ਬਿਜਲੀ ਬਿੱਲ: ਮਜ਼ਦੂਰ ਪਰਿਵਾਰਾਂ ਵੱਲੋਂ ਦੀਵੇ ਤੇ ਪੱਖੀਆਂ ਲੈ ਕੇ ਮੁਜ਼ਾਹਰਾ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 10 ਅਕਤੂਬਰ
ਇਥੇ ਰਹਿੰਦੇ ਦਲਿਤ ਪਰਿਵਾਰਾਂ ਨੇ ਨਾਜਾਇਜ਼ ਭੇਜੇ ਗਏ ਬਿਜਲੀ ਬਿੱਲਾਂ ਅਤੇ ਘਰੇਲੂ ਬਿਜਲੀ ਕੁਨੈਕਸ਼ਨ ਕੱਟਣ ਦਾ ਰੋਸ ਹੱਥਾਂ ’ਚ ਦੀਵੇ, ਲੈਂਪ ਅਤੇ ਪੱਖੀਆਂ ਫੜ ਕੇ ਕੀਤਾ। ਹਾਈਵੇਅ ਤੋਂ ਰੋਸ ਮਾਰਚ ਕਰਦੇ ਹੋਏ ਇਹ ਪਰਿਵਾਰ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਕੋਠੀ ਤਕ ਪਹੁੰਚੇ। ਇਸ ਸਮੇਂ ਨਾਅਰੇਬਾਜ਼ੀ ਕਰਦਿਆਂ ਦਲਿਤ ਪਰਿਵਾਰਾਂ ਦੇ ਘਰੇਲੂ ਬਿਜਲੀ ਕੁਨੈਕਸ਼ਨ ਨਾ ਕੱਟਣ ਅਤੇ ਖੜ੍ਹੇ ਨਾਜਾਇਜ਼ ਬਿਜਲੀ ਬਿੱਲਾਂ ਦੇ ਬਕਾਏ ਰੱਦ ਕਰਨ ਦੀ ਮੰਗ ਕੀਤੀ ਗਈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਹਕੂਮਤ ਨੇ ਬਿਜਲੀ ਦੀਆਂ 600 ਯੂਨਿਟਾਂ ਮੁਆਫ਼ ਕਰਨ ਦੇ ਨਾਂ ’ਤੇ ਮਜ਼ਦੂਰਾਂ ਨੂੰ ਅਨੁਸੂਚਿਤ ਜਾਤੀਆਂ ਦੇ ਆਧਾਰ ’ਤੇ ਮਿਲਦੀ ਪਹਿਲਾਂ ਹੀ ਬਿਜਲੀ ਬਿੱਲਾਂ ਦੀ ਮੁਆਫ਼ੀ ਨੂੰ ਕੱਟ ਕੇ ਭੇਜੀਆਂ ਨਾਜਾਇਜ਼ ਬਿਜਲੀ ਬਿੱਲਾਂ ਦੀਆਂ ਵੱਡੀਆਂ ਰਕਮਾਂ ਦੀ ਪਾਵਰਕੌਮ ਵਲੋਂ ਜਬਰਨ ਵਸੂਲੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿੱਲ ਨਾ ਭਰਨ ’ਤੇ ਕੁਨੈਕਸ਼ਨ ਕੱਟੇ ਜਾਣ ਰਹੇ ਹਨ ਅਤੇ ਇਸ ਸਮੁੱਚੇ ਵਰਤਾਰੇ ਕਾਰਨ ਪਿੰਡਾਂ ਦੇ ਦਲਿਤ ਭਾਈਚਾਰੇ ’ਚ ਭਾਰੀ ਰੋਹ ਹੈ। ਰੋਸ ਪ੍ਰਗਟ ਕਰਨ ਲਈ ਨਿਵੇਕਲਾ ਢੰਗ ਅਪਣਾਉਂਦਿਆਂ ਦਲਿਤ ਪਰਿਵਾਰਾਂ ਨੇ ਦੀਵੇ, ਲਾਲਟੈਣਾਂ, ਲੈਂਪ, ਹਵਾ ਝੱਲਣ ਵਾਲੀਆਂ ਪੱਖੀਆਂ ਹੱਥਾਂ ‘ਚ ਫੜੀਆਂ ਹੋਈਆਂ ਸਨ। ਵਿਧਾਇਕਾ ਦੀ ਕੋਠੀ ਅੱਗੇ ਦਲਿਤ ਪਰਿਵਾਰਾਂ ਨਾਲ ਸਬੰਧਤ ਮਰਦ ਔਰਤਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹ ਕਿ ਸੂਬਾ ਸਰਕਾਰ ਨੇ ਸਾਰੇ ਵਰਗਾਂ ਨੂੰ 600 ਯੂਨਿਟ ਬਿਜਲੀ ਮੁਆਫ਼ ਕਰਨ ਦੇ ਬਹਾਨੇ ਦਲਿਤ ਗਰੀਬ ਪਰਿਵਾਰਾਂ ਦੇ ਬਿਜਲੀ ਬਿੱਲ ਐਸਸੀ ਕੈਟਾਗਰੀ ’ਚੋਂ ਕੱਢ ਕੇ ਜਨਰਲ ਕੈਟਾਗਰੀ ’ਚ ਪਾ ਦਿੱਤੇ ਸਨ। ਇਸ ਕਾਰਨ ਮਜ਼ਦੂਰ ਪਰਿਵਾਰਾਂ ਨੂੰ ਵੱਡੀਆਂ ਰਕਮਾਂ ’ਚ ਬਿਜਲੀ ਦੇ ਬਿੱਲ ਭੇਜੇ ਗਏ ਗਏ। ਪੇਂਡੂ ਮਜ਼ਦੂਰ ਯੂਨੀਅਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਮਾਰੀ ਗਈ ਇਸ ਠੱਗੀ ਖ਼ਿਲਾਫ਼ ਸੰਘਰਸ਼ ਕੀਤਾ ਤਾਂ ਸਰਕਾਰ ਦੇ ਖਜ਼ਾਨਾ ਮੰਤਰੀ ਨੇ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਦਲਿਤ ਸਮਾਜ ਨਾਲ ਸਬੰਧਤ ਬਿਜਲੀ ਖਪਤਕਾਰਾਂ ਨੂੰ ਮੁੜ ਐਸਸੀ ਕੈਟਾਗਰੀ ’ਚ ਪਾ ਕੇ ਨਜਾਇਜ਼ ਬਿਜਲੀ ਬਿੱਲਾਂ ਦੇ ਬਕਾਏ ਰੱਦ ਕਰਨ ਦਾ ਵਾਅਦਾ ਕੀਤਾ। ਸਕੱਤਰ ਸੁਖਦੇਵ ਸਿੰਘ ਮਾਣੂੰਕੇ ਅਤੇ ਕੁਲਵੰਤ ਸਿੰਘ ਸੋਨੀ ਨੇ ਕਿਹਾ ਕਿ ਬਾਅਦ ‘ਚ ਦਲਿਤ ਪਰਿਵਾਰਾਂ ਦੇ ਬਿਜਲੀ ਬਿੱਲਾਂ ਨੂੰ ਜਨਰਲ ‘ਚੋਂ ਕੱਢ ਕੇ ਐਸਸੀ ਕੈਟਾਗਰੀ ’ਚ ਤਾਂ ਪਾ ਦਿੱਤਾ ਪਰ ਨਾਜਾਇਜ਼ ਭੇਜੇ ਗਏ ਬਿਜਲੀ ਬਿੱਲਾਂ ਦੇ ਬਕਾਏ ਉਸੇ ਤਰ੍ਹਾਂ ਬਰਕਰਾਰ ਹਨ ਜਿਸ ਦੇ ਅਧਾਰ ’ਤੇ ਪਾਵਰਕੌਮ ਬਿੱਲਾਂ ਦੀ ਵਸੂਲੀ ਲਈ ਦਲਿਤ ਪਰਿਵਾਰਾਂ ਦੇ ਘਰੇਲੂ ਬਿਜਲੀ ਕੁਨੈਕਸ਼ਨ ਕੱਟ ਰਿਹਾ ਹੈ।