For the best experience, open
https://m.punjabitribuneonline.com
on your mobile browser.
Advertisement

ਪਟਿਆਲਾ ਵਿੱਚ ਚੱਲਣਗੀਆਂ ਇਲੈਕਟ੍ਰਿਕ ਬੱਸਾਂ: ਬਲਬੀਰ ਸਿੰਘ

05:24 AM Jun 06, 2025 IST
ਪਟਿਆਲਾ ਵਿੱਚ ਚੱਲਣਗੀਆਂ ਇਲੈਕਟ੍ਰਿਕ ਬੱਸਾਂ  ਬਲਬੀਰ ਸਿੰਘ
ਪਟਿਆਲਾ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ।
Advertisement

ਸਰਬਜੀਤ ਸਿੰਘ ਭੰਗੂ

Advertisement

ਪਟਿਆਲਾ, 5 ਜੂਨ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੀ ਦੋ ਮਹੀਨਿਆਂ ’ਚ ਪੂਰੀ ਤਰ੍ਹਾਂ ਕਾਇਆਕਲਪ ਕਰਕੇ ਇਸ ਦੀ ਸੁੰਦਰਤਾ ਨੂੰ ਹੋਰ ਨਿਖਾਰਿਆ ਜਾਵੇਗਾ। ਸ਼ਹਿਰ ਵਾਸੀਆਂ ਨੂੰ ਪੀਣ ਲਈ ਨਹਿਰੀ ਪਾਣੀ, ਸਾਫ਼ ਸੁਥਰੀਆਂ ਸੜਕਾਂ, ਜਗਮਗ ਕਰਦੀਆਂ ਸਟਰੀਟ ਲਾਈਟਾਂ ਸਮੇਤ ਅਤਿ ਹੋਰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਵੀ ਖਾਕਾ ਤਿਆਰ ਹੋ ਚੁੱਕਾ ਹੈ ਤੇ ਕੰਮਾਂ ਦੇ ਟੈਂਡਰ ਕਰ ਦਿੱਤੇ ਗਏ ਹਨ। ਸਿਹਤ ਮੰਤਰੀ ਅੱਜ ਨਗਰ ਨਿਗਮ ਦਫ਼ਤਰ ਵਿੱਚ ਵਾਰਡ ਨੰਬਰ 14 ਤੋਂ 29 ਤੱਕ ਦੇ ਕੌਂਸਲਰਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਦੌਰਾਨ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਵੀਰ ਸਿੰਘ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਵੀ ਮੌਜੂਦ ਸਨ। ਸਿਹਤ ਮੰਤਰੀ ਨੇ ਕਿਹਾ ਕਿ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਨਗਰ ਨਿਗਮ ਵੱਲੋਂ ਵਾਰਡ 17 ਤੇ 55 ਵਿੱਚ ਪਾਇਲਟ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਰਾਹੀਂ ਹੁਣ ਕੂੜਾ ਸਿੱਧਾ ਐਮ.ਆਰ.ਐਫ. ਸੈਂਟਰ ਵਿੱਚ ਜਾਵੇਗਾ। 30 ਜੂਨ ਤੱਕ ਸ਼ਹਿਰ ਵਿੱਚ ਬਣੇ ਸੈਕੰਡਰੀ ਗਾਰਬੇਜ਼ ਪੁਆਇੰਟ ਖਤਮ ਕਰ ਦਿੱਤੇ ਜਾਣਗੇ, ਜਿਸ ਨਾਲ ਕੂੜੇ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਥਾਪਰ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੂੜੇ ਦੀ ਸਾਇੰਟਿਫਿਕ ਮੈਨੇਜਮੈਂਟ ਕੀਤੀ ਜਾ ਰਹੀ ਹੈ। ਇਸ ’ਤੇ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦਾ ਮਸਲਾ ਹੱਲ ਕਰਨ ਲਈ ਰੋਜ਼ਾਨਾ 50 ਕੁੱਤਿਆਂ ਦੀ ਸਟਰਲਾਈਜ਼ੇਸ਼ਨ ਕੀਤੀ ਜਾਵੇਗੀ। ਇਸ ਲਈ ਪਸ਼ੂਆਂ ਦੇ ਹਸਪਤਾਲ ’ਚ ਕੁੱਤਿਆਂ ਦੀ ਸੰਭਾਲ ਲਈ ਬਣੇ ਕੈਨਲ ਦੀ ਗਿਣਤੀ ਵੀ 50 ਤੋਂ ਵਧਾ ਕੇ 200 ਕੀਤੀ ਜਾ ਰਹੀ ਹੈ।
ਇਸ ਦੌਰਾਨ ਸਿਹਤ ਮੰਤਰੀ ਨੇ ਟਰੈੈਫ਼ਿਕ ਸਮੱਸਿਆ ਦੇ ਹੱਲ ਲਈ ਸ਼ਹਿਰ ਵਿੱਚ ਸ਼ੁਰੂ ਕੀਤੀ ਜਾਣ ਵਾਲੀ ਈ ਸੇਵਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ 50 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ, ਛੇ ਮਹੀਨਿਆਂ ਤੱਕ ਸ਼ਹਿਰ ਅੰਦਰ ਲੋਕਾਂ ਦੀ ਸਹੂਲਤ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਸਟਰੀਟ ਲਾਈਟਾਂ ਖਰਾਬ ਹੋਣ ਦੀ ਸਮੱਸਿਆ ਦੇ ਹੱਲ ਲਈ ਨਿਗਮ ਵੱਲੋਂ ਨਵੀਨਤਮ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ, ਜਿਸ ਤਹਿਤ ਸ਼ਹਿਰ ਦੇ ਕਿਸੇ ਵੀ ਇਲਾਕੇ ਦੀ ਕੋਈ ਵੀ ਲਾਈਟ ਖਰਾਬ ਹੋਣ ਦੀ ਸੂਚਨਾ ਸਾਫਟਵੇਅਰ ਰਾਹੀਂ ਸਬੰਧਤ ਸ਼ਾਖਾ ਦੇ ਸਬੰਧਤ ਅਧਿਕਾਰੀ ਪਾਸ ਪਹੁੰਚ ਜਾਵੇਗੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਰਾਜਿੰਦਰਾ ਝੀਲ ਵਿੱਚ ਜਲਦੀ ਪਾਣੀ ਆਉਣਾ ਸ਼ੁਰੂ ਹੋ ਜਾਵੇਗਾ। ਪਟਿਆਲਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਯੋਜਨਾ ਤਿਆਰ ਕਰ ਲਈ ਹੈ ਜਿਸ ਤਹਿਤ ਡੀਅਰ ਪਾਰਕ ਕੋਲ ਲੱਗਦੀ ਡਾਫ ਦਾ ਸਥਾਈ ਹੱਲ ਕਰਦਿਆਂ ਉਸ ਨੂੰ ਚੌੜਾ ਕੀਤਾ ਜਾਵੇਗਾ। ਪਾਣੀ ਨੂੰ ਰੀਚਾਰਜ ਕਰਨ ਲਈ ਚੰਡੀਗੜ੍ਹ ਤੋਂ ਪਟਿਆਲਾ ਤੱਕ ਪਟਿਆਲਾ ਦਾ ਰਾਓ ’ਚ ਇਕ ਹਜ਼ਾਰ ਖੂਹ ਬਣਾਏ ਜਾਣਗੇ।
ਨਦੀ ਨਾਲ ਲੱਗਦੀ ਜੰਗਲਾਤ ਦੀ 750 ਏਕੜ ਜ਼ਮੀਨ ’ਚ ਬੂਟੇ ਲਗਾਏ ਜਾਣਗੇ ਤੇ ਨਦੀ ਦੇ ਪਾਣੀ ਵੱਧਣ ’ਤੇ ਇਹ ਪਾਣੀ ਇਸ ਜਗ੍ਹਾ ਵਿੱਚ ਛੱਡਿਆ ਜਾਵੇਗਾ। ਮੇਅਰ ਕੁੰਦਨ ਗੋਗੀਆਂ ਨੇ ਦੱਸਿਆ ਕਿ ਆਧੁਨਿਕ ਬੁਨਿਆਦੀ ਸਹੂਲਤਾਂ ਲਈ 20 ਕਰੋੜ ਦੇ ਟੈਂਡਰ ਲਗਾਏ ਗਏ ਹਨ। ਇਸ ਮੌਕੇ ਕੌਸਲਰ ਜਸਬੀਰ ਗਾਂਧੀ, ਗਿਆਨ ਚੰਦ, ਮੁਕਤਾ ਗੁਪਤਾ, ਰੋਹਿਤ ਸਮੇਤ ਨਗਰ ਨਿਗਮ ਦੀਆਂ ਵੱਖ ਵੱਖ ਸ਼ਾਖਾਵਾਂ ਦੇ ਅਧਿਕਾਰੀ ਮੌਜੂਦ ਸਨ।

Advertisement
Advertisement

Advertisement
Author Image

Mandeep Singh

View all posts

Advertisement