For the best experience, open
https://m.punjabitribuneonline.com
on your mobile browser.
Advertisement

ਚੋਣ ਨਤੀਜੇ: ਕਿਸੇ ਨੂੰ ਮਿਲਿਆ ‘ਮੌਕਾ’, ਕਿਸੇ ਨੂੰ ‘ਸੋਕਾ’..!

07:35 AM Jun 06, 2024 IST
ਚੋਣ ਨਤੀਜੇ  ਕਿਸੇ ਨੂੰ ਮਿਲਿਆ ‘ਮੌਕਾ’  ਕਿਸੇ ਨੂੰ ‘ਸੋਕਾ’
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 5 ਜੂਨ
ਆਮ ਆਦਮੀ ਪਾਰਟੀ ਨੂੰ ਅੱਠ ਕੈਬਨਿਟ ਵਜ਼ੀਰਾਂ ਦੇ ਅਸੈਂਬਲੀ ਹਲਕਿਆਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ‘ਆਪ’ ਨੇ ਤਿੰਨ ਸੰਸਦੀ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਅਸੈਂਬਲੀ ਹਲਕਾ ਵਾਈਜ਼ ਨਤੀਜੇ ਦੇਖੀਏ ਤਾਂ ‘ਆਪ’ ਨੂੰ 32 ਅਸੈਂਬਲੀ ਹਲਕਿਆਂ ਵਿਚ ਲੀਡ ਮਿਲੀ ਹੈ ਜਦੋਂ ਕਿ 54 ਸੀਟਾਂ ’ਤੇ ‘ਆਪ’ ਦੂਜੇ ਨੰਬਰ ’ਤੇ ਆਈ ਹੈ। ਪੰਜਾਬ ਚੋਣਾਂ 2022 ਵਿਚ ‘ਆਪ’ ਨੇ 92 ਸੀਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਸੀ। ‘ਆਪ’ ਨੂੰ ਲੋਕ ਸਭਾ ਚੋਣਾਂ ਵਿਚ 26.02 ਫ਼ੀਸਦੀ ਜਦੋਂ ਕਿ ਕਾਂਗਰਸ ਦੀ ਝੋਲੀ 26.30 ਫ਼ੀਸਦੀ ਵੋਟ ਪਏ ਹਨ।
ਕਾਂਗਰਸ ਨੂੰ 38 ਅਸੈਂਬਲੀ ਹਲਕਿਆਂ ਵਿਚ ਲੀਡ ਮਿਲੀ ਹੈ ਜਦੋਂ ਕਿ 40 ਸੀਟਾਂ ਉੱਤੇ ਦੂਜੇ ਨੰਬਰ ’ਤੇ ਰਹੀ ਹੈ। ਮਾੜੀ ਹਾਲਤ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹੈ। ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਦੀ ਵੋਟ ਫ਼ੀਸਦ 13.42 ਫ਼ੀਸਦ ’ਤੇ ਆ ਗਈ ਹੈ। ਅਕਾਲੀ ਦਲ ਨੂੰ ਸਿਰਫ਼ 9 ਅਸੈਂਬਲੀ ਹਲਕਿਆਂ ਵਿੱਚ ਲੀਡ ਮਿਲੀ ਹੈ ਜਦੋਂਕਿ ਛੇ ਹਲਕਿਆਂ ਵਿੱਚ ਅਕਾਲੀ ਦਲ ਦੂਜੇ ਨੰਬਰ ’ਤੇ ਹੈ। ਅਕਾਲੀ ਦਲ ਨੂੰ ਬਠਿੰਡਾ ਦਿਹਾਤੀ, ਲੰਬੀ, ਭੁੱਚੋ, ਤਲਵੰਡੀ ਸਾਬੋ, ਬੁਢਲਾਡਾ ਵਿਚ ਲੀਡ ਪ੍ਰਾਪਤ ਹੋਈ ਹੈ। ਅਕਾਲੀ ਦਲ ਨੂੰ ਮਜੀਠਾ ਤੋਂ ਇਲਾਵਾ ਫ਼ਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ ਅਤੇ ਮਲੋਟ ’ਚੋਂ ਵੀ ਲੀਡ ਮਿਲੀ ਹੈ। ਮੌਜੂਦਾ ਸਮੇਂ ਭਾਜਪਾ ਦੇ ਦੋ ਵਿਧਾਇਕ ਹਨ। ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ 23 ਹਲਕਿਆਂ ਵਿਚ ਲੀਡ ਮਿਲੀ ਹੈ ਜਦੋਂ ਕਿ 9 ਸੀਟਾਂ ’ਤੇ ਭਾਜਪਾ ਦਾ ਦੂਜਾ ਨੰਬਰ ਹੈ। ਭਾਜਪਾ ਨੂੰ ਸ਼ਹਿਰੀ ਹਲਕਿਆਂ ਵਿਚ ਲੀਡ ਪ੍ਰਾਪਤ ਹੋਈ ਹੈ ਅਤੇ ਐਤਕੀਂ ਭਾਜਪਾ ਨੇ ਬਠਿੰਡਾ, ਡੇਰਾਬੱਸੀ, ਪਟਿਆਲਾ ਅਤੇ ਰਾਜਪੁਰਾ ਵਿਚ ਵੀ ਲੀਡ ਲਈ ਹੈ। ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਹਲਕਾ ਅਬੋਹਰ, ਬੱਲੂਆਣਾ ਅਤੇ ਫ਼ਿਰੋਜ਼ਪੁਰ ਸ਼ਹਿਰ ਵਿਚ ਵੀ ਪਾਰਟੀ ਨੂੰ ਲੀਡ ਪ੍ਰਾਪਤ ਹੋਈ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਲਕਾ ਗਿੱਦੜਬਾਹਾ ਵਿਚ ਕਾਂਗਰਸ ਪਾਰਟੀ ਤੀਜੇ ਸਥਾਨ ’ਤੇ ਆਈ ਹੈ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੂੰ ਗਿੱਦੜਬਾਹਾ ਤੋਂ ਲੀਡ ਪ੍ਰਾਪਤ ਹੋਈ ਹੈ ਅਤੇ ਸਮੁੱਚੇ ਹਲਕੇ ਵਿਚ ਸੱਤ ਹਲਕਿਆਂ ਤੋਂ ਖ਼ਾਲਸਾ ਨੇ ਲੀਡ ਪ੍ਰਾਪਤ ਕੀਤੀ ਹੈ। ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਪੰਜਾਬ ਵਿਚੋਂ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੇ ਹਨ ਅਤੇ ਉਨ੍ਹਾਂ ਦੀ 9 ਹਲਕਿਆਂ ’ਚੋਂ 8 ’ਚ ਲੀਡ ਰਹੀ ਹੈ ਜਦੋਂਕਿ ਕਪੂਰਥਲਾ ਤੋਂ ਕਾਂਗਰਸ ਨੇ ਲੀਡ ਲਈ। ‘ਆਪ’ ਨੂੰ ਮਾਲਵਾ ਦੇ 26 ਹਲਕਿਆਂ ਵਿੱਚ ਲੀਡ ਹਾਸਲ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣਾ ਸੰਗਰੂਰ ਵਿਚਲਾ ਕਿਲਾ ਬਚਾਉਣ ਵਿਚ ਕਾਮਯਾਬ ਰਹੇ ਹਨ। ਗੁਰਮੀਤ ਸਿੰਘ ਮੀਤ ਹੇਅਰ ਨੂੰ 8 ਅਸੈਂਬਲੀ ਹਲਕਿਆਂ ਵਿੱਚ ਲੀਡ ਮਿਲੀ ਜਦੋਂਕਿ ਕਾਂਗਰਸ ਨੂੰ ਇਕੱਲੇ ਮਲੇਰਕੋਟਲਾ ਤੋਂ ਲੀਡ ਮਿਲੀ ਹੈ। ਮੁੱਖ ਮੰਤਰੀ ਦੀ ਸੀਟ ਧੂਰੀ ਤੋਂ ‘ਆਪ’ ਨੂੰ 32,282 ਵੋਟਾਂ ਦੀ ਲੀਡ ਮਿਲੀ ਹੈ। ਕੈਬਨਿਟ ਵਜ਼ੀਰਾਂ ਦੇ ਹਲਕਿਆਂ ਦਾ ਮੁਲਾਂਕਣ ਕਰੀਏ ਤਾਂ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਹਲਕਾ ਮਲੋਟ ਤੋਂ ‘ਆਪ’ ਨੂੰ ਦੂਜਾ ਸਥਾਨ ਮਿਲਿਆ ਹੈ ਅਤੇ ਲੰਬੀ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੂਜੇ ਨੰਬਰ ’ਤੇ ਚਲੇ ਗਏ ਹਨ। ਊਰਜਾ ਮੰਤਰੀ ਹਰਭਜਨ ਸਿੰਘ ਦੇ ਹਲਕੇ ਜੰਡਿਆਲਾ ਤੋਂ ‘ਆਪ’ ਪਛੜੀ ਹੈ। ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੇ ਹਲਕੇ ਪੱਟੀ ਤੋਂ ਦੂਜੇ ਨੰਬਰ ’ਤੇ ਹਨ।
ਹਲਕਾ ਭੋਆ ’ਚ ‘ਆਪ’ ਤੀਜੇ ਨੰਬਰ ’ਤੇ ਰਹੀ। ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਹਲਕਾ ਹੁਸ਼ਿਆਰਪੁਰ ਹੈ ਜਿੱਥੋਂ ‘ਆਪ’ ਪਛੜੀ ਹੈ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਹਲਕਾ ਖਰੜ ਤੋਂ ਵੀ ‘ਆਪ’ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ। ‘ਆਪ’ ਨੂੰ ਸੰਸਦੀ ਹਲਕਾ ਸੰਗਰੂਰ ਵਿੱਚ 9 ’ਚੋਂ ਅੱਠ, ਆਨੰਦਪੁਰ ਸਾਹਿਬ ਵਿੱਚ ਪੰਜ ਹਲਕਿਆਂ, ਹੁਸ਼ਿਆਰਪੁਰ ਦੇ ਚਾਰ ਹਲਕਿਆਂ, ਪਟਿਆਲਾ ਦੇ ਚਾਰ ਹਲਕਿਆਂ ਅਤੇ ਬਠਿੰਡਾ ਸੰਸਦੀ ਸੀਟ ਦੇ ਤਿੰਨ ਹਲਕਿਆਂ ਮਾਨਸਾ, ਸਰਦੂਲਗੜ੍ਹ ਅਤੇ ਮੌੜ ’ਚੋਂ ਲੀਡ ਮਿਲੀ ਹੈ।

Advertisement

Advertisement
Author Image

joginder kumar

View all posts

Advertisement
Advertisement
×