ਚੋਣ ਅਮਲਾ ਪੋਲਿੰਗ ਬੂੁਥਾਂ ਲਈ ਰਵਾਨਾ
ਦਵਿੰਦਰ ਸਿੰਘ
ਯਮੁਨਾਨਗਰ, 4 ਅਕਤੂਬਰ
ਵਿਧਾਨ ਸਭਾ ਚੋਣਾਂ ਸ਼ਾਂਤੀਪੂਰਨ, ਨਿਰਪੱਖ ਅਤੇ ਭੈਅ ਰਹਿਤ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ ਤੇ ਚੋਣ ਅਮਲਾ ਚੋਣਾਂ ਸਬੰਧੀ ਸਮਾਨ ਲੈ ਕੇ ਪੋਲਿੰਗ ਬੂਥਾਂ ਲਈ ਰਵਾਨਾ ਹੋ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ ਨੇ ਦੱਸਿਆ ਕਿ ਯਮੁਨਾਨਗਰ ਵਿੱਚ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਵਿੱਚ 979 ਪੋਲਿੰਗ ਬੂਥ ਬਣਾਏ ਗਏ ਹਨ। ਆਈਟੀਆਈ ਵਿੱਚ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ ਅਤੇ ਪੋਲਿੰਗ ਪਾਰਟੀਆਂ ਨੂੰ ਸਿਖਲਾਈ ਦਿੱਤੀ ਗਈ, ਸ਼ਾਮ ਤੱਕ ਪੋਲਿੰਗ ਪਾਰਟੀਆਂ ਸਾਰੇ ਬੂਥਾਂ ’ਤੇ ਪਹੁੰਚ ਗਈਆਂ ਅਤੇ ਪਾਰਟੀਆਂ ਨੇ ਈਵੀਐੱਮ ਮਸ਼ੀਨਾਂ ਲਗਾ ਦਿੱਤੀਆਂ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ-07-ਸਢੌਰਾ, 08-ਜਗਾਧਰੀ, 09-ਯਮੁਨਾਨਗਰ ਅਤੇ 10-ਰਾਦੌਰ ਦੀਆਂ ਪੋਲਿੰਗ ਪਾਰਟੀਆਂ ਨੂੰ ਚੋਣ ਅਬਜ਼ਰਵਰਾਂ ਦੀ ਹਾਜ਼ਰੀ ਵਿੱਚ ਚੋਣ ਸਮੱਗਰੀ ਦੇ ਕੇ ਭੇਜ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਜਿਹੜੇ ਵੋਟਰ ਸ਼ਾਮ 6 ਵਜੇ ਤੱਕ ਪੋਲਿੰਗ ਸਟੇਸ਼ਨ ‘ਤੇ ਕਤਾਰਾਂ ‘ਚ ਖੜ੍ਹੇ ਰਹਿਣਗੇ, ਉਨ੍ਹਾਂ ਨੂੰ ਆਪਣੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਰੇ ਅਸੈਂਬਲੀਆਂ ਵਿੱਚ 3916 ਅਧਿਕਾਰੀ ਤੇ ਕਰਮਚਾਰੀ ਅਤੇ 3117 ਪੁਲੀਸ ਮੁਲਾਜ਼ਮ ਡਿਊਟੀ ’ਤੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਚਾਰ ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਆਈਟੀਆਈ ਯਮੁਨਾਨਗਰ ਕੈਂਪਸ ਵਿੱਚ ਹੋਵੇਗੀ।