ਚੋਣ ਅਮਲ ਦਾ ਪਾਰਦਰਸ਼ੀ ਢੰਗ ਨਾਲ ਪਾਲਣ ਕੀਤਾ: ਚੋਣ ਕਮਿਸ਼ਨ
ਨਵੀਂ ਦਿੱਲੀ, 30 ਨਵੰਬਰ
ਚੋਣ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਪੂਰੀ ਪ੍ਰਕਿਰਿਆ ’ਚ ਪਾਰਦਰਸ਼ਿਤਾ ਸੀ ਅਤੇ ਉਸ ਨੇ ਕਾਂਗਰਸ ਦੀਆਂ ਸਾਰੀਆਂ ਜਾਇਜ਼ ਸ਼ਿਕਾਇਤਾਂ ਦੀ ਨਜ਼ਰਸਾਨੀ ਕਰਨ ਦਾ ਭਰੋਸਾ ਦਿੱਤਾ ਹੈ। ਕਮਿਸ਼ਨ ਨੇ ਕਾਂਗਰਸ ਨੂੰ ਦਿੱਤੇ ਗਏ ਆਪਣੇ ਅੰਤਰਿਮ ਜਵਾਬ ’ਚ ਪਾਰਟੀ ਦੇ ਵਫ਼ਦ ਨੂੰ 3 ਦਸੰਬਰ ਨੂੰ ਉਸ ਦੀਆਂ ਸਾਰੀਆਂ ਸ਼ਿਕਾਇਤਾਂ ’ਤੇ ਚਰਚਾ ਕਰਨ ਦਾ ਸੱਦਾ ਵੀ ਦਿੱਤਾ ਹੈ। ਕਾਂਗਰਸ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਵੋਟਿੰਗ ਅਤੇ ਗਿਣਤੀ ਨਾਲ ਸਬੰਧਤ ਅੰਕੜਿਆਂ ’ਚ ਗੰਭੀਰ ਖਾਮੀਆਂ ਦਾ ਮੁੱਦਾ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਕੋਲ ਚੁੱਕਿਆ ਸੀ। ਇਸ ਦੌਰਾਨ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਚੋਣ ਅਮਲ ਬਾਰੇ ਲੋਕਾਂ ਦੇ ਖ਼ਦਸ਼ੇ ਦੂਰ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਚੋਣਾਂ ਦਾ ਫ਼ਤਵਾ ‘ਲੋਕਤੰਤਰ ਦੀ ਹੱਤਿਆ’ ਹੈ। ਉਨ੍ਹਾਂ ਸਮਾਜਕ ਕਾਰਕੁੰਨ ਬਾਬਾ ਆਧਵ ਵੱਲੋਂ ਈਵੀਐੱਮਜ਼ ਦੀ ਕਥਿਤ ਦੁਰਵਰਤੋਂ ਖ਼ਿਲਾਫ਼ ਪੁਣੇ ’ਚ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਹਮਾਇਤ ਦਿੱਤੀ।
ਮਹਾਰਾਸ਼ਟਰ ਚੋਣਾਂ ’ਚ ਸੱਤਾ ਅਤੇ ਪੈਸਿਆਂ ਦੀ ਦੁਰਵਰਤੋਂ ਹੋਈ: ਸ਼ਰਦ ਪਵਾਰ
ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਪੂਰੀ ਚੋਣ ਪ੍ਰਕਿਰਿਆ ’ਤੇ ਕੰਟਰੋਲ ਕਰਨ ਲਈ ਸੱਤਾ ਅਤੇ ਪੈਸਿਆਂ ਦੀ ਦੁਰਵਰਤੋਂ ਕੀਤੀ ਗਈ ਸੀ। ਉਨ੍ਹਾਂ ਈਵੀਐੱਮਜ਼ ਖ਼ਿਲਾਫ਼ ਧਰਨਾ ਦੇ ਰਹੇ ਸਮਾਜਕ ਕਾਰਕੁੰਨ ਡਾਕਟਰ ਬਾਬਾ ਆਧਵ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਕੁਝ ਆਗੂਆਂ ਦੇ ਈਵੀਐੱਮਜ਼ ’ਚ ਖਾਮੀਆਂ ਦੇ ਦਾਅਵਿਆਂ ’ਚ ਸੱਚਾਈ ਨਜ਼ਰ ਆਉਂਦੀ ਹੈ। -ਪੀਟੀਆਈ
ਮਹਾਰਾਸ਼ਟਰ ’ਚ ਨਵੀਂ ਸਰਕਾਰ ਦਾ ਗਠਨ 5 ਨੂੰ
ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਅੱਜ ਦਾਅਵਾ ਕੀਤਾ ਹੈ ਕਿ ਸੂਬੇ ’ਚ ਨਵੀਂ ਮਹਾਯੁਤੀ ਸਰਕਾਰ 5 ਦਸੰਬਰ ਨੂੰ ਹਲਫ਼ ਲਵੇਗੀ। ਉਨ੍ਹਾਂ ਕਿਹਾ ਕਿ ਮੁੰਬਈ ਦੇ ਆਜ਼ਾਦ ਮੈਦਾਨ ’ਚ ਹੋਣ ਵਾਲੇ ਹਲਫ਼ਦਾਰੀ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਰਹਿਣਗੇ। ਬਾਵਨਕੁਲੇ ਨੇ ‘ਐਕਸ’ ’ਤੇ ਪੋਸਟ ਪਾ ਕੇ ਦਾਅਵਾ ਕੀਤਾ ਕਿ ਹਲਫ਼ਦਾਰੀ ਸਮਾਗਮ 5 ਦਸੰਬਰ ਨੂੰ ਸ਼ਾਮ 5 ਵਜੇ ਹੋਵੇਗਾ। ਇਸ ਤੋਂ ਪਹਿਲਾਂ ਭਾਜਪਾ ਦੇ ਇਕ ਹੋਰ ਆਗੂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਦਾਅਵਾ ਕੀਤਾ ਸੀ ਕਿ ਮਹਾਰਾਸ਼ਟਰ ਵਿੱਚ ਮਹਾਯੁਤੀ ਗੱਠਜੋੜ ਦੀ ਨਵੀਂ ਸਰਕਾਰ 5 ਦਸੰਬਰ ਨੂੰ ਬਣੇਗੀ, ਜਿਸ ਦਾ ਮੁੱਖ ਮੰਤਰੀ ਬਣਨ ਦੀ ਦੌੜ ਵਿਚ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਭ ਤੋਂ ਅੱਗੇ ਚੱਲ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵਿਧਾਇਕ ਦਲ ਦੇ ਆਗੂ ਦੀ ਚੋਣ ਲਈ 2 ਦਸੰਬਰ ਨੂੰ ਮੀਟਿੰਗ ਕੀਤੀ ਜਾਵੇਗੀ। ਚੋਣ ਨਤੀਜਿਆਂ ਦੇ 23 ਨਵੰਬਰ ਨੂੰ ਹੋਏ ਐਲਾਨ ਨੂੰ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਸਰਕਾਰ ਦਾ ਗਠਨ ਨਹੀਂ ਹੋ ਸਕਿਆ ਹੈ ਕਿਉਂਕਿ ਤਿੰਨ ਧਿਰੀ ਗੱਠਜੋੜ ’ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ। ਏਕਨਾਥ ਸ਼ਿੰਦੇ, ਫੜਨਵੀਸ ਅਤੇ ਅਜੀਤ ਪਵਾਰ ਨੇ ਨਵੀਂ ਸਰਕਾਰ ਦੇ ਗਠਨ ਲਈ ਵੀਰਵਾਰ ਦੇਰ ਰਾਤ ਭਾਜਪਾ ਪ੍ਰਧਾਨ ਜੇਪੀ ਨੱਢਾ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਮਗਰੋਂ ਸ਼ੁੱਕਰਵਾਰ ਨੂੰ ਹੋਣ ਵਾਲੀ ਮਹਾਯੁਤੀ ਦੀ ਇੱਕ ਅਹਿਮ ਮੀਟਿੰਗ ਟਾਲ ਦਿੱਤੀ ਗਈ ਸੀ ਕਿਉਂਕਿ ਕਾਰਜਕਾਰੀ ਮੁੱਖ ਮੰਤਰੀ ਸ਼ਿੰਦੇ ਸਾਤਾਰਾ ਜ਼ਿਲ੍ਹੇ ਵਿਚਲੇ ਆਪਣੇ ਜੱਦੀ ਪਿੰਡ ਚਲੇ ਗਏ ਅਤੇ ਹੁਣ ਇਹ ਮੀਟਿੰਗ ਐਤਵਾਰ ਨੂੰ ਹੋਣ ਦੀ ਸੰਭਾਵਨਾ ਹੈ। ਉਧਰ ਸ਼ਿੰਦੇ ਬਿਮਾਰ ਪੈ ਗਏ ਹਨ ਅਤੇ ਉਨ੍ਹਾਂ ਨੂੰ 105 ਡਿਗਰੀ ਬੁਖਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸ਼ਿਵ ਸੈਨਾ ਆਗੂ ਸ਼ੰਭੂਰਾਜ ਦੇਸਾਈ ਨੇ ਕਿਹਾ ਕਿ ਦੌਰਿਆਂ ਕਾਰਨ ਸ਼ਿੰਦੇ ਬਿਮਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਖੰਘ ਤੇ ਜ਼ੁਕਾਮ ਵੀ ਹੈ ਜਿਸ ਕਾਰਨ ਡਾਕਟਰ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਐੱਨਸੀਪੀ ਮੁਖੀ ਅਜੀਤ ਪਵਾਰ ਨੇ ਪੁਣੇ ’ਚ ਕਿਹਾ ਸੀ ਕਿ ਮੁੱਖ ਮੰਤਰੀ ਭਾਜਪਾ ਤੋਂ ਹੋਵੇਗਾ ਜਦਕਿ ਦੋਵੇਂ ਭਾਈਵਾਲ ਪਾਰਟੀਆਂ ਦੇ ਉਪ ਮੁੱਖ ਮੰਤਰੀ ਹੋਣਗੇ। -ਪੀਟੀਆਈ
ਮਹਾਯੁਤੀ ’ਚ ਮਤਭੇਦਾਂ ਕਾਰਨ ਸਰਕਾਰ ਬਣਾਉਣ ’ਚ ਹੋ ਰਹੀ ਹੈ ਦੇਰੀ: ਰਾਊਤ
ਮੁੰਬਈ:
ਸ਼ਿਵ ਸੈਨਾ (ਯੂਬੀਟੀ) ਆਗੂ ਸੰਜੇ ਰਾਊਤ ਨੇ ਸ਼ਨਿਚਰਵਾਰ ਨੂੰ ਦਾਅਵਾ ਕੀਤਾ ਕਿ ਮਹਾਯੁਤੀ ਗੱਠਜੋੜ ’ਚ ਮਤਭੇਦ ਪੈਦਾ ਹੋਣ ਕਾਰਨ ਸਰਕਾਰ ਬਣਾਉਣ ’ਚ ਦੇਰੀ ਹੋ ਰਹੀ ਹੈ ਅਤੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਰਾਜ਼ ਹੋ ਕੇ ਆਪਣੇ ਪਿੰਡ ਚਲੇ ਗਏ ਹਨ। ਰਾਊਤ ਨੇ ਕਿਹਾ ਕਿ ਨਤੀਜੇ ਆਉਣ ਦੇ ਬਾਵਜੂਦ ਮਹਾਰਾਸ਼ਟਰ ’ਚ ਅੱਠ ਦਿਨਾਂ ਤੋਂ ਮੁੱਖ ਮੰਤਰੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਵੋਟਿੰਗ ਵਾਲੇ ਦਿਨ ਆਖਰੀ ਘੰਟਿਆਂ ’ਚ ਪਏ ਵੋਟਾਂ ਨੇ ਮਹਾਰਾਸ਼ਟਰ ’ਚ ਮਹਾਯੁਤੀ ਅਤੇ ਹਰਿਆਣਾ ’ਚ ਭਾਜਪਾ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ। -ਪੀਟੀਆਈ