For the best experience, open
https://m.punjabitribuneonline.com
on your mobile browser.
Advertisement

ਮਜ਼ਬੂਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਹੋਣਗੀਆਂ ਚੋਣਾਂ

07:54 AM May 25, 2024 IST
ਮਜ਼ਬੂਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਹੋਣਗੀਆਂ ਚੋਣਾਂ
ਨਵੀਂ ਦਿੱਲੀ ’ਚ ਵੋਟ ਪ੍ਰਤੀਸ਼ਸ਼ਤਾ ਵਧਾਉਣ ਲਈ ਲਗਾਇਆ ਗਿਆ ਗੁਲਾਬੀ ਰੰਗ ਦਾ ਬੂਥ। -ਫੋਟੋ: ਮੁਕੇਸ਼ ਅਗਰਵਾਲ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਮਈ
ਸਖ਼ਤ ਸੁਰੱਖਿਆ ਦੇ ਵਿਚਕਾਰ ਸ਼ਨਿਚਰਵਾਰ ਨੂੰ ਦਿੱਲੀ ਲੋਕ ਸਭਾ ਚੋਣ 2024 ਲਈ ਮੰਚ ਪੂਰੀ ਤਰ੍ਹਾਂ ਤਿਆਰ ਹੈ। ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਦੌਰਾਨ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਵੋਟਾਂ ਪੈਣਗੀਆਂ। ਇਸ ਵਾਰ ਭਾਜਪਾ ਸਾਰੀਆਂ 7 ਸੀਟਾਂ ’ਤੇ ਚੋਣ ਲੜ ਰਹੀ ਹੈ, ਜਦੋਂਕਿ ‘ਇੰਡੀਆ’ ਗੱਠਜੋੜ ਦੇ ਤਹਿਤ ਕਾਂਗਰਸ 3 ’ਤੇ ਅਤੇ ਆਮ ਆਦਮੀ ਪਾਰਟੀ 4 ਸੀਟਾਂ ’ਤੇ ਚੋਣ ਲੜ ਰਹੀ ਹੈ। ਕਾਂਗਰਸ ਨੇ ਚਾਂਦਨੀ ਚੌਕ, ਉੱਤਰੀ ਪੂਰਬੀ ਦਿੱਲੀ ਅਤੇ ਉੱਤਰ ਪੱਛਮੀ ਦਿੱਲੀ ਤੋਂ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ ਹਨ, ਜਦੋਂਕਿ ‘ਆਪ’ ਦੇ ਉਮੀਦਵਾਰ ਪੂਰਬੀ ਦਿੱਲੀ, ਨਵੀਂ ਦਿੱਲੀ, ਪੱਛਮੀ ਦਿੱਲੀ ਅਤੇ ਦੱਖਣੀ ਦਿੱਲੀ ਤੋਂ ਚੋਣ ਲੜ ਰਹੇ ਹਨ। ਚੋਣ ਕਮਿਸ਼ਨ ਦੇ ਪ੍ਰੋਗਰਾਮ ਅਨੁਸਾਰ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ ਅਤੇ ਕੌਮੀ ਰਾਜਧਾਨੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ’ਤੇ ਮੁੱਖ ਮੁਕਾਬਲਾ ਭਾਜਪਾ ਅਤੇ ‘ਇੰਡੀਆ’ ਗੱਠਜੋੜ ਦਰਮਿਆਨ ਹੈ। ਚਾਂਦਨੀ ਚੌਕ ਲੋਕ ਸਭਾ ਹਲਕੇ ਤੋਂ ਜੇਪੀ ਅਗਰਵਾਲ (‘ਇੰਡੀਆ’ ਗੱਠਜੋੜ) ਤੇ ਪ੍ਰਵੀਨ ਖੰਡੇਲਵਾਲ (ਐੱਨ.ਡੀ.ਏ.), ਨਵੀਂ ਦਿੱਲੀ ਤੋਂ ਸੋਮਨਾਥ ਭਾਰਤੀ (‘ਇੰਡੀਆ’ ਗੱਠਜੋੜ) ਤੇ ਬੰਸੁਰੀ ਸਵਰਾਜ (ਐੱਨਡੀਏ), ਪੂਰਬੀ ਦਿੱਲੀ ਵਿਚ ਕੁਲਦੀਪ ਕੁਮਾਰ (‘ਇੰਡੀਆ’ ਗੱਠਜੋੜ) ਤੇ ਹਰਸ਼ ਮਲਹੋਤਰਾ (ਐੱਨਡੀਏ), ਉੱਤਰ ਪੂਰਬੀ ਦਿੱਲੀ ਤੋਂ ਕਨ੍ਹੱਈਆ ਕੁਮਾਰ (‘ਇੰਡੀਆ’ ਗੱਠਜੋੜ) ਤੇ ਮਨੋਜ ਤਿਵਾਰੀ (ਐੱਨਡੀਏ), ਉੱਤਰ ਪੱਛਮੀ ਦਿੱਲੀ ਤੋਂ ਉਦਿਤ ਰਾਜ (‘ਇੰਡੀਆ’ ਗੱਠਜੋੜ) ਤੇ ਯੋਗਿੰਦਰ ਚੰਦੋਲੀਆ (ਐੱਨਡੀਏ), ਪੱਛਮੀ ਦਿੱਲੀ ਤੋਂ ਮਹਾਬਲ ਮਿਸ਼ਰਾ (‘ਇੰਡੀਆ’ ਗੱਠਜੋੜ) ਤੇ ਕਮਲਜੀਤ ਸਹਿਰਾਵਤ (ਐੱਨਡੀਏ), ਦੱਖਣੀ ਦਿੱਲੀ ਤੋਂ ਸਾਹੀ ਰਾਮ ਪਹਿਲਵਾਨ (‘ਇੰਡੀਆ’ ਗੱਠਜੋੜ) ਤੇ ਰਾਮਵੀਰ ਸਿੰਘ ਬਿਧੂੜੀ (ਐੱਨਡੀਏ) ਦਰਮਿਆਨ ਸਖ਼ਤ ਟੱਕਰ ਹੋਵੇਗੀ। ਦਿੱਲੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ਾਮ ਨੂੰ ਪੋਲਿੰਗ ਟੀਮਾਂ ਨੂੰ ਡੀਟੀਸੀ ਤੇ ਕਲੱਸਟਰ ਅਧੀਨ ਚਲਦੀਆਂ ਸੰਤਰੀ ਬੱਸਾਂ ਰਾਹੀਂ ਭੇਜਿਆ ਗਿਆ। ਜ਼ਿਕਰਯੋਗ ਹੈ ਕਿ 2019 ਦੀਆਂ ਆਮ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿੱਚ ਪੂਰਨ ਜਿੱਤ ਪ੍ਰਾਪਤ ਕੀਤੀ ਤੇ ਸਾਰੀਆਂ ਸੱਤ ਸੀਟਾਂ ’ਤੇ ਕਬਜ਼ਾ ਕੀਤਾ ਸੀ। ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਪਿੱਛੇ ਰਹੇ ਸਨ।

Advertisement

ਦਿੱਲੀ ਵਿੱਚ ਸਖ਼ਤ ਸੁਰੱਖਿਆ ਬੰਦੋਬਸਤ

ਕੌਮੀ ਰਾਜਧਾਨੀ ’ਚ ਨੀਮ ਫੌਜੀ ਬਲਾਂ ਦੀਆਂ 51 ਕੰਪਨੀਆਂ, ਉੱਤਰਾਖੰਡ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ 13,500 ਹੋਮ ਗਾਰਡਾਂ ਸਣੇ 60,000 ਜਵਾਨਾਂ, ਡਰੋਨ ਅਤੇ ਸੀਸੀਟੀਵੀ ਕੈਮਰਿਆਂ ਦੇ ਨਾਲ ਦਿੱਲੀ ਪੁਲੀਸ ਲੋਕ ਸਭਾ ਚੋਣਾਂ 2024 ਨੂੰ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਚੋਣਾਂ ਦੇ ਛੇਵੇਂ ਪੜਾਅ ਵਿੱਚ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ਲਈ 25 ਮਈ ਨੂੰ ਵੋਟਿੰਗ ਹੋਣੀ ਹੈ। ਪੁਲੀਸ ਡਿਪਟੀ ਕਮਿਸ਼ਨਰ (ਚੋਣ ਸੈੱਲ) ਸੰਜੈ ਸਹਿਰਾਵਤ ਨੇ ਮੀਡੀਆ ਨੂੰ ਦੱਸਿਆ ਕਿ ਕੌਮੀ ਰਾਜਧਾਨੀ ’ਚ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਡੀਸੀਪੀ ਸਹਿਰਾਵਤ ਨੇ ਕਿਹਾ ਕਿ ਪੋਲਿੰਗ ਵਾਲੇ ਦਿਨ ਦਿੱਲੀ ਵਿੱਚ ਲਗਭਗ 60,000 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਅਤੇ ਉਨ੍ਹਾਂ ਵਿੱਚੋਂ ਘੱਟੋ-ਘੱਟ 33,000 ਵੋਟਿੰਗ ਕੇਂਦਰਾਂ ਦੀ ਨਿਗਰਾਨੀ ਕਰਨਗੇ। ਕੁੱਲ 2628 ਵੋਟਿੰਗ ਕੇਂਦਰ ਹਨ, ਜਿਨ੍ਹਾਂ ’ਚੋਂ 429 ਸੰਵੇਦਨਸ਼ੀਲ ਹਨ।

Advertisement
Author Image

joginder kumar

View all posts

Advertisement
Advertisement
×