ਸਕੂਲ, ਡਿਸਪੈਂਸਰੀ ਅਤੇ ਅਖਾੜੇ ਦਾ ਬਿਜਲੀ ਕੁਨੈਕਸ਼ਨ ਕੱਟਿਆ
ਅਜੇ ਮਲਹੋਤਰਾ
ਬਸੀ ਪਠਾਣਾਂ, 23 ਸਤੰਬਰ
ਬਿਜਲੀ ਵਿਭਾਗ ਨੇ ਫ਼ਤਹਿਗੜ੍ਹ ਸਾਹਿਬ ਬਲਾਕ ਅਧੀਨ ਪੈਂਦੇ ਪਿੰਡ ਫਿਰੋਜ਼ਪੁਰ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਸਰਕਾਰੀ ਸਿਹਤ ਡਿਸਪੈਂਸਰੀ ਅਤੇ ਕੁਸ਼ਤੀ ਦੇ ਅਖਾੜੇ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ, ਜਿਸ ਕਾਰਨ ਐਲੀਮੈਂਟਰੀ ਸਕੂਲ ਦੇ ਛੋਟੇ ਬੱਚੇ ਗਰਮੀ ਕਾਰਨ ਪ੍ਰੇਸ਼ਾਨ ਹੋਏ ਤੇ ਪੀਣ ਵਾਲੇ ਪਾਣੀ ਨੂੰ ਵੀ ਤਰਸਦੇ ਰਹੇ। ਪਿੰਡ ਦੀ ਸਿਹਤ ਡਿਸਪੈਂਸਰੀ ਦਾ ਬਿਜਲੀ ਦਾ ਕੁਨੈਕਸ਼ਨ ਕੱਟਣ ਨਾਲ ਪਿੰਡ ਵਿੱਚ ਮਿਲਣ ਵਾਲੀਆਂ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੋ ਗਈਆਂ। ਇਸ ਦੇ ਨਾਲ ਹੀ ਕੁਸ਼ਤੀ ਅਖਾੜੇ ਦਾ ਕੁਨੈਕਸ਼ਨ ਵੀ ਬਿਜਲੀ ਦੇ ਬਿਲ ਦੀ ਅਦਇਗੀ ਨਾ ਹੋਣ ਕਾਰਨ ਕੱਟਿਆ ਗਿਆ ਹੈ। ਪਿੰਡ ਫਿਰੋਜ਼ਪੁਰ ਦੀ ਮੌਜੂਦਾ ਸਰਪੰਚ ਜਤਿੰਦਰ ਕੌਰ, ਸਾਬਕਾ ਸਰਪੰਚ ਜਸਵੀਰ ਸਿੰਘ, ਨੰਬਰਦਾਰ ਸੋਹਨ ਸਿੰਘ ਆਦਿ ਨੇ ਸਬੰਧਤ ਐਲੀਮੈਂਟਰੀ ਸਕੂਲ ਵਿਖੇ ਸੌਦਾਗਰ ਸਿੰਘ, ਹਰਨੇਕ ਸਿੰਘ, ਕੁਲਦੀਪ ਸਿੰਘ, ਪਿ੍ਥਵੀਪਾਲ ਸਿੰਘ ਅਤੇ ਸਕੂਲ ਅਧਿਆਪਕਾ ਸੁਖਵੀਰ ਕੌਰ ਦੀ ਮੌਜੂਦਗੀ ’ਚ ਦੱਸਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਸੋਮਵਾਰ ਨੂੰ ਬਿੱਲ ਭਰਵਾ ਦੇਣਗੇ ਪਰ ਬਿਜਲੀ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲ ਨਹੀ ਸੁਣੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਸ਼ਮਸੇਰ ਸਿੰਘ ਨੇ ਕਿਹਾ ਕਿ ਇਹ ਗੱਲ ਉਨ੍ਹਾਂ ਨੂੰ ਮੀਡੀਆ ਤੋਂ ਹੀ ਪਤਾ ਲੱਗੀ ਹੈ ਉਹ ਬਹੁਤ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰਾਉਣਗੇ। ਬਿਜਲੀ ਵਿਭਾਗ ਦੇ ਐੱਸਡੀਓ (ਸ਼ਹਿਰੀ) ਬਸੀ ਪਠਾਣਾਂ ਗੁਰਤੇਜ ਸਿੰਘ ਨਾਲ ਨੇ ਕਿਹਾ ਕਿ ਉਹ ਇਸ ਬਾਰੇ ਅਜੇ ਕੁਝ ਨਹੀ ਕਹਿ ਸਕਦੇ।