ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੰਗਾਮੇ ਕਾਰਨ ਪਿੰਡ ਸਲਾਣਾ ਦੇ ਅਧਿਕਾਰਤ ਪੰਚ ਦੀ ਚੋਣ ਮੁਲਤਵੀ

11:14 AM Nov 22, 2023 IST
ਥਾਣਾ ਅਮਲੋਹ ਅੱਗੇ ਧਰਨਾ ਦਿੰਦੇ ਹੋਏ ਪੰਚ, ਸਰਪੰਚ, ਸਮਿਤੀ ਮੈਂਬਰ ਅਤੇ ਵਰਕਰ।

ਰਾਮ ਸਰਨ ਸੂਦ
ਅਮਲੋਹ, 21 ਨਵੰਬਰ
ਬਲਾਕ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦੇ ਅਧਿਕਾਰਤ ਪੰਚ ਦੀ ਚੋਣ ਨੂੰ ਲੈ ਕੇ ਅੱਜ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੇ ਗੇਟ ਉਪਰ ਹੋਏ ਕਥਿਤ ਝਗੜੇ ਕਾਰਨ ਜਿਥੇ ਬਲਾਕ ਅਫ਼ਸਰ ਨੇ ਇਹ ਚੋਣ ਮੁਲਤਵੀ ਕਰ ਦਿੱਤੀ, ਉਥੇ ਕਾਂਗਰਸ ਪੱਖੀ ਕਈ ਪੰਚਾਂ ਦੀ ਹੋਈ ਕੁੱਟਮਾਰ ਕਾਰਨ ਪੰਚ ਨਿਰਮਲ ਸਿੰਘ ਨੂੰ ਸਿਵਲ ਹਸਪਤਾਲ ਅਮਲੋਹ ਵਿੱਚ ਦਾਖਲ ਕਰਵਾਇਆ ਗਿਆ। ਗੁੱਸੇ ਵਿਚ ਆਏ ਕਾਂਗਰਸ ਵਰਕਰਾਂ, ਪੰਚਾਂ, ਸਰਪੰਚਾਂ ਅਤੇ ਸਮਿਤੀ ਮੈਬਰਾਂ ਨੇ ਥਾਣਾ ਅਮਲੋਹ ਅਤੇ ਐੱਸ.ਡੀ.ਐੱਮ. ਦਫ਼ਤਰ ਅੱਗੇ ਧਰਨਾ ਦੇ ਕੇ ਸਰਕਾਰ ਅਤੇ ਬਲਾਕ ਅਧਿਕਾਰੀ ਖਿਲਾਫ਼ ਨਾਅਰੇਬਾਜ਼ੀ ਕੀਤੀ।
ਵਰਨਣਯੋਗ ਹੈ ਕਿ ਪਿੰਡ ਸਲਾਣਾ ਦੇ ਬਲਾਕ ਕਾਂਗਰਸ ਦਾ ਪ੍ਰਧਾਨ ਜਗਵੀਰ ਸਿੰਘ ਸਰਪੰਚ ਸੀ ਜਿਸ ਨੂੰ ਅਹੁਦੇ ਤੋਂ ਮੁੱਅਤਲ ਕਰ ਦਿੱਤਾ ਗਿਆ ਸੀ। ਇਸ ਕਾਰਨ ਪੰਚ ਹਰਪ੍ਰੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿਟ ਪਟੀਸ਼ਨ ਦਾਇਰ ਕੀਤੀ ਸੀ ਅਤੇ ਅਦਾਲਤ ਨੇ 17 ਨਵੰਬਰ ਨੂੰ ਵਿਭਾਗ ਨੂੰ ਚੋਣ ਕਰਵਾਉਣ ਦੀ ਹਦਾਇਤ ਕੀਤੀ ਸੀ। ਬਲਾਕ ਅਧਿਕਾਰੀ ਨੇ 20 ਨਵੰਬਰ ਨੂੰ ਪੱਤਰ ਜਾਰੀ ਕਰਕੇ ਇਹ ਚੋਣ 21 ਨਵੰਬਰ ਨੂੰ ਆਪਣੇ ਦਫ਼ਤਰ ਵਿਚ ਸਵੇਰੇ 10 ਵਜੇ ਰੱਖੀ ਸੀ। ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸਮਿਤੀ ਦੇ ਉਪ ਚੇਅਰਮੈਨ ਬਲਵਿੰਦਰ ਸਿੰਘ ਗੁਰਧਨਪੁਰ, ਮੈਂਬਰ ਬਿਕਰ ਸਿੰਘ ਦੀਵਾ, ਚੰਦ ਸਿੰਘ ਸਮਸ਼ਪੁਰ, ਜੀਤ ਸਿੰਘ ਮਛਰਾਏ ਅਤੇ ਬਲਵੀਰ ਸਿੰਘ ਮਿੰਟੂ, ਖਨਿਆਣ ਦੇ ਸਰਪੰਚ ਜਸਵੰਤ ਸਿੰਘ ਅਤੇ ਦਫ਼ਤਰ ਸਕੱਤਰ ਮਨਪ੍ਰੀਤ ਸਿੰਘ ਮਿੰਟਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਇਹ ਸਾਰਾ ਕੁਝ ਰਾਜਸੀ ਸ਼ਹਿ ’ਤੇ ਹੋ ਰਿਹਾ ਹੈ।
ਪੰਚ ਹਰਪ੍ਰੀਤ ਸਿੰਘ ਨੇ ਵਿਰੋਧੀਆਂ ’ਤੇ ਜਾਤੀ ਸੂਚਕ ਸ਼ਬਦ ਵਰਤਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਮਹਿਲਾ ਪੰਚਾਂ ਦੀ ਖਿੱਚ-ਧੂਹ ਦੇ ਦੋਸ਼ ਵੀ ਲਗਾਏ। ਹਸਪਤਾਲ ਵਿਚ ਦਾਖਲ ਪੰਚ ਨਿਰਮਲ ਸਿੰਘ ਨੇ ਸੱਟਾਂ ਦੇ ਨਿਸ਼ਾਨ ਵਿਖਾਏ। ਉਨ੍ਹਾਂ ਦੋਸ਼ ਲਾਇਆ ਕਿ ਸਮਿਤੀ ਦਫ਼ਤਰ ਅੱਗੇ ਦੂਸਰੀ ਧਿਰ ਨੇ ਵਾਹਨਾਂ ਵਿਚ ਸੋਟੀਆਂ ਤੇ ਕ੍ਰਿਪਾਨਾਂ ਆਦਿ ਰੱਖੀਆਂ ਹੋਈਆਂ ਸਨ ਅਤੇ ਪਹਿਲਾਂ ਹੀ ਬਣਾਈ ਸਕੀਮ ਤਹਿਤ ਉਨ੍ਹਾਂ ਉਪਰ ਹਮਲਾ ਕਰਕੇ ਉਨ੍ਹਾਂ ਨੂੰ ਦਫ਼ਤਰ ਜਾਣ ਤੋਂ ਰੋਕਿਆ ਗਿਆ। ਬਾਅਦ ਵਿੱਚ ਧਰਨਾਕਾਰੀਆਂ ਨੇ ਐੱਸ.ਡੀ.ਐੱਮ. ਗੁਰਵਿੰਦਰ ਸਿੰਘ ਜੌਹਲ ਨੂੰ ਮੰਗ ਪੱਤਰ ਦਿੱਤਾ।

Advertisement

ਬਲਾਕ ਅਧਿਕਾਰੀ ਨੇ ਚੋਣ ਮੁਲਤਵੀ ਕਰਨ ਬਾਰੇ ਤਰਕ ਦਿੱਤਾ

ਬਲਾਕ ਅਧਿਕਾਰੀ ਮੋਹਿਤ ਕਲਿਆਣ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਸਲਾਣਾ ਦੇ 9 ਪੰਚ ਹਨ। ਉਨ੍ਹਾਂ ਕਿਹਾ ਕਿ ਅਧਿਕਾਰਤ ਪੰਚ ਦੀ ਚੋਣ ਰੱਖੀ ਗਈ ਸੀ ਪਰ ਕੋਈ ਵੀ ਪੰਚ ਹਾਜ਼ਰ ਨਾ ਹੋਣ ਕਾਰਨ ਚੋਣ ਮੁੱਲਤਵੀ ਕਰਨੀ ਪਈ। ਕਾਂਗਰਸ ਧਿਰ ਦੇ ਬਹੁਗਿਣਤੀ ਪੰਚਾਂ ਦੀ ਹੋਈ ਕੁੱਟਮਾਰ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਐੱਸ.ਡੀ.ਐੱਮ. ਸ੍ਰੀ ਜੌਹਲ ਨੇ ਦੱਸਿਆ ਕਿ ਧਰਨਾਕਾਰੀਆਂ ਦਾ ਮੰਗ ਪੱਤਰ ਮਿਲਿਆ ਹੈ ਜਿਸ ਬਾਰੇ ਜਾਂਚ ਕੀਤੀ ਜਾਵੇਗੀ।

Advertisement
Advertisement