For the best experience, open
https://m.punjabitribuneonline.com
on your mobile browser.
Advertisement

ਚੋਣ ਨਤੀਜੇ ਸਵੀਕਾਰ ਪਰ ਲੜਾਈ ਜਾਰੀ ਰਹੇਗੀ: ਹੈਰਿਸ

07:25 AM Nov 08, 2024 IST
ਚੋਣ ਨਤੀਜੇ ਸਵੀਕਾਰ ਪਰ ਲੜਾਈ ਜਾਰੀ ਰਹੇਗੀ  ਹੈਰਿਸ
Advertisement

ਵਾਸ਼ਿੰਗਟਨ, 7 ਨਵੰਬਰ
ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਹੱਥੋਂ ਮਿਲੀ ਹਾਰ ਮਗਰੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ(60) ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਅਤੇ ਰਿਪਬਲਿਕਨ ਆਗੂ (ਟਰੰਪ) ਨੂੰ ਸੱਤਾ ਤਬਦੀਲੀ ਦਾ ਅਮਲ ਸ਼ਾਂਤੀਪੂਰਨ ਢੰਗ ਨਾਲ ਸਿਰੇ ਚਾੜ੍ਹਨਾ ਯਕੀਨੀ ਬਣਾਉਣ। ਹਾਵਰਡ ਯੂਨੀਵਰਸਿਟੀ ਦੀ ਵਿਦਿਆਰਥੀ ਰਹੀ ਹੈਰਿਸ ਨੇ ’ਵਰਸਿਟੀ ਵਿਚ ਬੇਹੱਦ ਭਾਵੁਕ ਤਕਰੀਰ ਦੌਰਾਨ ਕਿਹਾ ਕਿ ‘ਅਮਰੀਕਾ ਦੇ ਵਾਅਦੇ ਦੀ ਲੋਅ ਹਮੇਸ਼ਾ ਜਗਦੀ ਰਹੇਗੀ। ਹੈਰਿਸ ਨੇ ਕਿਹਾ ਕਿ ਅਹਿਦ ਲਿਆ ਕਿ ਉਨ੍ਹਾਂ ਦੀ ਚੋਣ ਮੁਹਿੰਮ ਦਾ ਆਧਾਰ ਰਹੀ ਲੜਾਈ ਜਾਰੀ ਰਹੇਗੀ। ਲੰਘੇ ਦਿਨ ਐਲਾਨੇ ਨਤੀਜਿਆਂ ਵਿਚ ਟਰੰਪ ਨੇ 291 ਇਲੈਕਟੋਰਲ ਕਾਲਜ ਵੋਟਾਂ ਨਾਲ ਜ਼ੋਰਦਾਰ ਵਾਪਸੀ ਕੀਤੀ ਸੀ ਜਦੋਂਕਿ ਹੈਰਿਸ ਨੂੰ 223 ਇਲੈਕਟੋਰਲ ਵੋਟ ਮਿਲੇ ਸਨ।
ਹੈਰਿਸ ਨੇ ਆਪਣੇ ਸਮਰਥਕਾਂ ਵਿਚ ਮੁੜ ਜੋਸ਼ ਭਰਦਿਆਂ ਕਿਹਾ, ‘‘ਤੁਸੀਂ ਜਿਹੜਾ ਵਿਸ਼ਵਾਸ ਮੇਰੇ ਵਿਚ ਦਿਖਾਇਆ, ਆਪਣੇ ਦੇਸ਼ ਲਈ ਜੋ ਪਿਆਰ ਤੇ ਸੰਕਲਪ ਦਿਖਾਇਆ, ਉਸ ਨਾਲ ਮੇਰਾ ਦਿਲ ਦ੍ਰਿੜ੍ਹਤਾ ਨਾਲ ਭਰ ਗਿਆ।’’ ਉਪ ਰਾਸ਼ਟਰਪਤੀ ਨੇ ਕਿਹਾ, ‘‘ਸਾਨੂੰ ਇਸ ਚੋਣ ਨਤੀਜੇ ਦੀ ਦਰਕਾਰ ਨਹੀਂ ਸੀ। ਅਸੀਂ ਇਸ ਲਈ ਨਹੀਂ ਲੜੇ ਸੀ, ਅਸੀਂ ਇਸ ਲਈ ਵੋਟਾਂ ਨਹੀਂ ਪਾਈਆਂ ਸੀ। ਪਰ ਯਾਦ ਰੱਖਣਾ ਕਿ ਅਮਰੀਕਾ ਦੇ ਵਾਅਦੇ ਦੀ ਲੋਅ ਹਮੇਸ਼ਾ ਜਗਮਗਾਉਂਦੀ ਰਹੇਗੀ।’’ ਹੈਰਿਸ ਨੇ ਕਿਹਾ, ‘‘ਮੈਂ ਜਾਣਦੀ ਹਾਂ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਤੇ ਇਸ ਵੇਲੇ ਕਿਨ੍ਹਾਂ ਭਾਵਨਾਵਾਂ ’ਚੋਂ ਲੰਘ ਰਹੇ ਹੋ। ਪਰ ਸਾਨੂੰ ਇਨ੍ਹਾਂ ਚੋਣ ਨਤੀਜਿਆਂ ਨੂੰ ਸਵੀਕਾਰ ਕਰਨਾ ਹੋਵੇਗਾ।’’ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜਮਹੂਰੀਅਤ ਦਾ ਬੁਨਿਆਦੀ ਸਿਧਾਂਤ ਚੋਣ ਨਤੀਜਿਆਂ ਨੂੰ ਸਵੀਕਾਰ ਕਰਨਾ ਹੈ। ਹੈਰਿਸ ਨੇ ਕਿਹਾ ਕਿ ਉਨ੍ਹਾਂ ਮਨੋਨੀਤ ਰਾਸ਼ਟਰਪਤੀ ਟਰੰਪ ਨੂੰ ਫੋਨ ਕੀਤਾ ਤੇ ਜਿੱਤ ਲਈ ਵਧਾਈ ਦਿੱਤੀ।
ਹੈਰਿਸ ਨੇ ਕਿਹਾ, ‘‘ਮੈਂ ਚੋਣ ਨਤੀਜਿਆਂ ਨੂੰ ਸਵੀਕਾਰ ਕਰਦੀ ਹਾਂ, ਪਰ ਮੈਂ ਉਸ ਲੜਾਈ ਤੋਂ ਪਿੱਛੇ ਨਹੀਂ ਹਟਾਂਗੀ, ਜੋ ਇਸ ਅੰਦੋਲਨ ਦਾ ਅਧਾਰ ਸੀ।’’ ਹੈਰਿਸ ਨੇ ਆਪਣੇ ਹਮਾਇਤੀਆਂ ਨੂੰ ਕਿਹਾ ਕਿ ਉਹ ਦੇਸ਼ ਦੇ ਬੁਨਿਆਦੀ ਸਿਧਾਂਤਾਂ ਦੀ ਰਾਖੀ ਲਈ ਲੜਾਈ ਨੂੰ ਜਾਰੀ ਰੱਖਣ। ਉਨ੍ਹਾਂ ਕਿਹਾ, ‘‘ਕਈ ਵਾਰ ਲੜਾਈ ਨੂੰ ਸਮਾਂ ਲੱਗਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਨਹੀਂ ਜਿੱਤਾਂਗੇ; ਪਰ ਜ਼ਰੂਰੀ ਹੈ ਕਿ ਅਸੀਂ ਹੌਸਲਾ ਨਾ ਛੱਡੀਏ।’’ -ਪੀਟੀਆਈ

Advertisement

ਕਮਲਾ ਹੈਰਿਸ ਲੜਾਈ ਜਾਰੀ ਰੱਖੇਗੀ: ਬਾਇਡਨ

ਨਿਊ ਯਾਰਕ: ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ‘ਲੜਾਈ ਜਾਰੀ’ ਰੱਖੇਗੀ। ਬਾਇਡਨ ਨੇ ਕਿਹਾ ਕਿ ਹੈਰਿਸ ਭਾਵੇਂ ਚੋਣ ਹਾਰ ਗਈ, ਪਰ ਉਹ ‘ਪੀੜ੍ਹੀਆਂ ਦੀ ਆਗੂ’ ਰਹੇਗੀ। ਅਮਰੀਕੀ ਸਦਰ ਨੇ ਇਕ ਬਿਆਨ ਵਿਚ ਕਿਹਾ, ‘‘ਉਹ ਇਰਾਦੇ, ਪੂਰੀ ਦ੍ਰਿੜ੍ਹਤਾ ਤੇ ਪ੍ਰਸੰਨਤਾ ਨਾਲ ਲੜਾਈ ਨੂੰ ਜਾਰੀ ਰੱਖੇਗੀ। ਉਹ ਸਾਰੇ ਅਮਰੀਕੀਆਂ ਲਈ ਪਹਿਲਾਂ ਵਾਂਗ ਚੈਂਪੀਅਨ ਰਹੇਗੀ।’’ ਬਾਇਡਨ ਨੇ ਅਸਧਾਰਨ ਹਾਲਾਤ ਵਿਚ ਇਤਿਹਾਸਕ ਚੋਣ ਮੁਹਿੰਮ ਦੀ ਅਗਵਾਈ ਕਰਨ ਲਈ ਹੈਰਿਸ ਦੀ ਸ਼ਲਾਘਾ ਕੀਤੀ। ਬਾਇਡਨ ਨੇ ਕਿਹਾ, ‘‘ਹੈਰਿਸ ਇਕ ਦਮਦਾਰ ਸਹਿਯੋਗੀ ਹੈ, ਇਮਾਨਦਾਰ ਹੈ, ਹਿੰਮਤੀ ਹੈ ਤੇ ਗੁਣਵਾਨ ਲੋਕ ਸੇਵਕ ਰਹੀ ਹੈ।’’ -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement