ਚੋਣ ਨਤੀਜੇ: ‘ਆਪ’ ਖ਼ਿਲਾਫ਼ ਫੁੱਟਿਆ ਮੁਲਾਜ਼ਮਾਂ ਦਾ ਗੁੱਸਾ
ਕੁਲਦੀਪ ਸਿੰਘ
ਚੰਡੀਗੜ੍ਹ, 4 ਜੂਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਪੰਜਾਬ 13 ਦੀਆਂ ਸਾਰੀਆਂ ਸੀਟਾਂ ਜਿੱਤਣ ਦੇ ਦਾਅਵੇ ਕਰਨ ਵਾਲੀ ‘ਆਪ’ ਮਹਿਜ਼ ਤਿੰਨ ਸੀਟਾਂ ਉੱਤੇ ਸਿਮਟਣ ਵਿੱਚੋਂ ਕਿਤੇ ਨਾ ਕਿਤੇ ਸੂਬੇ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਗੁੱਸਾ ਵੀ ਝਲਕਿਆ ਹੈ। ਮੁਲਾਜ਼ਮ ਅਤੇ ਸਾਂਝਾ ਪੈਨਸ਼ਨਰਜ਼ ਫਰੰਟ ਵੱਲੋਂ 5 ਮਈ ਨੂੰ ਜਲੰਧਰ ਵਿਖੇ ਕੀਤੀ ਸੂਬਾਈ ਕਨਵੈਨਸ਼ਨ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਨੂੰ ਇਨ੍ਹਾਂ ਚੋਣਾਂ ਵਿੱਚ ਸਬਕ ਸਿਖਾਉਣ ਦਾ ਐਲਾਨ ਕੀਤਾ ਗਿਆ ਸੀ।
ਦੂਜੇ ਪਾਸੇ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ ਅਤੇ ਸੂਬਾ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ਨੇ ਪੰਜਾਬ ਸਰਕਾਰ ’ਤੇ ਕਿਸੇ ਵੀ ਮੁਲਾਜ਼ਮ ਮਸਲੇ ਨੂੰ ਹੱਲ ਨਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਮੀਟਿੰਗ ਦਾ ਸਮਾਂ ਦੇ ਕੇ ਵੀ ਮੀਟਿੰਗ ਕਰਨ ਤੋਂ ਭੱਜਦੀ ਰਹੀ ਹੈ। ਸੂਬੇ ਦੇ ਦੋ ਲੱਖ ਮੁਲਾਜ਼ਮ ਪਰਿਵਾਰਾਂ ਦੀ ਮੰਗ ਸੀ ਜਿਸ ਨੂੰ ਇਕ ਅਧੂਰਾ ਨੋਟੀਫਿਕੇਸ਼ਨ ਜਾਰੀ ਕਰ ਕੇ ਡੇਢ ਸਾਲ ਤੋਂ ਲਟਕਾਇਆ ਗਿਆ ਹੈ। ਐੱਨਪੀਐੱਸ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਘਰ-ਘਰ ਪੋਸਟਰ ਮੁਹਿੰਮ ਚਲਾਉਣੀ ਪਈ ਪਰ ਸਰਕਾਰ ਨੇ ਮੁਲਾਜ਼ਮ ਆਗੂਆਂ ਨੂੰ ਨਜ਼ਰਬੰਦ ਜਾਂ ਥਾਣੇ ਬੰਦ ਕਰਨਾ ਸ਼ੁਰੂ ਕਰ ਦਿੱਤਾ।
ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਕਿਹਾ ਕਿ ਜੇ ਸੂਬਾ ਸਰਕਾਰ ਭਵਿੱਖ ਵਿੱਚ ਮੁਲਾਜ਼ਮ ਵਰਗ ਨੂੰ ਆਪਣੇ ਹੱਕ ਵਿੱਚ ਕਰਨਾ ਚਾਹੁੰਦੀ ਹੈ ਕਿ ਤਾਂ ਜਲਦ ਤੋਂ ਜਲਦ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ। ਜਥੇਬੰਦੀਆਂ ਨੇ ਸਮੁੱਚੇ ਮੁਲਾਜ਼ਮ ਅਤੇ ਪੈਨਸ਼ਨਰਜ਼ ਵਰਗ ਦਾ ਧੰਨਵਾਦ ਵੀ ਕੀਤਾ ਹੈ।
ਪੰਜਾਬ ਸਿਵਲ ਸਕੱਤਰੇਤ ਤੋਂ ਮੁਲਾਜ਼ਮ ਆਗੂ ਤੇ ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਵੱਲੋਂ ਵੀ ਸਮੁੱਚੇ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਗਈ ਸੀ ਕਿ ਜਿਹੜੀ ਵੀ ਰਾਜਨੀਤਕ ਪਾਰਟੀ ਮੁਲਾਜ਼ਮਾਂ ਦੀ ਭਲਾਈ ਨਹੀਂ ਕਰ ਸਕਦੀ, ਉਸ ਨੂੰ ਵੋਟ ਨਾ ਦਿੱਤੀ ਜਾਵੇ।
‘ਆਪ’ ਖ਼ਿਲਾਫ਼ ਭੁਗਤਿਆ ਡਿਊਟੀ ਅਮਲਾ
ਸੂਤਰ ਦੱਸਦੇ ਹਨ ਕਿ ਇਸ ਵਾਰ ਚੋਣ ਡਿਊਟੀਆਂ ’ਤੇ ਤਾਇਨਾਤ ਸਰਕਾਰੀ ਮੁਲਾਜ਼ਮਾਂ ਦੀ ਜਿਹੜੀ ਵੋਟ ਬੈਲੇਟ ਪੇਪਰਾਂ ਰਾਹੀਂ ਪਹੁੰਚੀ, ਉਹ ਵੀ ਮੌਜੂਦਾ ਸਰਕਾਰ ਦੇ ਹੱਕ ਵਿੱਚ ਨਹੀਂ ਭੁਗਤੀ।