ਚੋਣ ਚਟਖ਼ਾਰੇ: ਫ਼ਰੀਦਕੋਟ ਤੋਂ ‘ਸਾਗ਼ਰ ਦੀ ਵਹੁਟੀ’ ਦੀ ਹੋਣ ਲੱਗੀ ਚਰਚਾ
ਸ਼ਗਨ ਕਟਾਰੀਆ
ਜੈਤੋ, 1 ਅਪਰੈਲ
ਲੋਕ ਸਭਾ ਹਲਕਾ ਫ਼ਰੀਦਕੋਟ ’ਚ ਨਿੱਤਰੇ ਗਮੰਤਰੀ ਉਮੀਦਵਾਰਾਂ ਬਾਰੇ ਪੰਜਾਬ ਭਰ ਵਿੱਚ ਚਰਚਾ ਹੈ। ਗਾਇਕੀ ਪਿੜ ਦੇ ਲੋਕ ਮਨਾਂ ’ਚ ਉੱਤਰੇ ਮਕਬੂਲ ਚਿਹਰਿਆਂ ਨੂੰ ਸਿਆਸੀ ਦਲਾਂ ਵੱਲੋਂ ਰਾਜਨੀਤਕ ਅਖਾੜੇ ’ਚ ਉਤਾਰਨ ਨੂੰ ਲੈ ਕੇ ਲੋਕ ਦਿਲਚਸਪ ਟਿੱਪਣੀਆਂ ਕਰ ਰਹੇ ਹਨ। ਆਮ ਆਦਮੀ ਪਾਰਟੀ ਟਿਕਟ ਦੇਣ ’ਚ ਪਹਿਲ ਕਰ ਗਈ। ਉਸ ਨੇ ਸਭ ਤੋਂ ਪਹਿਲਾਂ ਆਪਣਾ ਉਮੀਦਵਾਰ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਿਤਾਰੇ ਅਤੇ ਗਾਇਕ ਕਰਮਜੀਤ ਅਨਮੋਲ ਦੇ ਨਾਂ ਦਾ ਐਲਾਨ ਕੀਤਾ। ਇਸ ਤੋਂ ਬਾਅਦ ਭਾਜਪਾ ਨੇ ਰਾਜ ਗਾਇਕ ਦਾ ਰੁਤਬਾ ਹਾਸਲ ਕਰ ਚੁੱਕੇ ਸੂਫ਼ੀ ਫ਼ਨਕਾਰ ਹੰਸ ਰਾਜ ਹੰਸ ਨੂੰ ਚੋਣ ਅਖਾੜੇ ’ਚ ਉਤਾਰਿਆ। ਸਦਾ ਬਹਾਰ ਮਕਬੂਲ ਗਾਇਕ ਮੁਹੰਮਦ ਸਦੀਕ ਫ਼ਰੀਦਕੋਟ ਹਲਕੇ ਦੀ ਲੋਕ ਸਭਾ ਮੈਂਬਰ ਵਜੋਂ ਕਾਂਗਰਸ ਪਾਰਟੀ ਤਰਫ਼ੋਂ ਮੌਜੂਦਾ ਸਮੇਂ ਅਗਵਾਈ ਕਰ ਰਹੇ ਹਨ। ਜਨਾਬ ਸਦੀਕ ਹੁਰਾਂ 2019 ਦੀਆਂ ਚੋਣਾਂ ਮੌਕੇ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਸ ਸਮੇਂ ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਅਕਾਲੀ-ਭਾਜਪਾ ਗਠਜੋੜ ਦੇ ਗੁਲਜ਼ਾਰ ਸਿੰਘ ਰਣੀਕੇ ਅਤੇ ਪੰਜਾਬੀ ਏਕਤਾ ਪਾਰਟੀ ਦੇ ਬਲਦੇਵ ਸਿੰਘ ਜੈਤੋ ਨੂੰ ਜ਼ਬਰਦਸਤ ਸ਼ਿਕਸਤ ਦਿੱਤੀ ਸੀ।
ਲਿਹਾਜ਼ਾ ਆਪਣੀ ਪਹਿਲੀ ਕਾਮਯਾਬੀ ਅਤੇ ਅੱਕਾਂ ਦੇ ਭੱਬੂਆਂ ਵਾਂਗ ਉੱਡਦੇ ਦਲ ਬਦਲੂਆਂ ਦੇ ਦੌਰ ਵਿਚਾਲੇ ਕਾਂਗਰਸ ਪਾਰਟੀ ਪ੍ਰਤੀ ਲਗਾਤਾਰ ਵਫ਼ਾਦਾਰ ਮੁਹੰਮਦ ਸਦੀਕ ਇਕ ਵਾਰ ਫਿਰ ਫ਼ਰੀਦਕੋਟ ਹਲਕੇ ਤੋਂ ਟਿਕਟ ਪ੍ਰਾਪਤੀ ਦੇ ਵੱਡੇ ਦਾਅਵੇਦਾਰ ਹਨ। ਇਸ ਬਾਰੇ ਉਨ੍ਹਾਂ ‘ਪੰਜਾਬੀ ਟ੍ਰਿਬਿਊਨ’ ਦੇ ਇਸ ਪ੍ਰਤੀਨਿਧ ਕੋਲ ਖੁੱਲ੍ਹ ਕੇ ਆਪਣੀ ਇੱਛਾ ਜਤਾਈ ਹੈ। ਕਾਂਗਰਸ ਵੱਲੋਂ ਸ੍ਰੀ ਸਦੀਕ ਦੀ ਹਸਰਤ ਪੂਰੀ ਹੋਣ ’ਤੇ ਫ਼ਨਕਾਰ ਅਤੇ ਅਦਾਕਾਰੀ ਜਗਤ ਦੇ ਤਿੰਨ ਮਕਬੂਲ ਚਿਹਰੇ ਵੋਟਰਾਂ ਸਾਹਮਣੇ ਹੋਣਗੇ। 30 ਮਾਰਚ ਨੂੰ ਜਦੋਂ ਹੰਸ ਰਾਜ ਹੰਸ ਦੇ ਨਾਂ ਦਾ ਐਲਾਨ ਹੋਇਆ ਤਾਂ ਸੋਸ਼ਲ ਮੀਡੀਆ ’ਤੇ ਚਟਖ਼ਾਰੇਦਾਰ ਟਿੱਪਣੀਆਂ ਸ਼ੁਰੂ ਹੋ ਗਈਆਂ। ਕਿਸੇ ਨੇ ਕਿਹਾ ਕਿ ਇਸ ਰਾਖਵੇਂ ਹਲਕੇ ਤੋਂ ਬਗ਼ੈਰ ਦੇਰੀ ਦੇ ਲਗਦੇ ਹੱਥ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਿਸੇ ਗਾਇਕ ਨੂੰ ਉਮੀਦਵਾਰ ਐਲਾਨਣਾ ਚਾਹੀਦਾ ਹੈ। ਇਸੇ ਤਰ੍ਹਾਂ ਕਈ ਹੋਰਨਾਂ ਨੇ ਕਿਸੇ ਵੱਡੀ ਸਿਆਸੀ ਪਾਰਟੀ ਨੂੰ ‘ਸਾਗ਼ਰ ਦੀ ਵਹੁਟੀ’ ਨੂੰ ਟਿਕਟ ਦੇਣ ਦਾ ਨਾਂ ਸੁਝਾਇਆ। ਅੱਗੇ ਕਿਸੇ ਨੇ ਟਿੱਪਣੀ ਕੀਤੀ ‘ਚੋਣ ਪ੍ਰਚਾਰ ਇੰਡੀਕਾ ’ਤੇ ਕਰੇ’। ਕਿਸੇ ਨੇ ਇਹ ਵੀ ਲਿਖ਼ਿਆ ਕੋਈ ਸਿਆਸੀ ਪਾਰਟੀ ਲਾਭ ਹੀਰੇ ਨੂੰ ਵੀ ਟਿਕਟ ਦੇ ਸਕਦੀ ਹੈ। ਗੌਰਤਲਬ ਹੈ ਕਿ ਪਿਛਲੇ ਦਿਨੀਂ ਯੂ-ਟਿਊਬ ਉੱਪਰ ਰਿਲੀਜ਼ ਹੋਇਆ ‘ਸਾਗ਼ਰ ਦੀ ਵਹੁਟੀ’ ਸਿਰਲੇਖ ਵਾਲਾ ਗੀਤ ਸੁਪਰ ਹਿੱਟ ਚੱਲ ਰਿਹਾ ਹੈ।