ਦੇਸ਼ ਦਾ ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਲੜਾਂਗੇ ਚੋਣਾਂ: ਸੁਸ਼ੀਲ ਗੁਪਤਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਅਪਰੈਲ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੁਰੂਕਸ਼ੇਤਰ ਲੋਕ ਸਭਾ ਤੋਂ ਇੰਡੀਆ ਗੱਠਜੋੜ ਦੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਨੇ ਅੱਜ ਹਲਕਾ ਥਾਨੇਸਰ ਦੇ ਪਿੰਡਾਂ ਡੋਡਾ ਖੇੜੀ, ਬਿਸ਼ਨਗੜ੍ਹ, ਭਿਵਾਨੀ ਖੇੜਾ, ਘਮੂਰ, ਖੇੜਾ, ਹੰਸਾਲਾ ,ਸਿੰਘ ਪੁਰਾ।ਬਹਾਦਰ ਪੁਰਾ, ਪਲਵਲ, ਫਤੂ ਪੁਰ, ਅਮੀਨ ਵਿਚ ਚੋਣ ਬੈਠਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਬਜ਼ੁਰਗਾਂ ਦਾ ਅਸ਼ੀਰਵਾਦ ਲਿਆ ਤੇ ‘ਇੰਡੀਆ’ ਗੱਠਜੋੜ ਨੂੰ ਜਿਤਾਉਣ ਦੀ ਅਪੀਲ ਕੀਤੀ। ਡਾ. ਗੁਪਤਾ ਨੇ ਕਿਹਾ ਕਿ ਕੋਈ ਵੀ ਪਾਰਟੀ ਜਾਂ ਚੋਣ ਮਹੱਤਵਪੂਰਨ ਨਹੀਂ ਹੈ, ਇਸ ਸਮੇਂ ਦੇਸ਼ ਤੇ ਲੋਕਤੰਤਰ ਸਭ ਤੋਂ ਮਹੱਤਵਪੂਰਨ ਹੈ। ਇਸ ਨੂੰ ਬਚਾਉਣ ਲਈ ਹੀ ਇੰਡੀਆ ਗੱਠਜੋੋੜ ਬਣਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਹੀ ਚੋਣ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੋਦੀ ਦਾ ਜਾਣਾ ਤੈਅ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਭਾਜਪਾ ਦੀ ਤਾਨਾਸ਼ਾਹੀ ਸਰਕਾਰ ਨੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਗੋਲੀਆਂ ਚਲਾਈਆਂ। ਪੀਐੱਮ ਮੋਦੀ ਨੇ ਕਿਸਾਨਾਂ ਨੂੰ ਐੱਮਐੱਸਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿਚ ਪਿੱਛੇ ਹੱਟ ਗਏ। ਸਮੁੱਚੇ ਸੰਸਾਰ ਨੇ ਦੇਖਿਆ ਕਿ ਕਿਸਾਨ ਕਰੀਬ 18 ਮਹੀਨੇ ਦਿੱਲੀ ਵਿਚ ਬੈਠੇ ਰਹੇ, ਜਿੱਥੇ 750 ਤੋਂ ਵਧੇਰੇ ਕਿਸਾਨ ਸ਼ਹੀਦ ਹੋਏ। ਫਿਰ ਪ੍ਰਧਾਨ ਮੰਤਰੀ ਨੇ ਮੁਆਫੀ ਮੰਗੀ ਤੇ ਕਾਲੇ ਖੇਤੀ ਕਾਨੂੰਨ ਵਾਪਸ ਲਏ। ਹੁਣ ਜਦੋਂ ਕਿਸਾਨ ਮੋਦੀ ਨੂੰ ਉਨ੍ਹਾਂ ਦਾ ਵਾਅਦਾ ਯਾਦ ਕਰਾਉਣ ਲਈ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਹਰਿਆਣਾ ਸਰਕਾਰ ਕਿਸਾਨਾਂ ਨੂੰ ਰੋਕ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਜ ਤੱਕ ਕਿਸਾਨਾਂ ਦੀ ਸ਼ਹਾਦਤ ’ਤੇ ਸ਼ੋਕ ਮਤਾ ਵੀ ਪਾਸ ਨਹੀਂ ਕੀਤਾ। ਜਦ ਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਨੂੰ ਸਾਰੇ ਸਟੇਡੀਅਮ ਨੂੰ ਜੇਲ੍ਹਾਂ ਵਿਚ ਤਬਦੀਲ ਕਰਨ ਲਈ ਦਬਾਅ ਪਾਇਆ ਤਾਂ ਕੇਜਰੀਵਾਲ ਨੇ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਸਾਨਾਂ ਦਾ ਸਾਥ ਦਿੱਤਾ। ਗੁਪਤਾ ਨੇ ਕਿਹਾ ਕਿ ਲੋਕਤੰਤਰ ਤੇ ਦੇਸ਼ ਨੂੰ ਬਚਾਉਣ ਲਈ ਸਾਰੀਆਂ ਪਾਰਟੀਆਂ ਇਕਜੁੱਟ ਹੋਈਆਂ ਹਨ। ਇਸ ਮੌਕੇ ਜ਼ਿਲ੍ਹਾ ਕੌਂਸਲਰ ਸੁਰਿੰਦਰ ਸੈਣੀ, ਨਿਸ਼ਚੈ ਗੁਪਤਾ, ਰੋਸ਼ਨ ਲਾਲ ਜਾਂਗੜਾ, ਓਮ ਪ੍ਰਕਾਸ਼, ਕੁਲਦੀਪ ਸਿੰਘ ਆਦਿ ਮੌਜੂਦ ਸਨ।