਿਜਲੀ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਵੱਲੋਂ ਨਿੱਜੀਕਰਨ ਦਾ ਵਿਰੋਧ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਲੜਾਈ ਵਿੱਚ ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰਜ਼ ਯੂਨੀਅਨ ਵੀ ਉਨ੍ਹਾਂ ਦੇ ਨਾਲ ਹੈ ਅਤੇ ਇਸ ਨਿੱਜੀਕਰਨ ਦਾ ਜ਼ੋਰਦਾਰ ਵਿਰੋਧ ਕਰੇਗੀ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਿੱਜੀਕਰਨ ਦੇ ਫ਼ੈਸਲੇ ਨੂੰ ਜਲਦੀ ਵਾਪਸ ਨਾ ਲਿਆ ਗਿਆ ਤਾਂ ਹਰਿਆਣਾ ਦੇ ਬਿਜਲੀ ਕਾਮੇ ਵੀ ਵੱਡਾ ਅੰਦੋਲਨ ਸ਼ੁਰੂ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਉਹ ਇਸ ਨਿੱਜੀਕਰਨ ਵਿਰੁੱਧ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੀ ਹਮਾਇਤ ਵਿੱਚ ਹੜਤਾਲ ਵੀ ਕਰਨਗੇ। ਇਸ ਦੌਰਾਨ ਯੂਨਿਟ ਉਪ ਪ੍ਰਧਾਨ ਮਲਕੀਤ ਸਿੰਘ ਅਤੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਨੋਜ ਕਾਮਰਾ, ਰੋਹਤਾਸ਼ ਕੁਮਾਰ, ਰਾਮ ਕੁਮਾਰ ਸਿੰਗਲਾ, ਮੁਕੇਸ਼ ਕੁਮਾਰ, ਸ਼ੇਸ਼ਨਾਥ, ਧਰਮਵੀਰ ਸਿੰਘ ਤੇ ਦੀਪਕ ਸ਼ਰਮਾ ਆਦਿ ਮੁਲਾਜ਼ਮ ਹਾਜ਼ਰ ਸਨ।