For the best experience, open
https://m.punjabitribuneonline.com
on your mobile browser.
Advertisement

ਮੇਅਰ ਦੀ ਚੋਣ: ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ

07:05 AM Jan 14, 2024 IST
ਮੇਅਰ ਦੀ ਚੋਣ  ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ, ਕੁਲਜੀਤ ਸਿੰਘ ਅਤੇ ਰਾਜਿੰਦਰ ਸ਼ਰਮਾ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 13 ਜਨਵਰੀ
ਚੰਡੀਗੜ੍ਹ ਨਗਰ ਨਿਗਮ ਦੀ 18 ਜਨਵਰੀ ਨੂੰ ਹੋਣ ਵਾਲੀ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੱਜ ਆਖ਼ੀਰ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਆਪੋ-ਆਪਣੇ ਨਾਮਜ਼ਦਗੀ ਪੱਤਰ ਭਰੇ। ਨਗਰ ਨਿਗਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਮੇਅਰ ਚੋਣਾਂ ਵਿੱਚ ਤਿੰਨ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਦੂਜੇ ਪਾਸੇ ਚੰਡੀਗੜ੍ਹ ਦੇ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਜੋੜ-ਤੋੜ ਦੀ ਰਾਜਨੀਤੀ ਆਪਣੇ ਸਿਖਰਾਂ ’ਤੇ ਹੈ। ਕੁਝ ਦਿਨ ਪਹਿਲਾਂ ‘ਆਪ’ ਦਾ ਇੱਕ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋਇਆ ਸੀ ਅਤੇ ਅੱਜ ਸ਼ਨੀਵਾਰ ਨੂੰ ਭਾਜਪਾ ਦਾ ਇੱਕ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ‘ਆਪ’ ਵਿੱਚ ਸ਼ਾਮਲ ਹੋ ਗਏ।

Advertisement

‘ਆਪ’ ਦੇ ਉਮੀਦਵਾਰ ਕੁਲਦੀਪ ਟੀਟਾ, ਨੇਹਾ ਅਤੇ ਪੂਨਮ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ। -ਫੋਟੋਆਂ: ਰਵੀ ਕੁਮਾਰ

ਕਾਂਗਰਸ ਨੇ ਮੇਅਰ ਦੇ ਅਹੁਦੇ ਲਈ ਕੌਂਸਲਰ ਜਸਬੀਰ ਸਿੰਘ ਬੰਟੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਲਈ ਗੁਰਪ੍ਰੀਤ ਸਿੰਘ ਗਾਬੀ ਅਤੇ ਡਿਪਟੀ ਮੇਅਰ ਲਈ ਨਿਰਮਲਾ ਦੇਵੀ ਨੂੰ ਚੋਣ ਅਖਾੜੇ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਪਾਰਟੀ ਦੇ ਤਿੰਨੇ ਉਮੀਦਵਾਰਾਂ ਨੇ ਅੱਜ ਆਪਣੀਆਂ ਨਾਮਜ਼ਦਗੀਆਂ ਭਰੀਆਂ। ‘ਆਪ’ ਨੇ ਤਿੰਨਾਂ ਅਹੁਦਿਆਂ ਲਈ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਉਨ੍ਹਾਂ ਕੌਂਸਲਰ ਕੁਲਦੀਪ ਟੀਟਾ ਨੂੰ ਮੇਅਰ , ਨੇਹਾ ਮੁਸਾਵਤ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਪੂਨਮ ਨੂੰ ਡਿਪਟੀ ਮੇਅਰ ਲਈ ਉਮੀਦਵਾਰ ਬਣਾਇਆ ਹੈ।
ਭਾਜਪਾ ਨੇ ਮਨੋਜ ਸੋਨਕਰ ਨੂੰ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕੁਲਜੀਤ ਸੰਧੂ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਰਾਜਿੰਦਰ ਸ਼ਰਮਾ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਭਾਜਾਪ ਦੇ ਤਿੰਨੇ ਉਮੀਦਵਾਰਾਂ ਨੇ ਪਾਰਟੀ ਆਗੂਆਂ ਤੇ ਸੀਨੀਅਰ ਵਰਕਰਾਂ ਨਾਲ ਨਗਰ ਨਿਗਮ ਦਫ਼ਤਰ ਜਾ ਕੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਸੂਬਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਇਸ ਮੌਕੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਦੱਸ ਦੇਈਏ ਕਿ ਨਗਰ ਨਿਗਮ ਦੀਆਂ ਚੋਣਾਂ ਪੰਜ ਸਾਲਾਂ ਲਈ ਹੁੰਦੀਆਂ ਹਨ। ਇਸ ਵਿੱਚ ਸ਼ਹਿਰ ਵਾਸੀ ਆਪਣੇ ਵਾਰਡਾਂ ਲਈ ਕੌਂਸਲਰ ਚੁਣਦੇ ਹਨ। ਇਸ ਤੋਂ ਬਾਅਦ ਹਰ ਸਾਲ ਨਗਰ ਕੌਂਸਲਰ ਇੱਕ ਸਾਲ ਲਈ ਸ਼ਹਿਰ ਵਿੱਚ ਮੇਅਰ ਟੀਮ ਦੀ ਚੋਣ ਕਰਦੇ ਹਨ। ਮੌਜੂਦਾ ਮੇਅਰ ਦਾ ਕਾਰਜਕਾਲ 17 ਜਨਵਰੀ ਨੂੰ ਖਤਮ ਹੋ ਰਿਹਾ ਹੈ। ਚੰਡੀਗੜ੍ਹ ਨਗਰ ਨਿਗਮ ਵਿੱਚ ਚੁਣੇ ਗਏ ਕੌਂਸਲਰਾਂ ਦੀ ਗਿਣਤੀ 35 ਹੈ। ਅੱਜ ਦੀ ਤਾਜ਼ਾ ਸਥਿਤੀ ਅਨੁਸਾਰ ਭਾਜਪਾ ਕੋਲ 14 ਕੌਂਸਲਰ ਹਨ ਅਤੇ ਸਥਾਨਕ ਸੰਸਦ ਮੈਂਬਰ ਦੀ ਇੱਕ ਵੋਟ ਨਾਲ ਭਾਜਪਾ ਕੋਲ ਕੁੱਲ 15 ਵੋਟਾਂ ਹਨ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ 13, ਕਾਂਗਰਸ ਕੋਲ 7 ਅਤੇ ਸ਼੍ਰੋਮਣੀ ਅਕਾਲੀ ਦਲ ਕੋਲ ਇੱਕ ਕੌਂਸਲਰ ਦੀ ਵੋਟ ਹੈ। 18 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਲਈ ਨਗਰ ਨਿਗਮ ਦੇ ਨਾਮਜ਼ਦ ਕੌਂਸਲਰ ਅਨਿਲ ਮਸੀਹ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਬਣਾਇਆ ਗਿਆ ਹੈ।

Advertisement

ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਬੰਟੀ, ਗੁਰਪ੍ਰੀਤ ਗੱਬੀ ਅਤੇ ਨਿਰਮਲਾ ਦੇਵੀ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ।

ਬੈਲਟ ਪੇਪਰ ਰਾਹੀਂ ਹੋਵੇਗੀ ਵੋਟਿੰਗ

ਮੇਅਰ ਚੋਣ ਦੀ ਕਾਰਵਾਈ 18 ਜਨਵਰੀ ਨੂੰ ਸਵੇਰੇ 11 ਵਜੇ ਸੈਕਟਰ-17 ਸਥਿਤ ਨਗਰ ਨਿਗਮ ਦਫ਼ਤਰ ਵਿੱਚ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਮੇਅਰ, ਫਿਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਵੋਟਿੰਗ ਹੋਵੇਗੀ। ਵੋਟਿੰਗ ਬੈਲਟ ਪੇਪਰ ਰਾਹੀਂ ਹੋਵੇਗੀ। ਇਸ ਵਾਰ ਕਾਂਗਰਸ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਜੇਕਰ ਉਹ 18 ਜਨਵਰੀ ਤੋਂ ਪਹਿਲਾਂ ਆਪਣਾ ਨਾਂ ਵਾਪਸ ਨਹੀਂ ਲੈਂਦੇ ਤਾਂ ਮੇਅਰ ਦੀ ਚੋਣ ਵਿੱਚ ਤਿਕੋਣਾ ਮੁਕਾਬਲਾ ਹੋਵੇਗਾ। ਅਜਿਹੇ ’ਚ ਮੇਅਰ ਦੀ ਚੋਣ ਲਈ ਦੋ ਵਾਰ ਵੋਟਿੰਗ ਹੋਵੇਗੀ। ਜੇਕਰ ਪਹਿਲੀ ਵਾਰ ਕੋਈ ਵੀ ਪਾਰਟੀ 19 ਦੇ ਅੰਕੜੇ ਨੂੰ ਪਾਰ ਨਹੀਂ ਸਕੀ ਤਾਂ ਸਭ ਤੋਂ ਘੱਟ ਵੋਟਾਂ ਪ੍ਰਾਪਤ ਕਰਨ ਵਾਲੀ ਪਾਰਟੀ ਮੇਅਰ ਦੀ ਚੋਣ ਦੀ ਦੌੜ ਤੋਂ ਬਾਹਰ ਹੋ ਜਾਵੇਗੀ ਅਤੇ ਮੇਅਰ ਲਈ ਬਾਕੀ ਦੋ ਪਾਰਟੀਆਂ ਲਈ ਦੁਬਾਰਾ ਵੋਟਿੰਗ ਹੋਵੇਗੀ। ਇਸ ਸਥਿਤੀ ਵਿੱਚ ਕਾਂਗਰਸ ਕਿੰਗ ਮੇਕਰ ਸਾਬਤ ਹੋ ਸਕਦੀ ਹੈ। ਕਾਂਗਰਸੀ ਕੌਂਸਲਰ ਜਿਸ ਉਮੀਦਵਾਰ ਨੂੰ ਵੋਟ ਪਾਉਣਗੇ, ਉਹ ਮੇਅਰ ਬਣੇਗਾ ਅਤੇ ਜੇਕਰ ਕਾਂਗਰਸ ਨੇ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਤਾਂ ਵੀ ਮੌਜੂਦਾ ਅੰਕੜਿਆਂ ਅਨੁਸਾਰ ਭਾਜਪਾ ਦਾ ਮੇਅਰ ਬਣੇਗਾ।

Advertisement
Author Image

Advertisement