ਖੇਤਾਂ ਵਿੱਚ ਪਾਣੀ ਲਾਉਂਦੇ ਨੂੰ ਮਿਲਿਆ ਚੋਣ ਨਿਸ਼ਾਨ ‘ਗਿਲਾਸ’
10:32 AM Oct 11, 2024 IST
ਰਾਜਿੰਦਰ ਕੁਮਾਰ
ਬੱਲੂਆਣਾ, 10 ਅਕਤੂਬਰ
ਪਿੰਡ ਕਿੱਲਿਆਂਵਾਲੀ ਵਾਸੀ ਇੱਕ ਵਿਅਕਤੀ ਨੂੰ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਬਗੈਰ ਚੋਣ ਨਿਸ਼ਾਨ ਅਲਾਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀ ਕੁਲਦੀਪ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੇ ਪੰਚਾਇਤੀ ਚੋਣਾਂ ’ਚ ਪੰਚ ਵਾਸਤੇ ਨਾ ਤਾਂ ਕੋਈ ਨਾਮਜ਼ਦਗੀ ਦਾਖ਼ਲ ਕੀਤੀ ਅਤੇ ਨਾ ਹੀ ਕਿਸੇ ਉਮੀਦਵਾਰ ਨੂੰ ਸਮਰਥਨ ਦੇਣ ਬਾਬਤ ਕਿਸੇ ਦਸਤਾਵੇਜ਼ ’ਤੇ ਦਸਤਖ਼ਤ ਕੀਤੇ ਪਰ ਫਿਰ ਵੀ ਉਸ ਨੂੰ ਪੰਚੀ ਦੀ ਚੋਣ ਲੜਨ ਲਈ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ। ਕੁਲਦੀਪ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੇ ਆਧਾਰ ਕਾਰਡ ਅਤੇ ਵੋਟਰ ਕਾਰਡ ਦੀ ਫੋਟੋ ਸਟੇਟ ਵੀ ਕਿਸੇ ਨੂੰ ਨਹੀਂ ਦਿੱਤੀ। ਇਸੇ ਦੇ ਬਾਵਜੂਦ ਬਲਾਕ ਖੂਈਆਂ ਸਰਵਰ ਵਿੱਚ ਉਸ ਦਾ ਨਾਮਜ਼ਦਗੀ ਪੱਤਰ ਦਾਖ਼ਲ ਹੋ ਗਿਆ। ਉਸ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਪਾਣੀ ਲਾ ਰਿਹਾ ਸੀ। ਇਸ ਦੌਰਾਨ ਉਸ ਨੂੰ ਉਸ ਦੇ ਭਰਾ ਦਾ ਫੋਨ ਆਇਆ ਉਸ ਨੂੰ (ਤੁਹਾਨੂੰ) ਚੋਣ ਨਿਸ਼ਾਨ ‘ਗਿਲਾਸ’ ਮਿਲਿਆ ਹੈ ਅਤੇ ਉਹ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ। ਉਸ ਨੇ ਆਖਿਆ ਕਿ ਉਸ ਨੇ ਕੋਈ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਨੇ ਦੱਸਿਆ ਕਿ ਉਸ ਦੇ ਨਾਮ ਦਾ ਪ੍ਰਸਤਾਵ ਰਾਮੇਸ਼ਵਰ ਨਾਂ ਦੇ ਵਿਅਕਤੀ ਨੇ ਰੱਖਿਆ ਸੀ। ਰਾਮੇਸ਼ਵਰ ਨੇ ਕਿਹਾ ਕਿ ਉਸ ਨੇ ਕੁਲਦੀਪ ਦੇ ਨਾਮ ਦੇ ਪ੍ਰਸਤਾਵ ਨਹੀਂ ਰੱਖਿਆ। ਮਜ਼ੇਦਾਰ ਗੱਲ ਇਹ ਹੈ ਕਿ ਕੁਲਦੀਪ ਕਿਸੇ ਪ੍ਰਕਾਰ ਦਾ ‘ਨੋ ਡਿਊਜ਼’ ਲੈਣ ਨਹੀਂ ਗਿਆ ਪਰ ਫਿਰ ਵੀ ਪੰਚਾਇਤੀ ਰਾਜ ਚੋਣਾਂ ਵਿੱਚ ਉਸ ਦੇ ਨਾਮ ’ਤੇ ‘ਨੋ ਡਿਊਜ਼’ ਲਿਆ ਗਿਆ। ਹਾਲਾਂਕਿ ਇਹ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਹੈ। ਕੁਲਦੀਪ ਨੇ ਇਸ ਬਾਬਤ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜ ਕੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਬਗੈਰ ਨਾਮਜ਼ਦਗੀ ਤੋਂ ਚੋਣ ਨਿਸ਼ਾਨ ਨਹੀਂ ਮਿਲ ਸਕਦਾ: ਅਧਿਕਾਰੀ
ਇਸ ਸਬੰਧੀ ਪਿੰਡ ਦੇ ਰਿਟਰਨਿੰਗ ਅਫ਼ਸਰ ਸੰਦੀਪ ਸਿੰਘ ਬਰਾੜ ਨੇ ਕਿਹਾ ਕਿ ਅਜਿਹਾ ਬਿਲਕੁਲ ਨਹੀਂ ਹੋ ਸਕਦਾ ਕਿ ਕੋਈ ਵਿਅਕਤੀ ਨਾਮਜ਼ਦਗੀ ਦਾਖ਼ਲ ਕਰਨ ਨਾ ਆਇਆ ਹੋਵੇ ਅਤੇ ਉਸ ਦਾ ਨਾਮਜ਼ਦਗੀ ਪਰਚਾ ਦਾਖ਼ਲ ਹੋ ਗਿਆ ਹੋਵੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਉਪਰੋਕਤ ਵਿਅਕਤੀ ਝੂਠ ਬੋਲ ਰਿਹਾ ਹੈ। ਦੋਵੇਂ ਧਿਰਾਂ ਦੇ ਆਹਮੋ-ਸਾਹਮਣੇ ਆਉਣ ’ਤੇ ਹੁਣ ਇਹ ਮਾਮਲਾ ਉੱਚ ਅਫ਼ਸਰਾਂ ਕੋਲ ਪੁੱਜ ਗਿਆ ਹੈ।
Advertisement
Advertisement