For the best experience, open
https://m.punjabitribuneonline.com
on your mobile browser.
Advertisement

ਮਾਲਵਾ ਵਿੱਚ ਚੋਣ ਅਮਲ ਸ਼ਾਂਤਮਈ ਢੰਗ ਨਾਲ ਮੁਕੰਮਲ

09:09 AM Oct 16, 2024 IST
ਮਾਲਵਾ ਵਿੱਚ ਚੋਣ ਅਮਲ ਸ਼ਾਂਤਮਈ ਢੰਗ ਨਾਲ ਮੁਕੰਮਲ
ਬਰਨਾਲਾ ਵਿੱਚ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹੀਆਂ ਔਰਤਾ।
Advertisement

ਰਵਿੰਦਰ ਰਵੀ
ਬਰਨਾਲਾ, 15 ਅਕਤੂਬਰ
ਮਾਲਵਾ ਖੇਤਰ ਵਿੱਚ ਪੰਚਾਇਤ ਚੋਣਾਂ ਦਾ ਕੰਮ ਸ਼ਾਂਤਮਈ ਢੰਗ ਨਾਲ ਸਿਰੇ ਚੜ੍ਹ ਗਿਆ ਅਤੇ ਲੋਕਾਂ ਨੇ ਝੋਨੇ ਦਾ ਸੀਜ਼ਨ ਹੋਣ ਦੇ ਬਾਵਜੂਦ ਉਤਸ਼ਾਹ ਨਾਲ ਚੋਣਾਂ ’ਚ ਹਿੱਸਾ ਲਿਆ। ਹਾਲਾਂਕਿ ਕੁਝ ਥਾਵਾਂ ’ਤੇ ਥੋੜ੍ਹੀ ਬਹੁਤ ਹਿੰਸਕ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ, ਪਰ ਬਾਕੀ ਥਾਵਾਂ ’ਤੇ ਸ਼ਾਂਤਮਈ ਚੋਣਾਂ ਹੋਣ ’ਤੇ ਅਧਿਕਾਰੀਆਂ ਨੇ ਲੋਕਾਂ ਦਾ ਧੰਨਵਾਦ ਕੀਤਾ। ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ’ਚ ਕੁੱਲ 56.73 ਫੀਸਦੀ ਵੋਟਰਾਂ ਨੇ ਪੰਚਾਇਤੀ ਚੋਣਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਜ਼ਿਲ੍ਹਾ ਚੋਣਕਾਰ ਅਫ਼ਸਰ ਪੂਨਮਦੀਪ ਕੌਰ ਨੇ ਦੱਸਿਆ ਕਿ ਸਵੇਰ 8 ਵਜੇ ਵੋਟਾਂ ਦਾ ਅਮਲ ਸ਼ੁਰੂ ਹੋ ਗਿਆ ਸੀ। ਸਵੇਰ 10 ਵਜੇ ਤੱਕ ਜ਼ਿਲ੍ਹਾ ਬਰਨਾਲਾ 7.16 ਫੀਸਦੀ ਵੋਟਾਂ ਪਈਆਂ। ਇਸੇ ਤਰ੍ਹਾਂ ਦੁਪਹਿਰ 12 ਵਜੇ ਤੱਕ ਜ਼ਿਲ੍ਹਾ ਬਰਨਾਲਾ ਵਿੱਚ 19.90 ਫ਼ੀਸਦੀ ਵੋਟਾਂ ਪਈਆਂ। ਇਨ੍ਹਾਂ ਵਿਚੋਂ ਬਲਾਕ ਬਰਨਾਲਾ ਵਿੱਚ 10.50 ਫ਼ੀਸਦੀ, ਬਲਾਕ ਸਹਿਣਾ ਵਿੱਚ 27.01 ਫ਼ੀਸਦੀ ਤੇ ਬਲਾਕ ਮਹਿਲ ਕਲਾਂ ਵਿੱਚ 28.53 ਫ਼ੀਸਦੀ ਵੋਟਾਂ ਪਈਆਂ। ਦੁਪਹਿਰ 2 ਵਜੇ ਤੱਕ ਜ਼ਿਲ੍ਹਾ ਬਰਨਾਲਾ ਵਿੱਚ 41.06 ਫੀਸਦੀ ਵੋਟਾਂ ਪਈਆਂ। ਇਨ੍ਹਾਂ ਵਿਚੋਂ ਬਲਾਕ ਬਰਨਾਲਾ ਵਿੱਚ 37.71 ਫੀਸਦੀ, ਬਲਾਕ ਸ਼ਹਿਣਾ ਵਿੱਚ 42.29 ਫੀਸਦੀ ਅਤੇ ਬਲਾਕ ਮਹਿਲ ਕਲਾਂ ਵਿੱਚ 45.75 ਫੀਸਦੀ ਵੋਟਾਂ ਪਈਆਂ। ਇਸ ਮਗਰੋਂ 4 ਵਜੇ ਦੇ ਆਖਰੀ ਗੇੜ ਤੱਕ ਕੁੱਲ ਵੋਟਿੰਗ ਦਰ ਰਿਪੋਰਟ 56.73 ਫੀਸਦੀ ਰਹੀ। ਬਰਨਾਲਾ ਹਲਕੇ ਵਿੱਚ 52.29 ਫੀਸਦੀ, ਸ਼ਹਿਣਾ 57.97 ਫੀਸਦੀ ਤੇ ਮਹਿਲ ਕਲਾਂ 63.43 ਫੀਸਦੀ ਵੋਟਾਂ ਪਈਆਂ ਹਨ।

Advertisement

ਫ਼ਿਰੋਜ਼ਪੁਰ (ਸੰਜੀਵ ਹਾਂਡਾ):

Advertisement

ਫ਼ਿਰੋਜ਼ਪੁਰ ਜ਼ਿਲ੍ਹੇ ਦੇ 6 ਬਲਾਕਾਂ ਵਿਚ ਇੱਕਾ-ਦੁੱਕਾ ਵਾਪਰੀਆਂ ਘਟਨਾਵਾਂ ਨੂੰ ਛੱਡ ਕੇ ਸਾਰੇ ਬਲਾਕਾਂ ਦੀਆਂ ਕੁੱਲ 835 ਪੰਚਾਇਤਾਂ ਵਿਚੋਂ 441 ਪੰਚਾਇਤਾਂ ਦੀਆਂ ਚੋਣਾਂ ਅੱਜ ਸ਼ਾਂਤੀਪੂਰਵਕ ਨੇਪਰੇ ਚੜ੍ਹਨ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਚੋਣ ਅਮਲੇ ਦੇ ਕਰਮਚਾਰੀਆਂ ਨੇ ਸੁਖ਼ ਦਾ ਸਾਹ ਲਿਆ। ਸ਼ਾਮ ਪੰਜ ਵਜੇ ਤੱਕ ਜ਼ਿਲ੍ਹੇ ਅੰਦਰ ਕਰੀਬ 65 ਫ਼ੀਸਦ ਵੋਟਾਂ ਪੈ ਚੁੱਕੀਆਂ ਸਨ। ਇਥੇ 394 ਪੰਚਾਇਤਾਂ ਦੀ ਚੋਣ ਪਹਿਲਾਂ ਹੀ ਸਰਬਸੰਮਤੀ ਨਾਲ ਹੋ ਚੁੱਕੀ ਹੈ। ਵੋਟਾਂ ਦੀ ਪੋਲਿੰਗ ਲਈ ਜ਼ਿਲ੍ਹੇ ਅੰਦਰ 510 ਪੋਲਿੰਗ ਬੂਥ ਬਣਾਏ ਗਏ ਸਨ, ਜਿਥੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਜ਼ੀਰਾ ਦੇ ਪਿੰਡ ਲੋਹਕੇ ਕਲਾਂ ਦੇ ਬੂਥ ਨੰਬਰ 105 ’ਤੇ ਚੱਲ ਰਹੀ ਵੋਟਿੰਗ ਦੌਰਾਨ ਅੱਜ ਕੁਝ ਸ਼ਰਾਰਤੀ ਅਨਸਰਾਂ ਨੇ ਨੀਲੇ ਰੰਗ ਦੀ ਸਿਆਹੀ ਛਿੜਕ ਕੇ ਸਾਰੇ ਬੈਲੇਟ ਪੇਪਰ ਖ਼ਰਾਬ ਕਰ ਦਿੱਤੇ।
ਇਸ ਘਟਨਾ ਮਗਰੋਂ ਪਿੰਡ ਵਾਸੀਆਂ ਨੇ ਅੱਜ ਹੋਈਆਂ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਨੇ ਇਸ ਘਟਨਾ ਦੀ ਪੜਤਾਲ ਆਰੰਭ ਦਿੱਤੀ ਹੈ। ਜ਼ਿਲ੍ਹਾ ਚੋਣ ਅਬਜ਼ਰਵਰ ਡੀਪੀਐੱਸ ਖਰਬੰਦਾ ਨੇ ਅੱਜ ਜ਼ਿਲ੍ਹੇ ਦੇ ਕਈ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।

ਮੋਗਾ (ਮਹਿੰਦਰ ਸਿੰਘ ਰੱਤੀਆਂ):

ਸੂਬੇ ਵਿੱਚ ਪੰਚਾਇਤ ਚੋਣਾਂ ਉਸ ਸਮੇਂ ਹੋਈਆਂ ਜਦੋਂ ਝੋਨੇ ਦੀ ਕਟਾਈ ਜ਼ੋਰਾਂ ’ਤੇ ਚੱਲ ਰਹੀ ਸੀ। ਮੰਡੀਆਂ ਵਿਚ ਬੈਠੇ ਕਿਸਾਨਾਂ ਤੇ ਹੋਰ ਪੇਂਡੂ ਵੋਟਰਾਂ ਨੇ ਉਤਸ਼ਾਹ ਨਾਲ ਜਮਹੂਰੀ ਹੱਕ ਦੀ ਵਰਤੋਂ ਕੀਤੀ। ਡੀਸੀ ਤੇ ਐੱਸਐੱਸਪੀ ਪੂਰਾ ਦਿਨ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ’ਤੇ ਡਟੇ ਰਹੇ। ਇਸ ਦੌਰਾਨ ਉਨ੍ਹਾਂ ਸ਼ਾਂਤਮਈ ਚੋਣ ਅਮਲ ਨੇਪਰੇ ਚਾੜ੍ਹਨ ਤੋਂ ਵੋਟਰਾਂ ਤੇ ਚੋਣ ਅਮਲੇ ਦਾ ਧੰਨਵਾਦ ਕੀਤਾ।
ਜ਼ਿਲ੍ਹਾ ਚੋਣ ਅਧਿਕਾਰੀ ਵਿਸ਼ੇਸ਼ ਸਾਰੰਗਲ ਤੇ ਐੱਸਐੱਸਪੀ ਅਜੇ ਗਾਂਧੀ ਨੇ ਸੁਬੇ ਵਿਚ ਝੋਨੇ ਦੀ ਕਟਾਈ ਤੇ ਮੰਡੀਆਂ ਵਿਚ ਬੈਠੇ ਕਿਸਾਨਾਂ ਵੱਲੋਂ ਵੋਟ ਦੇ ਜਮਹੂਰੀ ਹੱਕ ਦੀ ਵਰਤੋਂ ਲਈ ਚੋਣਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਬਠਿੰਡਾ (ਸ਼ਗਨ ਕਟਾਰੀਆ):

ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਵੀਆਂ ’ਚ ਵੋਟਾਂ ਪਾਉਂਦੇ ਹੋਏ ਲੋਕ। -ਫੋਟੋ: ਪਵਨ ਸ਼ਰਮਾ

ਬਠਿੰਡਾ ਜ਼ਿਲ੍ਹੇ ’ਚ ਛਿਟ-ਪੁਟ ਘਟਨਾਵਾਂ ਨੂੰ ਛੱਡ ਕੇ ਪੋਲਿੰਗ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈ। ਜ਼ਿਲ੍ਹੇ ’ਚ ਦੁਪਹਿਰ 2 ਵਜੇ ਤੱਕ 56.25 ਫ਼ੀਸਦ ਪੋਲਿੰਗ ਹੋਈ। ਲੋਕਾਂ ਨੇ ਬਗ਼ੈਰ ਡਰ ਦੇ ਅਮਨ ਸ਼ਾਂਤੀ ਨਾਲ ਵੋਟਾਂ ਪਾਈਆਂ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੁਰ ਅਮਨ ਢੰਗ ਨਾਲ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋਇਆ। ਉਨ੍ਹਾਂ ਕਿਹਾ ਕਿ ਸਮੁੱਚੇ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਦੀ ਸਹੂਲਤ ਲਈ ਸਭ ਪ੍ਰਬੰਧ ਕੀਤੇ ਗਏ ਸਨ ਅਤੇ ਵੋਟਰਾਂ ਨੇ ਵੱਡੀ ਗਿਣਤੀ ’ਚ ਘਰਾਂ ’ਚੋਂ ਨਿੱਕਲ ਕੇ ਆਪਣੇ ਅਧਿਕਾਰ ਦਾ ਇਸਤੇਮਾਲ ਕੀਤਾ। ਰਾਤ ਨੂੰ 9 ਵਜੇ ਖ਼ਬਰ ਲਿਖ਼ੇ ਜਾਣ ਤੱਕ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਸੀ। ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਤੱਕ ਸਮੁੱਚੇ ਨਤੀਜੇ ਜਾਰੀ ਕਰ ਦਿੱਤੇ ਜਾਣਗੇ।

ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ):

ਪੰਚਾਇਤੀ ਚੋਣਾਂ ਅੱਜ ਫਰੀਦਕੋਟ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਨਾਲ ਸਮਾਪਤ ਹੋ ਗਈਆਂ। ਕਿਸੇ ਵੀ ਥਾਂ ਤੋਂ ਚੋਣਾਂ ਦੌਰਾਨ ਗੜਬੜੀ ਜਾਂ ਅਣਸਖਾਵੀਂ ਘਟਨਾ ਦੀ ਸੂਚਨਾ ਨਹੀਂ ਆਈ। ਚੋਣਾਂ ਤੋਂ ਪਹਿਲਾਂ ਕਥਿਤ ਤੌਰ ’ਤੇ ਕਾਂਗਰਸੀ ਆਗੂ ਗੁਰਸ਼ਵਿੰਦਰ ਸਿੰਘ ਨੇ ਵੋਟਰਾਂ ਨੂੰ ਗਲਤ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਜ਼ਿਲ੍ਹਾ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਇਲਾਵਾ ਦੋ ਵਿਅਕਤੀਆਂ ਨੂੰ ਹੋਰ ਹਿਰਾਸਤ ਵਿੱਚ ਲਿਆ ਗਿਆ ਹੈ। ਫਰੀਦਕੋਟ ਜ਼ਿਲ੍ਹੇ ਵਿੱਚ 243 ਪੰਚਾਇਤਾਂ ਦੀ ਚੋਣ ਹੋਣੀ ਹੈ। ਖਬਰ ਲਿਖੇ ਜਾਣ ਤੱਕ ਦੋ ਦਰਜਨ ਪਿੰਡਾਂ ਵਿੱਚ ਅਜੇ ਵੋਟਾਂ ਭੁਗਤ ਰਹੀਆਂ ਸਨ ਜਦੋਂ ਕਿ ਬਾਕੀ ਬੂਥਾਂ ’ਤੇ ਵੋਟਾਂ ਦੀ ਗਿਣਤੀ ਚੱਲ ਰਹੀ ਹੈ।

ਮਾਨਸਾ: ਔਰਤਾਂ ਨੇ ਉਤਸ਼ਾਹ ਨਾਲ ਚੋਣਾਂ ਵਿੱਚ ਹਿੱਸਾ ਲਿਆ

ਮਾਨਸਾ (ਜੋਗਿੰਦਰ ਸਿੰਘ ਮਾਨ):

ਪੰਜਾਬ ’ਚ ਗਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਪਈਆਂ ਵੋਟਾਂ ਵਿਚ ਔਰਤਾਂ ਵਲੋਂ ਵੱਡੇ ਰੂਪ ਵਿਚ ਕੀਤੀ ਗਈ ਸ਼ਮੂਲੀਅਤ ਨੂੰ ਲੋਕਤੰਤਰ ਪ੍ਰਣਾਲੀ ਵਿਚ ਅਹਿਮੀਅਤ ਨਾਲ ਵੇਖਿਆ ਜਾਣ ਲੱਗਾ ਹੈ। ਆਮ ਰਿਵਾਇਤ ਅਨੁਸਾਰ ਮਾਨਸਾ ਜ਼ਿਲ੍ਹੇ ਵਿਚ ਬੇਸ਼ੱਕ ਔਰਤਾਂ ਦੇ ਮੁਕਾਬਲੇ ਮਰਦ ਵੋਟਰਾਂ ਦੀ ਗਿਣਤੀ ਵੱਧ ਹੈ, ਪਰ ਜਿਸ ਰੂਪ ਵਿਚ ਦਿਹਾਤੀ ਖੇਤਰ ਦੀਆਂ ਮਹਿਲਾਵਾਂ ਨੇ ਅੱਜ ਪੁਰਸ਼ਾਂ ਦੀ ਬਰਾਬਰੀ ਕੀਤੀ ਹੈ, ਇਸ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਮਾਨਸਾ ਜ਼ਿਲ੍ਹੇ ਵਿਚ ਹਰ ਵਾਰ ਦੀ ਤਰ੍ਹਾਂ ਔਰਤਾਂ ਵੱਲੋਂ ਵੱਡੇ ਪੱਧਰ ’ਤੇ ਆਪਣੀ ਵੋਟ ਦੀ ਵਰਤੋਂ ਕੀਤੀ ਹੈ। ਵੋਟ ਦੀ ਵਰਤੋਂ ਕਰਨ ਵਾਲੀਆਂ ਔਰਤਾਂ ’ਚ ਨਵੀਂ ਉਮਰ ਦੀਆਂ ਕੁੜੀਆਂ ਦੀ ਗਿਣਤੀ ਵੱਧ ਦੱਸੀ ਜਾਂਦੀ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਔਰਤਾਂ ਵੱਲੋਂ ਵੋਟਿੰਗ ਪ੍ਰਣਾਲੀ ਵਿਚ ਭਾਗ ਲੈਣ ਨੂੰ ਉਸ ਖੇਤਰ ਦੇ ਤਰੱਕੀ ਵਾਲੇ ਪਾਸੇ ਨਾਲ ਜੋੜਕੇ ਦੇਖਿਆ ਜਾਂਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ 83.2 ਫ਼ੀਸਦੀ ਵੋਟਰਾਂ ਨੇ ਅੱਜ ਸਰਪੰਚ - ਪੰਚ ਦੀ ਚੋਣ ਵਿੱਚ ਭਾਗ ਲੈਕੇ ਇੱਕ ਰਿਕਾਰਡ ਕਾਇਮ ਕੀਤਾ ਹੈ।

‘ਆਪ’ ਦੇ ਸ਼ਹਿਰੀ ਪ੍ਰਧਾਨ ਦੀ ਪਤਨੀ ਜਿੱਤੀ

ਬਠਿੰਡਾ (ਮਨੋਜ ਸ਼ਰਮਾ):

ਬਠਿੰਡਾ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੁਰਿੰਦਰ ਬਿੱਟੂ ਦੀ ਧਰਮ ਪਤਨੀ ਗੁਰਜੀਤ ਕੌਰ ਮਹਿਮਾ ਸਰਜਾ ਪਿੰਡ ਤੋਂ ਵੱਡੇ ਫਰਕ ਨਾਲ ਜੇਤੂ ਰਹੀ। ਦੇਰ ਰਾਤ ਨਤੀਜੇ ਆਉਣ ਤੱਕ ਪੁਲੀਸ ਨੇ ਪਿੰਡ ਦੇ ਮਾਹੌਲ ’ਤੇ ਬਾਜ਼ ਅੱਖ ਬਣਾਈ ਰੱਖੀ ਤਾਂ ਜੋ ਕੋਈ ਅਣਸਖਾਵੀਂ ਘਟਨਾ ਨੇ ਵਾਪਰ ਸਕੇ।

ਬੈਲੇਟ ਪੇਪਰ ਲੈ ਕੇ ਦੌੜਿਆ ਉਮੀਦਵਾਰ

ਲੰਬੀ (ਪੱਤਰ ਪ੍ਰੇਰਕ):

ਚੋਣਾਂ ਦੀ ਹਾਰੀ ਬਾਜ਼ੀ ਨੂੰ ਜਿੱਤਣ ਲਈ ਢਾਣੀ ਤੇਲਿਆਂਵਾਲੀ ਵਿੱਚ ਪੰਚ ਉਮੀਦਵਾਰ ਬੈਲੇਟ ਪੇਪਰ ਲੈ ਕੇ ਦੌੜ ਗਿਆ। ਇਸ ਫੁਰਤੀਲੀ ‘ਦੌੜਾਕ’ ਕਾਰਵਾਈ ਨੂੰ ਇੱਥੋਂ ਦੇ ਵਾਰਡ 3 ਤੋਂ ਉਮੀਦਵਾਰ ਨਿਸ਼ਾਨ ਸਿੰਘ ਨੇ ਅੰਜਾਮ ਦਿੱਤਾ। ਦਰਅਸਲ ਵੋਟਾਂ ਦੀ ਗਿਣਤੀ ਮੌਕੇ ਨਿਸ਼ਾਨ ਸਿੰਘ ਉਸ ਦੇ ਵਿਰੋਧੀ ਪੰਚ ਉਮੀਦਵਾਰ ਰਛਪਾਲ ਸਿੰਘ ਤੋਂ ਮਹਿਜ਼ ਅੱਠ ਵੋਟਾਂ ਦੇ ਫ਼ਰਕ ਪੰਚ ਦੀ ਚੋਣ ਹਾਰ ਗਿਆ। ਵੋਟਾਂ ਦੀ ਹਾਰ ਨੂੰ ਦੌੜਾਕ ਵਜੋਂ ਜਿੱਤ ਵਿੱਚ ਬਦਲਣ ਖਾਤਰ ਨਿਸ਼ਾਨ ਸਿੰਘ ਨੇ ਸਿੱਝਵਾਂ ਨਿਸ਼ਾਨਾ ਲਗਾਉਂਦੇ ਜੇਤੂ ਰਛਪਾਲ ਸਿੰਘ ਨੂੰ ਪਏ 55 ਬੈਲੇਟ ਪੇਪਰ ਚੁੱਕੇ ਅਤੇ ਬਾਥਰੂਮ ਦੇ ਬਹਾਨੇ ਕਾਹਲੀ ਨਾਲ ਦੌੜ ਗਿਆ। ਸੂਚਨਾ ਮਿਲਣ ’ਤੇ ਲੰਬੀ ਬਲਾਕ ਪੰਚਾਇਤ ਚੋਣਾਂ ਦੇ ਕੰਟਰੋਲਿੰਗ ਅਧਿਕਾਰੀ (ਪੀਸੀਐਸ) ਪੁਨੀਤ ਸ਼ਰਮਾ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਕੰਟਰੋਲਿੰਗ ਚੋਣ ਅਧਿਕਾਰੀ ਨੇ ਕਿਹਾ ਕਿ ਪੁਲੀਸ ਨੂੰ ਪੰਚ ਉਮੀਦਵਾਰ ਨਿਸ਼ਾਨ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰਨ ਲਈ ਆਖਿਆ ਗਿਆ ਹੈ।

Advertisement
Author Image

joginder kumar

View all posts

Advertisement