For the best experience, open
https://m.punjabitribuneonline.com
on your mobile browser.
Advertisement

ਪੋਲਿੰਗ ਬੂਥਾਂ ਲਈ ਰਵਾਨਾ ਹੋਇਆ ਚੋਣ ਅਮਲਾ

07:37 AM Oct 05, 2024 IST
ਪੋਲਿੰਗ ਬੂਥਾਂ ਲਈ ਰਵਾਨਾ ਹੋਇਆ ਚੋਣ ਅਮਲਾ
ਚੋਣ ਸਮੱਗਰੀ ਨਾਲ ਪੋਲਿੰਗ ਬੂਥ ਲਈ ਰਵਾਨਾ ਹੁੰਦੇ ਹੋਏ ਅਧਿਕਾਰੀ।
Advertisement

ਪ੍ਰਭੂ ਦਿਆਲ
ਸਿਰਸਾ, 4 ਅਕਤੂਬਰ
ਹਰਿਆਣਾ ਵਿਧਾਨ ਸਭਾ ਦੀਆਂ ਭਲਕੇ ਪੰਜ ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੋਣ ਡਿਊਟੀ ’ਤੇ ਜਾਣ ਤੋਂ ਪਹਿਲਾਂ ਪੁਲੀਸ ਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਸ਼ਾਂਤੀਪੂਰਨ ਚੋਣਾਂ ਨੇਪਰੇ ਚੜ੍ਹਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਪੁਲੀਸ ਲਾਈਨ ’ਚ ਡਿਊਟੀ ’ਤੇ ਜਾਣ ਤੋਂ ਪਹਿਲਾਂ ਪੁਲੀਸ ਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਐੱਸਪੀ ਵਿਕਰਾਂਤ ਭੂਸ਼ਨ ਨੇ ਕਿਹਾ ਕਿ ਵੋਟਿੰਗ ਦੌਰਾਨ ਸਾਰੇ ਪੁਲੀਸ ਮੁਲਾਜ਼ਮ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਡਿਊਟੀ ਦੌਰਾਨ ਪੂਰੀ ਸਾਵਧਾਨੀ ਅਤੇ ਚੌਕਸੀ ਵਰਤਣ। ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣਾ ਪੁਲੀਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਐੱਸਪੀ ਨੇ ਪੁਲੀਸ ਮੁਲਾਜ਼ਮਾਂ ਹਦਾਇਤ ਕੀਤੀ ਕਿ ਵੋਟਿੰਗ ਪ੍ਰਕਿਰਿਆ ਦੌਰਾਨ ਪੋਲਿੰਗ ਬੂਥ ਤੋਂ 200 ਮੀਟਰ ਦੇ ਘੇਰੇ ਤੋਂ ਬਾਹਰ ਹੀ ਉਮੀਦਵਾਰਾਂ ਨੂੰ ਟੈਂਟ ਜਾਂ ਮੇਜ਼ ਲਗਾਵਾਏ ਜਾਣ। ਵਾਹਨਾਂ ਦੀ ਪਾਰਕਿੰਗ ਨੂੰ ਬੂਥਾਂ ਤੋਂ ਦੋ ਸੌ ਮੀਟਰ ਦੇ ਦਾਇਰੇ ਤੋਂ ਬਾਹਰ ਹੋਣੀ ਚਾਹੀਦੀ ਹੈ। ਵੋਟਿੰਗ ਦੌਰਾਨ ਇਹ ਯਕੀਨੀ ਬਣਾਇਆ ਜਾਵੇ ਕਿ ਜਿਸ ਵਿਅਕਤੀ ਨੇ ਆਪਣੀ ਵੋਟ ਪੋਲ ਕਰ ਲਈ ਹੈ, ਉਹ ਬੂਥ ਦੇ ਨੇੜੇ ਖੜ੍ਹਾ ਨਾ ਹੋਵੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਵੋਟ ਪਾਉਣ ਵਾਲੇ ਬੂਥ ਦੇ ਬਾਹਰ ਲਾਈਨ ’ਚ ਖੜ੍ਹੇ ਹੋ ਕੇ ਆਪਣੀ ਵਾਰੀ ਸਿਰ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।
ਜ਼ਿਲ੍ਹਾ ਚੋਣ ਅਫ਼ਸਰ ਸ਼ਾਂਤਨੂ ਸ਼ਰਮਾ ਨੇ ਦੱਸਿਆ ਕਿ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਅਬਜਰਵਰਾਂ ਵੱਲੋਂ ਚੋਣ ਪ੍ਰਕਿ੍ਰਆ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਕਾਲਾਂਵਾਲੀ, ਰਾਣੀਆਂ, ਏਲਨਾਬਾਦ, ਡੱਬਵਾਲੀ ਤੇ ਸਿਰਸਾ ਵਿਧਾਨ ਸਭਾ ਹਲਕਿਆਂ ਲਈ ਪਾਰਟੀਆਂ ਰਵਾਨਾ ਹੋ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਚੋਣਾਂ ਨੂੰ ਸ਼ਾਂਤੀਪੂਰਨ ਨੇਪਰੇ ਚੜ੍ਹਾਉਣ ਲਈ 2500 ਪੁਲੀਸ ਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਇੰਚਾਰਜਾਂ ਨੂੰ ਹਦਾਇਤ ਕੀਤੀ ਕਿ ਵੋਟਿੰਗ ਪ੍ਰਕਿਰਿਆ ਦੌਰਾਨ ਸਾਰਿਆਂ ਨੂੰ ਆਪਸ ਵਿੱਚ ਤਾਲਮੇਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਮਜ਼ਬੂਤ ਰੱਖਿਆ ਜਾਵੇ ਅਤੇ ਕਿਸੇ ਵੀ ਘਟਨਾ ਦੀ ਸੂਰਤ ਵਿੱਚ ਤੁਰੰਤ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਸਮੇਂ ਸਿਰ ਬਣਦੀ ਕਾਰਵਾਈ ਕੀਤੀ ਜਾ ਸਕੇ।

Advertisement

ਪਿੰਕ, ਮਾਡਲ ਅਤੇ ਲੋਕ ਨਿਰਮਾਣ ਵਿਭਾਗ ਦੇ ਬੂਥ ਬਣੇੇ ਖਿੱਚ ਦਾ ਕੇਂਦਰ

ਕਾਲਾਂਵਾਲੀ ਵਿੱਚ ਬਣਾਇਆ ਗਿਆ ਪਿੰਕ ਬੂਥ।

ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਸਾਰੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਵਿਸ਼ੇਸ਼ ਪੋਲਿੰਗ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿੱਚ ਪੋਲਿੰਗ ਵਾਲੇ ਦਿਨ ਇੱਕ ਬੂਥ ’ਤੇ ਮਹਿਲਾ ਵਰਕਰ, ਇੱਕ ਬੂਥ ’ਤੇ ਦਿਵਿਆਂਗ ਵਰਕਰ ਹੋਣਗੇ। ਇੱਕ ਆਦਰਸ਼ ਪੋਲਿੰਗ ਕੇਂਦਰ ਬਣਾਇਆ ਗਿਆ ਹੈ। ਆਦਰਸ਼ ਪੋਲਿੰਗ ਸਟੇਸ਼ਨਾਂ ’ਤੇ ਨੌਜਵਾਨਾਂ ਦੀਆਂ ਪੋਲਿੰਗ ਪਾਰਟੀਆਂ ਹੋਣਗੀਆਂ। ਕਾਲਾਂਵਾਲੀ ਵਿਧਾਨ ਸਭਾ ਹਲਕੇ ਦੇ ਚੋਣ ਅਧਿਕਾਰੀ ਐੱਸਡੀਐਮ ਸੁਰੇਸ਼ ਰਵੀਸ਼ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 42 ਕਾਲਾਂਵਾਲੀ ਵਿੱਚ ਮਾਰਕੀਟ ਕਮੇਟੀ ਕਾਲਾਂਵਾਲੀ ਵਿੱਚ ਗੁਲਾਬੀ ਬੂਥ, ਪੀਐੱਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਬੜਾਗੁੜਾ ਵਿੱਚ ਮਾਡਲ ਬੂਥ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੈਦਵਾਲਾ ਵਿੱਚ ਦਿਵਿਆਂਗ ਬੂਥ ਬਣਾਇਆ ਗਿਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 46-ਏਲਨਾਬਾਦ ਵਿੱਚ ਅੰਬੇਡਕਰ ਭਵਨ ਹਰੀਚੰਦ ਬਸ ਏਲਨਾਬਾਦ ਵਿੱਚ ਗੁਲਾਬੀ ਬੂਥ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਵਿੰਗ ਮਹਿਣਾਖੇੜਾ ਵਿੱਚ ਮਾਡਲ ਬੂਥ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੱਜੇ ਵਿੰਗ ਹੰਜੀਰਾ ਵਿੱਚ ਦਿਵਿਆਂਗ ਬੂਥ ਬਣਾਇਆ ਗਿਆ ਹੈ।

Advertisement

ਉਮੀਦਵਾਰਾਂ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਏਲਨਾਬਾਦ (ਜਗਤਾਰ ਸਮਾਲਸਰ): ਹਰਿਆਣਾ ਵਿਧਾਨ ਸਭਾ ਚੋਣਾਂ ਲਈ ਚੋਣ ਜਲਸਿਆਂ ਦੌਰਾਨ ਪ੍ਰਚਾਰ ਖਤਮ ਹੋਣ ਤੋਂ ਬਾਅਦ ਅੱਜ ਪਾਰਟੀ ਉਮੀਦਵਾਰ ਘਰ-ਘਰ ਜਾ ਕੇ ਲੋਕਾਂ ਨੂੰ ਵੋਟਾਂ ਦੀ ਅਪੀਲ ਕਰਨ ਵਿੱਚ ਲੱਗੇ ਰਹੇ। ਏਲਨਾਬਾਦ ਵਿਧਾਨ ਸਭਾ ਹਲਕੇ ਵਿੱਚ ਕੁੱਲ 1 ਲੱਖ 95 ਹਜ਼ਾਰ 131 ਵੋਟਰ ਹਨ ਜਿਨ੍ਹਾਂ ਵਿੱਚ 1 ਲੱਖ 3 ਹਜ਼ਾਰ 408 ਪੁਰਸ਼,91 ਹਜ਼ਾਰ 720 ਮਹਿਲਾ ਅਤੇ ਤਿੰਨ ਟਰਾਂਸਜੈਂਡਰ ਵੋਟਰ ਸ਼ਾਮਲ ਹਨ। ਏਲਨਾਬਾਦ ਵਿਧਾਨ ਸਭਾ ਹਲਕੇ ਵਿੱਚ ਕੁੱਲ 192 ਬੂਥ ਬਣਾਏ ਗਏ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ ਅਤੇ ਸ਼ਾਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲੀਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਏਲਨਾਬਾਦ ਦੀ ਸੀਮਾ ਰਾਜਸਥਾਨ ਨਾਲ ਲੱਗਦੀ ਹੋਣ ਕਾਰਨ ਰਾਜਸਥਾਨ ਵਾਲੇ ਪਾਸੇ ਤੋਂ ਆਉਣ-ਜਾਣ ਵਾਲੇ ਵਾਹਨਾਂ ਤੇ ਪੁਲੀਸ ਵੱਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਐੱਸਆਈ ਮਹਾਂਵੀਰ ਸਿੰਘ ਨੇ ਦੱਸਿਆ ਕਿ ਤਲਵਾੜਾ ਖੁਰਦ ਪੁਲੀਸ ਨਾਕੇ ’ਤੇ ਤਿੰਨ ਡਿਊਟੀ ਮੈਜਿਸਟਰੇਟ ਅਤੇ ਪੁਲੀਸ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਹੁਣ ਤੱਕ ਰਾਜਸਥਾਨ ਸੀਮਾ ਨਾਲ ਲੱਗਦੇ ਤਲਵਾੜਾ ਖੁਰਦ ਨਾਕੇ ਤੇ ਕਰੀਬ 7 ਲੱਖ 66 ਹਜ਼ਾਰ ਦੀ ਰਕਮ ਜ਼ਬਤ ਕੀਤੀ ਜਾ ਚੁੱਕੀ ਹੈ ਅਤੇ 520 ਗਰਾਮ ਅਫ਼ੀਮ ਬਰਾਮਦ ਹੋਈ ਹੈ।

Advertisement
Author Image

sukhwinder singh

View all posts

Advertisement