ਪੰਚਕੂਲਾ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਮੁਲਤਵੀ
ਪੀ.ਪੀ. ਵਰਮਾ
ਪੰਚਕੂਲਾ, 4 ਨਵੰਬਰ
ਇੱਥੇ ਅੱਜ ਪੰਚਕੂਲਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਮੁਲਤਵੀ ਹੋ ਗਈ। ਇਸ ਚੋਣ ਲਈ ਭਾਜਪਾ ਤੇ ਕਾਂਗਰਸ ਦੇ ਕੌਂਸਲਰ ਪੂਰੀ ਤਿਆਰੀ ਨਾਲ ਪਹੁੰਚੇ ਸਨ ਪਰ ਚੋਣ ਵਾਲੀ ਥਾਂ ’ਤੇ ਮੇਅਰ ਕੁਲਭੂਸ਼ਣ ਗੋਇਲ ਨੇ ਦੱਸਿਆ ਕਿ ਰਿਟਰਨਿੰਗ ਅਧਿਕਾਰੀ ਬਿਮਾਰ ਹੋ ਗਏ ਹਨ ਅਤੇ ਹਸਪਤਾਲ ਵਿੱਚ ਦਾਖਲ ਹਨ, ਜਿਸ ਕਾਰਨ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਇਹ ਚੋਣ ਮੁੜ ਕਦੋਂ ਹੋਣੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਮੇਅਰ ਕੁਲਭੂਸ਼ਣ ਗੋਇਲ ਨੇ ਦਾਅਵਾ ਕੀਤਾ ਕਿ 12 ਕੌਂਸਲਰ ਅਤੇ ਦੋ ਨਾਮਜ਼ਦ ਕੌਂਸਲਰ ਉਨ੍ਹਾਂ ਦੇ ਨਾਲ ਹਨ। ਦੂਜੇ ਪਾਸੇ ਪੰਚਕੂਲਾ ਦੇ ਕਾਂਗਰਸੀ ਵਿਧਾਇਕ ਚੰਦਰਮੋਹਨ ਕਾਂਗਰਸੀ ਕੌਂਸਲਰਾਂ ਨੂੰ ਚੋਣ ਵਾਲੀ ਜਗ੍ਹਾ ਲੈ ਕੇ ਪੁੱਜੇ। ਉਨ੍ਹਾਂ ਅੱਧਾ ਘੰਟਾ ਚੋਣ ਹੋਣ ਦਾ ਇੰਤਜ਼ਾਰ ਕੀਤਾ। ਚੋਣ ਮੁਲਤਵੀ ਹੋਣ ਦਾ ਐਲਾਨ ਹੋਣ ਤੋਂ ਬਾਅਦ ਵਿਧਾਇਕ ਚੰਦਰਮੋਹਨ ਨੇ ਕਾਂਗਰਸੀ ਕੌਂਸਲਰਾਂ ਨਾਲ ਮਿਲ ਕੇ ਮੇਅਰ ਕੁਲਭੂਸ਼ਣ ਗੋਇਲ ਨੂੰ ਇਕ ਪੱਤਰ ਸੌਂਪਦਿਆਂ ਚੋਣ ਮੁਲਤਵੀ ਹੋਣ ’ਤੇ ਆਪਣਾ ਵਿਰੋਧ ਦਰਜ ਕਰਵਾਇਆ। ਉਨ੍ਹਾਂ ਮੰਗ ਕੀਤੀ ਕਿ ਚੋਣ ਦੀ ਅਗਲੀ ਤਰੀਕ ਦਾ ਐਲਾਨ ਨਾਲੋ-ਨਾਲ ਕੀਤਾ ਜਾਵੇ। ਉਨ੍ਹਾਂ ਅੱਜ ਦੀ ਚੋਣ ਮੁਲਤਵੀ ਕੀਤੇ ਜਾਣ ’ਤੇ ਕਈ ਸਵਾਲ ਖੜ੍ਹੇ ਕੀਤੇ।
ਵਿਧਾਇਕ ਚੰਦਰਮੋਹਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਧਾ ਘੰਟਾ ਪਹਿਲਾਂ ਤੱਕ ਰਿਟਰਨਿੰਗ ਅਧਿਕਾਰੀ ਇੱਥੇ ਹੀ ਸਨ ਅਤੇ ਉਨ੍ਹਾਂ ਨੂੰ ਜਬਰੀ ਛੁੱਟੀ ਭੇਜ ਦਿੱਤਾ ਗਿਆ ਹੈ ਜਾਂ ਫਿਰ ਉਹ ਖੁਦ ਹਸਪਤਾਲ ਵਿੱਚ ਦਾਖਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਕਰਾਸ ਵੋਟਿੰਗ ਦਾ ਡਰ ਸੀ, ਜਿਸ ਕਰ ਕੇ ਉਨ੍ਹਾਂ ਨੇ ਚੋਣ ਮੁਲਤਵੀ ਕਰਨ ਦੀ ਯੋਜਨਾ ਬਣਾਈ। ਕਾਂਗਰਸੀ ਵਿਧਾਇਕ ਨੇ ਦੱਸਿਆ ਕਿ ਭਾਜਪਾ ਨੇ ਹਾਰ ਦੇ ਡਰ ਤੋਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਮੁਲਤਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੰਮ ਕਰ ਕੇ ਭਾਜਪਾ ਲੋਕਤੰਤਰ ਦਾ ਘਾਣ ਕਰ ਰਹੀ ਹੈ ਅਤੇ ਭਾਜਪਾ ਦੇ ਮੇਅਰ ਕੁਲਭੂਸ਼ਣ ਗੋਇਲ ਸਵਿਧਾਨ ਦੇ ਨਿਯਮਾਂ ਮੁਤਾਬਕ ਨਹੀਂ ਚੱਲ ਰਹੇ ਹਨ। ਇਸ ਮੌਕੇ ਕਾਂਗਰਸੀ ਕੌਂਸਲਰ ਸਲੀਮ ਡਬਕੋਰੀ ਨੇ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਭਾਜਪਾ ਵੱਲੋਂ ਚੋਣ ਮੁਲਤਵੀ ਕਰਨ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਅਰ ਵੱਲੋਂ ਇਹ ਵੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਮੁਲਤਵੀ ਕੀਤੀ ਗਈ ਇਹ ਚੋਣ ਮੁੜ ਕਦੋਂ ਹੋਣੀ ਹੈ।