ਦੱਖਣੀ ਏਸ਼ੀਆ ਦਾ ਚੁਣਾਵੀ ਮਾਹੌਲ
ਜੀ ਪਾਰਥਾਸਾਰਥੀ
ਸਾਲ 2023 ਆਪਣੇ ਆਖਿ਼ਰੀ ਪੰਦਰਵਾੜੇ ਵਿਚ ਦਾਖ਼ਲ ਹੋ ਗਿਆ ਹੈ ਅਤੇ ਦੱਖਣੀ ਏਸ਼ੀਆ ਦੇ ਤਿੰਨ ਸਭ ਤੋਂ ਵੱਡੇ ਮੁਲਕਾਂ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਆਪੋ-ਆਪਣੀਆਂ ਕੌਮੀ ਚੋਣਾਂ ਦਾ ਮਾਹੌਲ ਬੱਝਣਾ ਸ਼ੁਰੂ ਹੋ ਗਿਆ ਹੈ। ਭਾਰਤ ਵਿਚ ਸੱਤਾਧਾਰੀ ਭਾਜਪਾ ਨੇ ਤਿੰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਅਸੈਂਬਲੀ ਚੋਣਾਂ ਵਿਚ ਵੱਡੀਆਂ ਜਿੱਤਾਂ ਦਰਜ ਕਰ ਕੇ ਆਪਣੀ ਜਨਤਕ ਹਮਾਇਤ ਦਾ ਸਬੂਤ ਦਿੱਤਾ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਲੰਮੇ ਅਰਸੇ ਬਾਅਦ ਤਿਲੰਗਾਨਾ ਵਿਚ ਸਰਕਾਰ ਬਣਾਉਣ ਵਿਚ ਸਫਲ ਹੋਈ ਹੈ। ਇਸੇ ਦੌਰਾਨ, ਭਾਰਤ ਦੇ ਦੋ ਗੁਆਂਢੀ ਦੇਸ਼ਾਂ- ਬੰਗਲਾਦੇਸ਼ ਤੇ ਪਾਕਿਸਤਾਨ ਵਿਚ ਸਾਲ 2024 ਦੇ ਪਹਿਲੇ ਅਤੇ ਦੂਜੇ ਮਹੀਨੇ ਆਮ ਚੋਣਾਂ ਹੋ ਰਹੀਆਂ ਹਨ। ਉਨ੍ਹਾਂ ਤੋਂ ਬਾਅਦ ਸ੍ਰੀਲੰਕਾ ਦਾ ਨੰਬਰ ਆ ਜਾਵੇਗਾ।
ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਦੇ ਨਵ-ਨਿਯੁਕਤ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਰਸਮੀ ਬੇਨਤੀ ਪ੍ਰਵਾਨ ਕਰਦੇ ਹੋਏ ਇਸ ਟਾਪੂ ਮੁਲਕ ਵਿਚ ਤਾਇਨਾਤ 75 ਦੇ ਕਰੀਬ ਫ਼ੌਜੀ ਵਾਪਸ ਬੁਲਾਉਣ ਲਈ ਰਾਜ਼ੀ ਹੋ ਗਏ ਹਨ। ਇਸ ਦੇ ਨਾਲ ਹੀ ਮਾਲਦੀਵ ਵਿਚ ਭਾਰਤ ਦੇ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਲਈ ਉੱਚ ਪੱਧਰੀ ਕਮੇਟੀ ਬਣਾਉਣ ਬਾਬਤ ਵੀ ਸਮਝੌਤਾ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ 1988 ਵਿਚ ਮਾਲਦੀਵ ਦੀ ਪ੍ਰਭੂਸੱਤਾ ਬਹਾਲ ਕਰਾਉਣ ਲਈ ਆਪਣੇ ਫ਼ੌਜੀ ਦਸਤੇ ਉੱਥੇ ਭੇਜੇ ਸਨ।
ਪਾਕਿਸਤਾਨ ਇਸ ਸਮੇਂ ਆਰਥਿਕ ਦੀਵਾਲੀਏਪਣ ਨਾਲ ਜੂਝ ਰਿਹਾ ਹੈ। ਹਾਲਾਂਕਿ ਉੱਥੇ ਆਮ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਸਹੀ ਮਾਇਨਿਆਂ ਵਿਚ ਦੇਸ਼ ਦੀ ਵਾਗਡੋਰ ਫ਼ੌਜ ਦੇ ਹੱਥਾਂ ਵਿਚ ਜਾ ਚੁੱਕੀ ਹੈ। ਕੋਈ ਭਾਵੇਂ ਲੋਕਰਾਜ ਦੇ ਕਿੰਨੇ ਮਰਜ਼ੀ ਸੋਹਲੇ ਗਾਈ ਜਾਵੇ ਪਰ ਪਾਕਿਸਤਾਨ ਦੀ ਸੱਤਾ ਦੀ ਕਮਾਨ ਇਸ ਵੇਲੇ ਸੈਨਾਪਤੀ ਜਨਰਲ ਆਸਿਮ ਮੁਨੀਰ ਦੇ ਹੱਥਾਂ ਵਿਚ ਹੈ। ਸਾਫ਼ ਜ਼ਾਹਿਰ ਹੈ ਕਿ ਸੱਤਾ ਦੇ ਲਾਲਸੀ ਹਰ ਪਾਕਿਸਤਾਨੀ ਜਰਨੈਲ ਵਾਂਗ ਹੀ ਜਨਰਲ ਆਸਿਮ ਮੁਨੀਰ ਨੂੰ ਅਮਰੀਕਾ ਦਾ ਪੂਰਾ ਥਾਪੜਾ ਹਾਸਲ ਹੈ। ਜਨਰਲ ਮੁਨੀਰ ਜੋ ਇਮਰਾਨ ਖ਼ਾਨ ਨੂੰ ਦੇਖ ਨਹੀਂ ਸੁਖਾਂਦੇ, ਨੇ ਪਹਿਲੀ ਵਾਰ ਅਮਰੀਕਾ ਦਾ ਦੌਰਾ ਕੀਤਾ ਹੈ। ਪਾਕਿਸਤਾਨੀ ਫ਼ੌਜ ਦੇ ਪ੍ਰਚਾਰ ਵਿੰਗ ਵਲੋਂ ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਅਹਿਲਕਾਰਾਂ ਜਿਨ੍ਹਾਂ ਵਿਚ ਵਿਦੇਸ਼ ਮੰਤਰੀ, ਰੱਖਿਆ ਮੰਤਰੀ, ਕੌਮੀ ਸੁਰੱਖਿਆ ਸਲਾਹਕਾਰ ਆਦਿ ਨਾਲ ਵ੍ਹਾਈਟ ਹਾਊਸ ਵਿਚ ਹੋਣ ਵਾਲੀਆਂ ਜਨਰਲ ਮੁਨੀਰ ਨਾਲ ਹੋਣ ਵਾਲੀਆਂ ਮੀਟਿੰਗਾਂ ਦੇ ਇਸ਼ਤਿਹਾਰ ਛਪਵਾਏ ਗਏ ਸਨ। ਜਨਰਲ ਮੁਨੀਰ ਆਪਣੇ ਪੂਰਬਵਰਤੀ ਸੈਨਾਪਤੀ ਜਨਰਲ ਕਮਰ ਜਾਵੇਦ ਬਾਜਵਾ ਦੀ ਚੋਣ ਸਨ ਅਤੇ ਇਹ ਜਨਰਲ ਬਾਜਵਾ ਹੀ ਸਨ ਜਿਨ੍ਹਾਂ ਨੇ ਅਮਰੀਕਾ ਦੇ ਇਸ਼ਾਰੇ ’ਤੇ ਯੂਕਰੇਨ ਨੂੰ ਹਥਿਆਰ ਮੁਹੱਈਆ ਕਰਵਾਏ ਸਨ।
ਇਸ ਦੌਰਾਨ ਅਫ਼ਗਾਨਿਸਤਾਨ ਦੇ ਮਾਮਲਿਆਂ ਬਾਰੇ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਥੌਮਸ ਵੈਸਟ ਨੇ ਪਾਕਿਸਤਾਨ ਦਾ ਦੌਰਾ ਕੀਤਾ ਹੈ ਜਿਸ ਦੌਰਾਨ ਉਨ੍ਹਾਂ ਦਹਿਸ਼ਤਵਾਦ ਖਿਲਾਫ਼ ਪਾਕਿਸਤਾਨ ਦੀ ਲੜਾਈ ਦੀ ਗੱਜ ਵੱਜ ਕੇ ਹਮਾਇਤ ਕੀਤੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਬਾਇਡਨ ਪ੍ਰਸ਼ਾਸਨ ਪਾਕਿਸਤਾਨ ਖਿਲਾਫ਼ ਕੀਤੀ ਆਪਣੀ ਸਾਰੀ ਬਿਆਨਬਾਜ਼ੀ ਭੁੱਲ ਭੁਲਾ ਗਿਆ ਹੈ। ਇਸ ਤੋਂ ਇਲਾਵਾ ਇਹ ਵੀ ਭੁੱਲ ਗਿਆ ਹੈ ਕਿ ਪਾਕਿਸਤਾਨ ਨੇ ਉਸਾਮਾ ਬਿਨ-ਲਾਦਿਨ ਨੂੰ ਪਨਾਹ ਦਿੱਤੀ ਸੀ ਅਤੇ ਕਿਵੇਂ ਅਫ਼ਗਾਨਿਸਤਾਨ ’ਚੋਂ ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਆਈਐੱਸਆਈ ਦੀ ਨੱਕ ਹੇਠ ਤਾਲਬਿਾਨ ਕਾਬੁਲ ਦੀ ਸੱਤਾ ’ਤੇ ਕਾਬਿਜ਼ ਹੋਏ ਸਨ। ਕਮਾਲ ਦੀ ਗੱਲ ਇਹ ਹੈ ਕਿ ਇਸ ਨਾਲ ਪਾਕਿਸਤਾਨ ਦੇ ‘ਸਦਾ ਬਹਾਰ ਦੋਸਤ’ ਚੀਨ ਨੂੰ ਰੱਤੀ ਭਰ ਫ਼ਰਕ ਨਹੀਂ ਪੈਂਦਾ ਅਤੇ ਇਨ੍ਹਾਂ ਦਰਮਿਆਨ ਰਿਸ਼ਤੇ ਆਮ ਵਾਂਗ ਚੱਲ ਰਹੇ ਹਨ। ਇਸ ਸਮੇਂ ਜਨਰਲ ਮੁਨੀਰ ਦਾ ਸਾਰਾ ਜ਼ੋਰ ਇਸ ਗੱਲ ’ਤੇ ਲੱਗਿਆ ਹੋਇਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੇ ਖਾਸਮਖ਼ਾਸ ਸਾਬਕਾ ਵਜ਼ੀਰ ਸ਼ਾਹ ਮਹਿਮੂਦ ਕੁਰੈਸ਼ੀ ’ਤੇ ਕਿਵੇਂ ਸ਼ਿਕੰਜਾ ਕੱਸਿਆ ਜਾਵੇ ਜਿਨ੍ਹਾਂ ਦੇ ਖਿਲਾਫ਼ ਅਜਿਹੇ ਦੋਸ਼ ਲਾਏ ਜਾ ਰਹੇ ਹਨ ਤਾਂ ਕਿ ਉਹ ਚੋਣਾਂ ਲੜਨ ਤੋਂ ਅਯੋਗ ਐਲਾਨ ਦਿੱਤੇ ਜਾਣ।
ਫ਼ੌਜ ਦੇ ਬਹੁਤ ਸਾਰੇ ਅਫਸਰਾਂ, ਜਵਾਨਾਂ ਅਤੇ ਸਾਬਕਾ ਫ਼ੌਜੀਆਂ ਵਲੋਂ ਇਮਰਾਨ ਖ਼ਾਨ ਨੂੰ ਚੋਣਾਂ ਲੜਨ ਤੋਂ ਰੋਕਣ ਦੇ ਇਨ੍ਹਾਂ ਹਥਕੰਡਿਆਂ ਦਾ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨਿਆਂਪਾਲਿਕਾ ਦਾ ਵੱਡਾ ਤਬਕਾ ਵੀ ਇਮਰਾਨ ਖ਼ਾਨ ਦੇ ਹੱਕ ਵਿਚ ਹੈ। ਉੁਂਝ, ਹਾਲੇ ਇਹ ਦੇਖਣਾ ਬਾਕੀ ਹੈ ਕਿ ਇਮਰਾਨ ਖ਼ਾਨ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ ਤਾਂ ਕਿ ਉਹ ਚੋਣਾਂ ਵਿਚ ਹਿੱਸਾ ਲੈ ਸਕਣ।
ਪਾਕਿਸਤਾਨ ਦੇ ਹਥਿਆਰਬੰਦ ਦਸਤਿਆਂ ਨੂੰ ਇਸ ਸਮੇਂ ਡੂਰੰਡ ਲਾਈਨ ਦੇ ਦੋਵੇਂ ਪਾਸੀਂ ਭਾਰੀ ਤਾਦਾਦ ਵਿਚ ਵਸਦੇ ਪਖਤੂਨਾਂ ਵਲੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਨੇ ਅਫ਼ਗਾਨਿਸਤਾਨ ਵਿਚ ਤਾਲਬਿਾਨ ਨਾਲ ਗੱਲਬਾਤ ਦੇ ਚੈਨਲ ਖੋਲ੍ਹੇ ਹੋਏ ਹਨ। ਆਸ ਕੀਤੀ ਜਾਂਦੀ ਹੈ ਕਿ ਨਵੀਂ ਦਿੱਲੀ ਅਫ਼ਗਾਨਾਂ ਨੂੰ ਕਣਕ ਦੀ ਸਪਲਾਈ ਜਾਰੀ ਰੱਖੇਗੀ। ਭਾਰਤ ਤੋਂ ਕਣਕ ਅਤੇ ਹੋਰ ਵਸਤਾਂ ਦੀ ਸਪਲਾਈ ਇਰਾਨ ਦੀ ਚਾਬਹਾਰ ਬੰਦਰਗਾਹ ਰਾਹੀਂ ਕੀਤੀ ਜਾ ਰਹੀ ਹੈ। ਹਾਲਾਂਕਿ ਮੋਦੀ ਸਰਕਾਰ ਵੀ ਆਉਣ ਵਾਲੀਆਂ ਆਮ ਚੋਣਾਂ ਦੀਆਂ ਤਿਆਰੀਆਂ ਕਰਨ ਲੱਗ ਪਈ ਹੈ ਪਰ ਉਧਰ ਬੰਗਲਾਦੇਸ਼ ਵਿਚ ਭਾਰਤ ਨਾਲ ਦੋਸਤਾਨਾ ਰਿਸ਼ਤੇ ਬਣਾ ਕੇ ਚੱਲਣ ਵਾਲੀ ਸ਼ੇਖ ਹਸੀਨਾ ਦੀ ਸਰਕਾਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪ੍ਰਸੰਗ ਵਿਚ ਅਮਰੀਕਾ ਨੇ ਲੰਮੇ ਅਰਸੇ ਤੋਂ ਸ਼ੇਖ ਹਸੀਨਾ ਸਰਕਾਰ ਪ੍ਰਤੀ ਤੁਅੱਸਬ ਪਾਲ ਰੱਖੇ ਹਨ ਜਿਸ ਕਰ ਕੇ ਭਾਰਤ ਦੇ ਪੂਰਬੀ ਮੋਰਚੇ ’ਤੇ ਦਿੱਕਤਾਂ ਕਈ ਗੁਣਾ ਵਧ ਗਈਆਂ ਹਨ। ਅਸਲ ਵਿਚ ਬੰਗਲਾਦੇਸ਼ ਦੇ ਮੁਕਤੀਯੁੱਧ ਦੇ ਦਿਨਾਂ ਤੋਂ ਹੀ ਅਮਰੀਕੀਆਂ ਦੇ ਮਨਾਂ ਵਿਚ ਇਹ ਭਰਮ ਪੈਦਾ ਹੋ ਗਏ ਸਨ ਜੋ ਇਸ ਦੀ ਨੀਤੀ ਦਾ ਅਟੁੱਟ ਹਿੱਸਾ ਬਣ ਚੁੱਕੇ ਹਨ। ਇਹ ਤੱਥ ਹੈ ਕਿ ਅਵਾਮੀ ਲੀਗ ਸਰਕਾਰ ਦੇ ਚੀਨ ਨਾਲ ਸਿੱਧ ਪੱਧਰੇ ਅਤੇ ਠੀਕ ਠਾਕ ਰਿਸ਼ਤੇ ਬਣੇ ਰਹੇ ਹਨ ਜਿਸ ਕਰ ਕੇ ਅਮਰੀਕੀਆਂ ਦੀ ਪਹੁੰਚ ਕਾਫ਼ੀ ਹੱਦ ਤੱਕ ਹੈਰਾਨਕੁਨ ਜਾਪਦੀ ਹੈ; ਦੂਜੇ ਬੰਨ੍ਹੇ ਚੀਨ ਅਤੇ ਪਾਕਿਸਤਾਨ ਵਿਚਕਾਰ ਗਹਿਰੇ ਫ਼ੌਜੀ ਹਨ ਜੋ ਅਮਰੀਕੀਆਂ ਨੂੰ ਬਿਲਕੁੱਲ ਨਹੀਂ ਚੁਭਦੇ।
ਅਮਰੀਕਾ ਨੇ ਸ਼ੇਖ ਮੁਜੀਬੁਰ ਰਹਿਮਾਨ ਦੀ ਅਗਵਾਈ ਪ੍ਰਤੀ ਆਪਣੇ ਮਨ ਵਿਚ ਜੋ ਤੁਅੱਸਬ ਪਾਲੇ ਸਨ, ਉਹ ਅੱਜ ਉਨ੍ਹਾਂ ਦੀ ਧੀ ਸ਼ੇਖ ਹਸੀਨਾ ਦੀ ਸਰਕਾਰ ਪ੍ਰਤੀ ਵੀ ਬਣੇ ਹੋਏ ਹਨ। ਅਵਾਮੀ ਲੀਗ ਹੀ ਨਹੀਂ ਸਗੋਂ ਭਾਰਤ ਵਿਚ ਵੀ ਸ਼ੇਖ ਮੁਜੀਬੁਰ ਰਹਿਮਾਨ ਦੀ ਹੱਤਿਆ ਵਿਚ ਵਿਦੇਸ਼ੀ ਹੱਥ ਹੋਣ ਦੇ ਸ਼ੱਕ-ਸ਼ੁਬਹੇ ਹਨ। ਸ਼ੇਖ ਮੁਜੀਬੁਰ ਦੀ ਹੱਤਿਆ ਤੋਂ ਬਾਅਦ ਬੰਗਲਾਦੇਸ਼ ਦੀ ਸੱਤਾ ’ਤੇ ਕਾਬਿਜ਼ ਹੋਏ ਜਨਰਲ ਜਿ਼ਆ-ਉਰ-ਰਹਿਮਾਨ ਨਾਲ ਅਮਰੀਕਾ ਨੇ ਕਾਫੀ ਨੇੜਲੇ ਸਬੰਧ ਬਣਾ ਲਏ ਸਨ। ਭਾਰਤ ਅਤੇ ਬੰਗਲਾਦੇਸ਼ ਦੋਵੇਂ ਦੀਆਂ ਸਰਹੱਦਾਂ ਮਿਆਂਮਾਰ ਨਾਲ ਲਗਦੀਆਂ ਹਨ। ਹਾਲਾਂਕਿ ਸਰਹੱਦ ਪਾਰ ਦਹਿਸ਼ਤਗਰਦੀ ਨਾਲ ਸਿੱਝਣ ਲਈ ਭਾਰਤ ਅਤੇ ਮਿਆਂਮਾਰ ਇਕ ਦੂਜੇ ਨਾਲ ਕਰੀਬੀ ਸਹਿਯੋਗ ਕਰਦੇ ਹਨ ਪਰ ਬੰਗਲਾਦੇਸ਼ ਨੂੰ ਮਿਆਂਮਾਰ ਨਾਲ ਲਗਦੀ ਸਰਹੱਦ ’ਤੇ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਰੋਹਿੰਗੀਆਂ ਸ਼ਰਨਾਰਥੀਆਂ ਦੀ ਬਹੁਤ ਵੱਡੀ ਤਾਦਾਦ ਬੰਗਲਾਦੇਸ਼ ਦੇ ਇਲਾਕੇ ਵਿਚ ਰਹਿ ਰਹੀ ਹੈ। ਭਾਰਤ ਅਤੇ ਮਿਆਂਮਾਰ ਵਿਚਕਾਰ ਸਰਹੱਦ ਪਾਰ ਸਹਿਯੋਗ ਕਾਫ਼ੀ ਵਿਕਸਤ ਹੋ ਗਿਆ ਹੈ ਅਤੇ ਪਿਛਲੇ ਕੁਝ ਮਹੀਨਿਆਂ ਦੌਰਾਨ ਮਨੀਪੁਰ ਵਿਚ ਚੱਲ ਰਹੀ ਹਿੰਸਾ ਦੇ ਮੱਦੇਨਜ਼ਰ ਇਨ੍ਹਾਂ ਸਬੰਧਾਂ ਦੀ ਕਾਫ਼ੀ ਅਹਿਮੀਅਤ ਹੈ।
ਆਉਣ ਵਾਲੇ ਕੁਝ ਮਹੀਨਿਆਂ ਵਿਚ ਭਾਰਤ ਦੀਆਂ ਦੱਖਣ ਪੂਰਬੀ ਸਰਹੱਦਾਂ ਉਪਰ ਤਣਾਅ ਵਧ ਸਕਦਾ ਹੈ ਅਤੇ ਹਿੰਸਾ ਵੀ ਹੋ ਸਕਦੀ ਹੈ। ਬੰਗਲਾਦੇਸ਼ ਵਿਚ ਕੱਟੜਪੰਥੀ ਤਾਕਤਾਂ ਉੱਥੋਂ ਦੀ ਧਰਮ ਨਿਰਪੱਖ ਸ਼ੇਖ ਹਸੀਨਾ ਸਰਕਾਰ ਲਈ ਸਿਰਦਰਦ ਬਣੇ ਹੋਏ ਹਨ ਜਿਸ ਕਰ ਕੇ ਆਉਣ ਵਾਲੀਆਂ ਚੋਣਾਂ ਵਿਚ ਹਿੰਸਾ ਹੋ ਸਕਦੀ ਹੈ। ਬੰਗਲਾਦੇਸ਼ ਅਤੇ ਸ਼ੇਖ ਹਸੀਨਾ ਨੂੰ ਨਿੱਜੀ ਤੌਰ ’ਤੇ ਅਮਰੀਕਾ ਅਤੇ ਕੈਨੇਡਾ ਪ੍ਰਤੀ ਗਿਲੇ ਸ਼ਿਕਵੇ ਹਨ ਜਿਨ੍ਹਾਂ ਦੋਵੇਂ ਨੇ ਬੰਗਲਾਦੇਸ਼ ਦੋ ਸਾਬਕਾ ਫ਼ੌਜੀ ਅਫਸਰਾਂ ਨੂੰ ਪਨਾਹ ਦਿੱਤੀ ਸੀ ਜੋ ਉਨ੍ਹਾਂ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਦੀ ਹੱਤਿਆ ਵਿਚ ਮੁਲਜ਼ਮ ਕਰਾਰ ਦਿੱਤੇ ਗਏ ਸਨ। ਇਨ੍ਹਾਂ ਦੋਵੇਂ ਅਫਸਰਾਂ ਖਿਲਾਫ਼ ਕੇਸ ਅਜੇ ਵੀ ਚੱਲ ਰਹੇ ਹਨ।
ਨਵੇਂ ਸਾਲ ਵਿਚ ਬੰਗਲਾਦੇਸ਼, ਪਾਕਿਸਤਾਨ ਅਤੇ ਭਾਰਤ ਵਿਚ ਆਮ ਚੋਣਾਂ ਹੋ ਰਹੀਆਂ ਹਨ। ਪਾਕਿਸਤਾਨ ਵਿਚ ਉਥੋਂ ਦੀ ਫ਼ੌਜ ਦੇਸ਼ ਦੀ ਹੋਣੀ ਤੈਅ ਕਰਨ ਵਿਚ ਜੁਟੀ ਹੋਈ ਹੈ ਅਤੇ ਇਸ ਦਾ ਸਾਰਾ ਧਿਆਨ ਇਸ ਪਾਸੇ ਲੱਗਿਆ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਇਮਰਾਨ ਖ਼ਾਨ ਨੂੰ ਚੋਣਾਂ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਜਾਵੇ। ਇਹ ਸਭ ਕੁਝ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੇਸ਼ ਆਰਥਿਕ ਦੀਵਾਲੀਏਪਣ ਦੇ ਕੰਢੇ ’ਤੇ ਹੈ ਅਤੇ ਅਮਰੀਕੀ ਹਮਾਇਤ ’ਤੇ ਨਿਰਭਰ ਹੈ ਜੋ ਇਸ ਨੂੰ ਆਈਐੱਮਐੱਫ ਅਤੇ ਵਿਸ਼ਵ ਬੈਂਕ ਤੋਂ ਕਰਜ਼ੇ ਜਾਰੀ ਕਰਵਾ ਰਿਹਾ ਹੈ। ਬੰਗਲਾਦੇਸ਼ ਨੂੰ ਇਹੋ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਅਮਰੀਕਾ ਅਤੇ ਪਾਕਿਸਤਾਨ ਦੋਵਾਂ ਦੇ ਹਿੱਤ ਇਸ ਗੱਲ ਨਾ ਜੁੜੇ ਹੋਏ ਹਨ ਕਿ ਸ਼ੇਖ ਹਸੀਨਾ ਦੁਬਾਰਾ ਸੱਤਾ ਵਿਚ ਨਾ ਆ ਸਕੇ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।