For the best experience, open
https://m.punjabitribuneonline.com
on your mobile browser.
Advertisement

ਚੋਣ ਨਤੀਜੇ ਐਗਜ਼ਿਟ ਪੋਲ ਦੇ ਉਲਟ ਹੋਣਗੇ: ਸੋਨੀਆ

06:42 AM Jun 04, 2024 IST
ਚੋਣ ਨਤੀਜੇ ਐਗਜ਼ਿਟ ਪੋਲ ਦੇ ਉਲਟ ਹੋਣਗੇ  ਸੋਨੀਆ
Advertisement

* ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ.ਕਰੁਣਾਿਨਧੀ ਦੀ 100ਵੀਂ ਜੈਅੰਤੀ ਮੌਕੇ ਦਿੱਤਾ ਪ੍ਰਤੀਕਰਮ

Advertisement

ਨਵੀਂ ਦਿੱਲੀ, 3 ਜੂਨ
ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਸਭਾ ਚੋਣਾਂ ਤੇ ਅਸਲ ਨਤੀਜੇ ਐਗਜ਼ਿਟ ਪੋਲ ਦੇ ਅਨੁਮਾਨ ਤੋਂ ਬਿਲਕੁਲ ਉਲਟ ਹੋਣਗ। ਸੋਨੀਆ ਨੇ ਕਿਹਾ, ‘‘ਸਾਨੂੰ ਉਡੀਕ ਕਰਨੀ ਪਵੇਗੀ। ਬੱਸ ਉਡੀਕ ਕਰੋ ਅਤੇ ਦੇਖੋ। ਸਾਨੂੰ ਪੂੁਰੀ ਉਮੀਦ ਹੈ ਕਿ ਐਗਜ਼ਿਟ ਪੋਲ ਵਿੱਚ ਜੋ ਦਿਖਾਇਆ ਜਾ ਰਿਹਾ ਹੈ, ਨਤੀਜੇ ਉਸ ਦੇ ਬਿਲਕੁਲ ਉਲਟ ਹੋਣਗੇ।’’ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੁਆਲ ਕੀਤਾ ਗਿਆ ਸੀ ਕਿ ਚਾਰ ਜੂਨ ਨੂੰ ਐਲਾਨੇ ਜਾ ਰਹੇ ਨਤੀਜਿਆਂ ਤੋਂ ਉਨ੍ਹਾਂ ਨੂੰ ਕੀ ਉਮੀਦ ਹੈ। ਉਨ੍ਹਾਂ ਇਹ ਟਿੱਪਣੀ ਡੀਐੱਮਕੇ ਦਫ਼ਤਰ ਵਿੱਚ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ ਕਰੁਣਾਨਿਧੀ ਨੂੰ ਉਨ੍ਹਾਂ ਦੀ 100ਵੀਂ ਜੈਅੰਤੀ ’ਤੇ ਸ਼ਰਧਾਂਜਲੀ ਭੇਟ ਕਰਨ ਮਗਰੋਂ ਕੀਤੀ। ਸੋਨੀਆ ਗਾਂਧੀ ਨੇ ਕਿਹਾ, ‘‘ਡਾ. ਕਲੈਂਗਨਾਰ ਕਰੁਣਾਨਿਧੀ ਦੀ 100ਵੀਂ ਜੈਅੰਤੀ ਮੌਕੇ ’ਤੇ ਡੀਐੱਮਕੇ ਦੇ ਆਪਣੇ ਸਹਿਯੋਗੀਆਂ ਨਾਲ ਇੱਥੇ ਆਉਣਾ ਮੇਰੇ ਲਈ ਖੁਸ਼ੀ ਦੀ ਗੱਲ ਹੈ।’’

ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ, ਡੀਐਮਕੇ ਆਗੂ ਟੀਆਰ ਬਾਲੂ , ਤ੍ਰਿਚੀ ਸਿਵਾ, ਸੀਪੀਆਈ ਆਗੂ ਸੀਤਾਰਾਮ ਯੋਚੁਰੀ, ਡੀ ਰਾਜਾ ਅਤੇ ਸਮਾਜਵਾਦੀ ਪਾਰਟੀ ਆਗੂ ਰਾਮ ਗੋਪਾਲ ਯਾਦਵ। -ਫੋਟੋ: ਪੀਟੀਆਈ

ਉਨ੍ਹਾਂ ਕਿਹਾ, ‘‘ਮੈਨੂੰ ਕਈ ਮੌਕਿਆਂ ’ਤੇ ਉਨ੍ਹਾਂ ਨੂੰ ਮਿਲਣ, ਉਨ੍ਹਾਂ ਦੀਆਂ ਗੱਲਾਂ ਸੁਣਨ ਤੇ ਉਨ੍ਹਾਂ ਦੀਆਂ ਗਿਆਨ ਭਰੀਆਂ ਗੱਲਾਂ ਅਤੇ ਸਲਾਹ ਤੋਂ ਲਾਭ ਲੈਣ ਦਾ ਸੁਭਾਗ ਮਿਲਿਆ। ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਮੈਂ ਉਨ੍ਹਾਂ ਨੂੰ ਮਿਲੀ ਸੀ।’’ ਜ਼ਿਆਦਾਤਰ ਐਗਜ਼ਿਟ ਪੋਲ ਵਿੱਚ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੂੰ 350 ਤੋਂ ਵੱਧ ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਜੇਕਰ ਅਸਲ ਨਤੀਜੇ ਵੀ ਐਗਜ਼ਿਟ ਪੋਲ ਦੇ ਅਨੁਮਾਨ ਅਨੁਸਾਰ ਰਹਿੰਦੇ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਭਾਰੀ ਬਹੁਮਤ ਨਾਲ ਸੱਤਾ ਸੰਭਾਲਨਗੇ। ਕਾਂਗਰਸ ਤੇ ਇੰਡੀਆ ਗੱਠਜੋੜ ਐਗਜ਼ਿਟ ਪੋਲ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਹੈ ਕਿ ਵਿਰੋਧੀ ਗੱਠਜੋੜ ਅਗਲੀ ਸਰਕਾਰ ਬਣਾਵੇਗਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਸੀ, ‘ਇਸ ਨੂੰ ਐਗਜ਼ਿਟ ਪੋਲ ਨਹੀਂ ਕਿਹਾ ਜਾਂਦਾ ਹੈ, ਬਲਕਿ ਇਸ ਦਾ ਨਾਮ ‘ਮੋਦੀ ਮੀਡੀਆ ਪੋਲ’ ਹੈ। ਇਹ ਮੋਦੀ ਜੀ ਦਾ ਪੋਲ ਹੈ, ਇਹ ਉਨ੍ਹਾਂ ਦਾ ‘ਫੈਂਟੇਸੀ ਪੋਲ’ ਹੈ। ਕਾਂਗਰਸ ਨੇਤਾਵਾਂ ਨੇ ਕਿਹਾ ਹੈ ਕਿ ਇੰਡੀਆ ਗੱਠਜੋੜ 295 ਤੋਂ ਵੱਧ ਸੀਟਾਂ ਜਿੱਤੇਗਾ ਅਤੇ ਸਰਕਾਰ ਬਣਾਵੇਗਾ। -ਪੀਟੀਆਈ

ਸੁਧਾਰ ਲਈ ਰਵਾਇਤੀ ਸੋਚ ਵਿਚ ਬਦਲਾਅ ਦੀ ਲੋੜ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚੋਂ ‘ਪੁਰਾਣੀ ਸੋਚ ਤੇ ਧਾਰਨਾਵਾਂ ਦੇ ਮੁੜ ਮੁਲਾਂਕਣ’ ਤੇ ‘ਪੇਸ਼ੇਵਰ ਨਿਰਾਸ਼ਾਵਾਦੀਆਂ ਦੇ ਦਬਾਅ ਤੋਂ ਸਮਾਜ ਨੂੰ ਮੁਕਤ’ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਸ਼ਤਾਬਦੀ ਸਾਲ ਦੇ 25 ਸਾਲਾਂ ਵਿਚ ‘ਵਿਕਸਤ ਭਾਰਤ’ ਦੀ ਨੀਂਹ ਯਕੀਨੀ ਤੌਰ ’ਤੇ ਰੱਖੀ ਜਾਣੀ ਚਾਹੀਦੀ ਹੈ। ਸ੍ਰੀ ਮੋਦੀ ਨੇ ਇਕ ਮਜ਼ਮੂਨ ਵਿਚ ਕਿਹਾ, ‘‘21ਵੀਂ ਸਦੀ ਦਾ ਵਿਸ਼ਵ ਬਹੁਤ ਸਾਰੀਆਂ ਆਸ਼ਾਵਾਂ ਦੇ ਨਾਲ ਭਾਰਤ ਵੱਲ ਦੇਖ ਰਿਹਾ ਹੈ। ਆਲਮੀ ਬਿਰਤਾਂਤ ਵਿਚ ਅੱਗੇ ਵਧਣ ਲਈ ਸਾਨੂੰ ਕਈ ਬਦਲਾਅ ਕਰਨੇ ਹੋਣਗੇ। ਸਾਨੂੰ ਸੁਧਾਰ ਦੇ ਸਬੰਧ ਵਿਚ ਆਪਣੀ ਰਵਾਇਤੀ ਸੋਚ ਵਿਚ ਬਦਲਾਅ ਕਰਨ ਦੀ ਲੋੜ ਹੈ। ਭਾਰਤ ਸੁੁਧਾਰਾਂ ਨੂੰ ਸਿਰਫ਼ ਆਰਥਿਕ ਸੁਧਾਰਾਂ ਤਕ ਸੀਮਤ ਨਹੀਂ ਕਰ ਸਕਦਾ।’’ ਸ੍ਰੀ ਮੋਦੀ ਨੇ ਇਹ ਮਜ਼ਮੂਨ ਪਹਿਲੀ ਜੂਨ ਨੂੰ ਕੰਨਿਆਕੁਮਾਰੀ ਤੋਂ ਦਿੱਲੀ ਦੇ ਹਵਾਈ ਸਫ਼ਰ ਦੌਰਾਨ ਲਿਖਿਆ ਸੀ। ਪ੍ਰਧਾਨ ਮੰਤਰੀ ਲੋਕ ਸਭਾ ਚੋਣਾਂ ਲਈ ਪ੍ਰਚਾਰ ਖ਼ਤਮ ਹੋਣ ਮਗਰੋਂ 30 ਮਈ ਨੂੰ ਅਧਿਆਤਮਕ ਪ੍ਰਵਾਸ ਲਈ ਕੰਨਿਆਕੁਮਾਰੀ ਪਹੁੰਚੇ ਸਨ। ਸ੍ਰੀ ਮੋਦੀ ਨੇ ਲੋਕਾਂ ਨੂੰ ਜ਼ਿੰਦਗੀ ਦੇ ਹਰ ਪਹਿਲੂ ਵਿਚ ਸੁਧਾਰ ਦੀ ਦਿਸ਼ਾ ਵਿਚ ਅੱਗੇ ਵਧਣ ਦਾ ਸੱਦਾ ਦਿੱਤਾ। ਸੋਮਵਾਰ ਨੂੰ ਕਈ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਇਸ ਮਜ਼ਮੂਨ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਸੁਧਾਰ 2047 ਤੱਕ ‘ਵਿਕਸਤ ਭਾਰਤ’ ਦੀਆਂ ਇੱਛਾਵਾਂ ਮੁਤਾਬਕ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁਧਾਰ ਕਿਸੇ ਵੀ ਦੇਸ਼ ਲਈ ਇਕ ਤਰਫ਼ਾ ਅਮਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ, ‘‘ਇਸ ਲਈ ਮੈਂ ਦੇਸ਼ ਲਈ ਰਿਫਾਰਮ, ਪਰਫਾਰਮ ਤੇ ਟਰਾਂਸਫਾਰਮ (ਸੁਧਾਰ, ਪਾਲਣ ਤੇ ਤਬਦੀਲੀ) ਦਾ ਦ੍ਰਿਸ਼ਟੀਕੋਣ ਰੱਖਿਆ ਹੈ। ਸੁਧਾਰ ਦੀ ਜ਼ਿੰਮੇਵਾਰੀ ਲੀਡਰਸ਼ਿਪ ਦੀ ਹੈ। ਇਸੇ ਦੇ ਅਧਾਰ ’ਤੇ ਸਾਡੀ ਨੌਕਰਸ਼ਾਹੀ ਕੰਮ ਕਰਦੀ ਹੈ ਤੇ ਜਦੋਂ ਲੋਕ ਜਨ ਭਾਗੀਦਾਰੀ ਦੀ ਭਾਵਨਾ ਨਾਲ ਜੁੜਦੇ ਹਨ ਤਾਂ ਅਸੀਂ ਬਦਲਾਅ ਹੁੰਦਾ ਦੇਖਦੇ ਹਾਂ।’’ ਇਹ ਮਜ਼ਮੂਨ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਇਕ ਦਿਨ ਪਹਿਲਾਂ ਪ੍ਰਕਾਸ਼ਿਤ ਹੋਇਆ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×