ਪਿੰਡ ਗੱਜੂਮਾਜਰਾ ਤੋਂ ਬੇਰੰਗ ਪਰਤਿਆ ਚੋਣ ਅਮਲਾ
ਖੇਤਰੀ ਪ੍ਰਤੀਨਿਧ
ਪਟਿਆਲਾ, 15 ਅਕਤੂਬਰ
ਤਕਨੀਕੀ ਕਾਰਨਾਂ ਕਰਕੇ ਅੱਜ ਪਟਿਆਲਾ ਬਲਾਕ ਦੇ ਪਿੰਡ ਗੱਜੂਮਾਜਰਾ ਵਿੱਚ ਪੰਚਾਇਤੀ ਚੋਣਾਂ ਸਬੰਧੀ ਵੋਟਾਂ ਨਾ ਪੈ ਸਕੀਆਂ। ਹੋਰਨਾਂ ਪਿੰਡਾਂ ਦੀ ਤਰ੍ਹਾਂ ਹੀ ਇੱਥੇ ਵੀ ਚੋਣ ਅਮਲਾ ਇੱਕ ਦਿਨ ਪਹਿਲਾਂ ਹੀ ਪਹੁੰਚ ਗਿਆ ਸੀ। ਖੱਜਲ ਖੁਆਰੀ ਮਗਰੋਂ ਦੁਪਹਿਰ ਨੂੰ ਬਿਨਾਂ ਵੋਟਾਂ ਪਵਾਇਆਂ ਹੀ ਇਸ ਟੀਮ ਨੂੰ ਵਾਪਸ ਪਰਤਣਾ ਪਿਆ। ਦਿਨ ਭਰ ਅਧਿਕਾਰੀਆਂ ਦਾ ਆਉਣ ਜਾਣ ਬਣਿਆ ਰਿਹਾ। 1400 ਵੋਟਾਂ ਵਾਲੇ ਇਸ ਪਿੰਡ ਦੀ ਜਨਰਲ ਸਰਪੰਚੀ ਲਈ ਕੁਲਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਅਮਰੀਕ ਸਿੰਘ ਵੱਲੋਂ ਨਾਮਜ਼ਦਗੀ ਫਾਰਮ ਭਰੇ ਗਏ ਸਨ, ਪਰੰਤੂ 4 ਅਕਤੂਬਰ ਨੂੰ ਜਾਂਚ ਪੜਤਾਲ ਵਾਲੇ ਦਿਨ ਕੁਲਵੀਰ ਸਿੰਘ ਦੇ ਫਾਰਮ ਰੱਦ ਹੋ ਗਏ ਸਨ। ਰਿਟਰਨਿੰਗ ਅਫਸਰ ਦੇ ਅਜਿਹੇ ਫੈਸਲੇ ਨੂੰ ਉਸ ਨੇ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਸੀ। ਇਸ ਰਿੱਟ ਪਟੀਸ਼ਨ ’ਤੇ ਸੁਣਵਾਈ ਕਰਦਿਆਂ, ਹਾਈ ਕੋਰਟ ਨੇ ਕੁਲਵੀਰ ਸਿੰਘ ਦੀ ਉਮੀਦਵਾਰੀ ਨੂੰ ਬਰਕਰਾਰ ਰੱਖਦਿਆਂ ਸੁਣਵਾਈ 23 ਅਕਤੂਬਰ ’ਤੇ ਪਾ ਦਿੱਤੀ ਸੀ। ਉਧਰ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਚੋਣ ਕਰਾਉਣ ਲਈ ਵੀ ਬਣਾਏ ਗਏ ਸ਼ਡਿਊਲ ਦੇ ਤਹਿਤ 14 ਅਕਤੂਬਰ ਦੀ ਸ਼ਾਮ ਨੂੰ ਇੱਥੇ ਵੀ ਚੋਣ ਅਮਲਾ ਭੇਜ ਦਿੱਤਾ ਗਿਆ ਸੀ। ਚੋਣ ਰਿਟਰਨਿੰਗ ਅਫਸਰ ਪਵਿੱਤਰ ਸਿੰਘ ਨੇ ਦੱਸਿਆ ਕਿ 14 ਅਕਤੂਬਰ ਰਾਤੀ ਪੌਣੇ ਨੌਂ ਵਜੇ ਉਸ ਨੂੰ ਪਟਿਆਲਾ ਦੇ ਬੀਡੀਪੀਓ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਆਈ ਈਮੇਲ ਦਾ ਸਕਰੀਨ ਸ਼ਾਰਟ ਲੈ ਕੇ ਉਸ ਨੂੰ ਇਕ ਅਜਿਹਾ ਵਟਸਐਪ ਮੈਸੇਜ ਭੇਜਿਆ ਗਿਆ, ਜਿਸ ਵਿੱਚ ਦੱਸਿਆ ਗਿਆ ਕਿ ਪੰਚਾਇਤਾਂ ਦੀਆਂ ਚੋਣਾਂ ਸਬੰਧੀ ਜਿਹੜੀਆਂ ਵੀ ਪਟੀਸ਼ਨਾਂ ਦੀ 16, 23 ਅਤੇ 24 ਅਕਤੂਬਰ ਨੂੰ ਸੁਣਵਾਈ ਹੋਣੀ ਸੀ, ਉਹ ਸਾਰੀਆਂ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਹਨ। ਇਸ ਤਰ੍ਹਾਂ ਗੱਜੂਮਾਜਰਾ ਪਿੰਡ ਵਿੱਚ ਕੁਲਬੀਰ ਸਿੰਘ ਦੀ ਨਾਮਜ਼ਦਗੀ ਨੂੰ ਰੱਦ ਮੰਨਦਿਆਂ ਉਸਦੇ ਵਿਰੋਧੀ ਉਮੀਦਵਾਰ ਸਤਨਾਮ ਸਿੰਘ ਨੂੰ ਨਿਰਵਿਰੋਧ ਸਰਪੰਚ ਬਣਿਆ ਮੰਨਿਆ ਜਾ ਰਿਹਾ ਹੈ। ਉਧਰ ਅੱਜ ਸਵੇਰੇ ਵੋਟਾਂ ਪਾਉਣ ਦੇ ਮੌਕੇ ਜਦੋਂ ਇਹ ਝਮੇਲਾ ਖੜਾ ਹੋਇਆ, ਤਾਂ ਵੱਖ ਵੱਖ ਅਧਿਕਾਰੀ ਇੱਥੇ ਆ ਪੁੱਜੇ ਤੇ ਪਿੰਡ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। ਅਖੀਰ ਕੁਝ ਘੰਟਿਆਂ ਦੇ ਵਿਚਾਰ ਵਟਾਂਦਰੇ ਉਪਰੰਤ ਇੱਥੇ ਵੋਟਾਂ ਪਾਉਣ ਦਾ ਕਾਰਜ ਰੱਦ ਕਰ ਦਿੱਤਾ ਗਿਆ। ਡੀ.ਸੀ ਨੇ ਦੱਸਿਆ ਕਿ ਅਦਾਲਤੀ ਫੈਸਲਾ ਆ ਜਾਣ ਕਾਰਨ ਗੱਜੂਮਾਜਰਾ ਪਿੰਡ ’ਚ ਵੋਟਾਂ ਨਹੀਂ ਪਵਾਈਆਂ ਗਈਆਂ।